ਕਿਸਾਨਾਂ 'ਤੇ ਨਵੀਂ ਮਾਰ, ਘਟੇਗਾ ਕਣਕ ਤੇ ਝੋਨੇ ਦਾ ਝਾੜ

July 26 2018

ਚੰਡੀਗੜ੍ਹ: ਲਗਾਤਾਰ ਹੋ ਰਿਹਾ ਮੌਸਮੀ ਬਦਲਾਅ ਕਿਸਾਨਾਂ ਲਈ ਹਾਨੀਕਾਰਕ ਸਾਬਤ ਹੋ ਰਿਹਾ ਹੈ। ਇਸ ਨਾਲ ਇੱਕ ਪਾਸੇ ਫਸਲਾਂ ਉੱਪਰ ਲਾਗਤ ਵਧ ਰਹੀ ਹੈ ਤੇ ਦੂਜੇ ਪਾਸੇ ਝਾੜ ਵੀ ਘਟ ਰਿਹਾ ਹੈ। ਇਹ ਖੁਲਾਸਾ ਕੇਂਦਰ ਸਰਕਾਰ ਵੱਲੋਂ ਕਰਵਾਏ ਤਾਜ਼ਾ ਅਧਿਐਨ ਵਿੱਚ ਹੋਇਆ ਹੈ।

ਸਰਕਾਰ ਵੱਲੋਂ ਕਰਵਾਏ ਅਧਿਐਨ ਵਿੱਚ ਖੁਲਾਸਾ ਹੋਇਆ ਹੈ ਕਿ ਮੌਸਮੀ ਬਦਲਾਅ ਕਾਰਨ ਮੱਕੀ, ਕਣਕ ਤੇ ਝੋਨੇ ਦੀ ਪੈਦਾਵਾਰ ਘਟੇਗੀ। ਇਹ ਜਾਣਕਾਰੀ ਸੋਮਵਾਰ ਨੂੰ ਲੋਕ ਸਭਾ ਵਿੱਚ ਦਿੱਤੀ ਗਈ। ਵਾਤਾਵਰਨ, ਜੰਗਲਾਤ ਤੇ ਮੌਸਮੀ ਬਦਲਾਅ ਬਾਰੇ ਵਿਭਾਗ ਦੇ ਮੰਤਰੀ ਹਰਸ਼ ਵਰਧਨ ਨੇ ਪ੍ਰਸ਼ਨ ਕਾਲ ਦੌਰਾਨ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅਧਿਐਨ ਵਿੱਚ ਮੌਸਮੀ ਬਦਲਾਅ ਦਾ ਅਰਥਚਾਰੇ ਦੇ ਚਾਰ ਖੇਤਰਾਂ-ਖੇਤੀਬਾੜੀ, ਪਾਣੀ, ਕੁਦਰਤੀ ਹਾਲਾਤ ਤੇ ਵਿਭਿੰਨਤਾ ਤੇ ਸਿਹਤ ’ਤੇ ਅਸਰ ਪੈਣ ਦਾ ਖੁਲਾਸਾ ਹੋਇਆ ਹੈ।

ਯਾਦ ਰਹੇ ਦੇਸ਼ ਦੇ ਜ਼ਿਆਦਾਤਰ ਹਿੱਸੇ ਵਿੱਚ ਫਸਲਾਂ ਕੁਦਰਤ ਤੇ ਹੀ ਨਿਰਭਰ ਹਨ। ਇਸ ਲਈ ਜ਼ਿਆਦਾ ਬਾਰਸ਼ ਜਾਂ ਗਰਮੀ ਖੇਤੀਬਾੜੀ ਨੂੰ ਪ੍ਰਭਾਵਿਤ ਕਰਦੀ ਹੈ। ਮੌਸਮੀ ਬਦਲਾਅ ਨਾਲ ਫਸਲਾਂ ਦਾ ਉਤਪਾਦਨ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ।

Source: ABP Sanjha