ਕਿਸਾਨਾਂ ਦਾ ਝੋਨਾ ਵਾਹੁਣ ਖਿਲਾਫ ਡਟੇ ਭਗਵੰਤ ਮਾਨ

June 14 2018

ਸੰਗਰੂਰ: ਤੈਅ ਕੀਤੇ ਦਿਨ ਤੋਂ ਪਹਿਲਾਂ ਝੋਨਾ ਲਾਉਣ ਕਾਰਨ ਸਰਕਾਰ ਵੱਲੋਂ ਕਿਸਾਨ ਦੀ ਫਸਲ ਵਾਹੇ ਜਾਣ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਗ਼ਲਤ ਕਰਾਰ ਦਿੱਤਾ ਹੈ। ਮਾਨ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਪ੍ਰਤੀ ਨਰਮ ਰੁਖ਼ ਅਪਣਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਮਾਨ ਨੇ ਸਿਮਰਨਜੀਤ ਸਿੰਘ ਬੈਂਸ ਵਿਰੁੱਧ ਕੇਸ ਦਰਜ ਕਰਨ ‘ਤੇ ਸਰਕਾਰ ਦੀ ਆਲੋਚਨਾ ਕੀਤੀ।

ਲੋਕ ਸਭਾ ਮੈਂਬਰ ਨੇ ਇੱਥੇ ਦੱਸਿਆ ਕਿ 20 ਜੂਨ ਤੋਂ ਪਹਿਲਾਂ ਝੋਨਾ ਲਾਏ ਜਾਣ ‘ਤੇ ਕਾਰਵਾਈ ਕਰਨ ਸਬੰਧੀ ਸੰਵਿਧਾਨ ਵਿੱਚ ਨਹੀਂ ਲਿਖਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਨੇ ਬੀਤੇ ਦਿਨ ਪਏ ਮੀਂਹ ਦਾ ਲਾਹਾ ਲੈਂਦਿਆਂ ਫ਼ਸਲ ਪਾਲਣ ਲਈ ਬਿਜਲੀ ਤੇ ਪਾਣੀ ਦੀ ਖਪਤ ਘਟਾਉਣ ਲਈ ਇਹ ਕਦਮ ਚੁੱਕਿਆ ਸੀ। ਇਸ ਲਈ ਸਰਕਾਰ ਨੂੰ ਕਿਸਾਨਾਂ ਦੀ ਫਸਲ ਤਬਾਹ ਕਰਨ ਦੀ ਬਜਾਏ ਨਰਮ ਰੁਖ਼ ਅਪਨਾਉਣਾ ਚਾਹੀਦਾ ਹੈ।

ਬੇਸ਼ੱਕ ਲੋਕ ਇਨਸਾਫ਼ ਪਾਰਟੀ ਨੇ ਆਮ ਆਦਮੀ ਪਾਰਟੀ ਨਾਲੋਂ ਆਪਣਾ ਗਠਜੋੜ ਤੋੜ ਲਿਆ ਪਰ ਫਿਰ ਵੀ ਪੰਜਾਬ ‘ਆਪ’ ਦੇ ਲੀਡਰ ਆਪਣੇ ਪੁਰਾਣੇ ਸਾਥੀ ਸਿਮਰਜੀਤ ਸਿੰਘ ਬੈਂਸ ਵਿਰੁੱਧ ਕੇਸ ਦਰਜ ਹੋਣ ‘ਤੇ ਭਗਵੰਤ ਮਾਨ ਨੇ ਸਰਕਾਰ ਦੀ ਨੁਕਤਾਚੀਨੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੱਚ ਬੋਲਣ ਵਾਲਿਆਂ ਦੀ ਆਵਾਜ਼ ਦਬਾਉਣ ਲਈ ਹਮੇਸ਼ਾ ਹੀ ਉਨ੍ਹਾਂ ਉੱਪਰ ਹੀ ਮਾਮਲਾ ਦਰਜ ਕਰ ਦਿੰਦੀ ਹੈ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਸਰਕਾਰ ਨੂੰ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

Source: ABP Sanjha