ਕਿਸਾਨਾਂ ਤੋਂ ਝੋਨੇ ਦੀ ਖਰੀਦ ਬਦਲੇ ਗੁੰਡਾ ਟੈਕਸ ਵਸੂਲਣ ਦਾ ਮਾਮਲਾ ਆਇਆ ਸਾਹਮਣੇ

November 14 2018

ਫਰੀਦਕੋਟ (ਜਗਤਾਰ) - ਫਰੀਦਕੋਟ ਜ਼ਿਲੇ ਚ ਕਿਸਾਨਾਂ ਤੋਂ ਝੋਨੇ ਦੀ ਖਰੀਦ ਬਦਲੇ ਗੁੰਡਾ ਟੈਕਸ ਵਸੂਲਣ ਦਾ ਹੈਰਾਨੀ ਜਨਕ ਮਾਮਲਾ ਸਾਹਮਣੇ ਆਇਆ ਹੈ। ਕਿਸਾਨਾਂ ਨੇ ਦੋਸ਼ ਲਗਾਏ ਹਨ ਕਿ ਸ਼ੈਲਰ ਮਾਲਕ ਅਤੇ ਖਰੀਦ ਏਜੰਸੀਆਂ ਦੇ ਇੰਸਪੈਕਟਰ ਉਨ੍ਹਾਂ ਪਾਸੋਂ ਝੋਨੇ ਦੀ ਖਰੀਦ ਬਦਲੇ 100 ਗੱਟੇ ਪਿੱਛੇ 4 ਤੋਂ 5 ਗੱਟੇ ਗੁੰਡਾ ਟੈਕਸ ਵਜੋਂ ਵਸੂਲ ਕਰ ਰਹੇ ਹਨ। ਕਿਸਾਨਾਂ ਨੇ ਝੋਨੇ ਦੀ ਖਰੀਦ ਕੀਤੇ ਜਾਣ ਦੇ ਨਾਲ-ਨਾਲ ਗੁੰਡਾ ਟੈਕਸ ਵਸੂਲਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਅਜਿਹੀ ਹੀ ਤਾਜ਼ਾ ਮਿਸਾਲ ਫਰੀਦਕੋਟ ਜ਼ਿਲੇ ਦੇ ਪਿੰਡ ਬਹਿਬਲ ਖੁਰਦ ਚ ਵੇਖਣ ਨੂੰ ਮਿਲੀ, ਜਿੱਥੇ ਸਰਕਾਰੀ ਖਰੀਦ ਕੇਂਦਰ ਤੇ ਝੋਨਾ ਵੇਚਣ ਆਏ ਕਿਸਾਨਾਂ ਨੇ ਦੋਸ਼ ਲਾਇਆ ਕਿ ਉਹ ਪਿਛਲੇ ਕਰੀਬ 15-15 ਦਿਨਾਂ ਤੋਂ ਮੰਡੀ ਚ ਆਪਣਾ ਝੋਨਾ ਵੇਚਣ ਆਏ ਹੋਏ ਹਨ ਪਰ ਉਨ੍ਹਾਂ ਦਾ ਝੋਨਾ ਇਹ ਕਹਿ ਕੇ ਨਹੀਂ ਖਰੀਦਿਆ ਜਾ ਰਿਹਾ ਕਿ ਇਸ ਚ ਨਮੀਂ ਦੀ ਮਾਤਰਾ ਜ਼ਿਆਦਾ ਹੈ। ਕਿਸਾਨਾਂ ਨੇ ਕਿਹਾ ਕਿ ਉਹ ਸੁੱਕਾ ਝੋਨਾ ਲੈ ਕੇ ਆਏ ਹੋਏ ਹਨ। ਸਰਕਾਰੀ ਖਰੀਦ ਏਜੰਸੀਆਂ ਦੇ ਇੰਸਪੈਕਟਰ ਅਤੇ ਸ਼ੈਲਰ ਮਾਲਕ ਕਿਸਾਨਾਂ ਤੋਂ ਝੋਨੇ ਦੀ ਖਰੀਦ ਦੇ ਬਦਲੇ 100 ਗੱਟੇ ਪਿੱਛੇ 4 ਤੋਂ 5 ਗੱਟੇ ਗੁੰਡਾ ਟੈਕਸ ਦੀ ਮੰਗ ਰਹੇ ਹਨ। ਉਨ੍ਹਾਂ ਪ੍ਰੇਸ਼ਾਨ ਹੋ ਕੇ ਕਿਹਾ ਕਿ ਉਹ ਢਾਈ-ਢਾਈ ਏਕੜ ਜ਼ਮੀਨ ਵਾਲੇ ਛੋਟੇ ਕਿਸਾਨ ਹਨ, ਜੇਕਰ ਉਨ੍ਹਾਂ ਨੂੰ 5 ਗੱਟੇ ਸ਼ੈਲਰ ਮਾਲਕ ਅਤੇ ਇੰਸਪੈਕਟਰ ਨੂੰ ਦੇਣੇ ਪਏ ਤਾਂ ਉਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਬਚੇਗਾ। ਇਸ ਮਾਮਲੇ ਦੇ ਬਾਰੇ ਜਦ ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਫਰੀਦਕੋਟ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾ ਦਾ ਕੋਈ ਗੁੰਡਾ ਟੈਕਸ ਨਹੀਂ ਵਸੂਲਿਆ ਜਾ ਰਿਹਾ। ਜੇਕਰ ਕੁਝ ਅਜਿਹਾ ਹੁੰਦਾ ਹੈ ਜਾਂ ਹੋਇਆ ਹੈ ਤਾਂ ਉਹ ਇਸ ਦੀ ਜਾਂਚ ਕਰਨਗੇ ਅਤੇ ਗੁੰਡਾ ਟੈਕਸ ਵਸੂਲਣ ਵਾਲਿਆਂ ਖਿਲਾਫ ਕਾਰਵਾਈ ਵੀ ਕਰਨਗੇ।

Source: Jagbani