ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਖੇਤੀ ਅਤੇ ਸਹਾਇਕ ਧੰਦਿਆਂ ਬਾਰੇ ਸਿਖਲਾਈ ਮੁਹੱਈਆ

November 02 2017

ਲੁਧਿਆਣਾ 2 ਨਵੰਬਰ ਅੱਜ ਪੀਏਯੂ ਦੇ ਕਿਸਾਨ ਕਲੱਬ ਦੇ ਮਹੀਨੇਵਾਰ ਸਿਖਲਾਈ ਕੈਂਪ ਵਿੱਚ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਬੀਜ ਦੀ ਸੋਧ ਅਤੇ ਹਾੜੀ ਦੀਆਂ ਫ਼ਸਲਾਂ ਵਿੱਚ ਕੀੜੇ-ਮਕੌੜਿਆਂ ਦੇ ਪ੍ਰਬੰਧ ਦੀ ਜਾਣਕਾਰੀ ਪ੍ਰਦਾਨ ਕੀਤੀ । ਇਸ ਤੋਂ ਇਲਾਵਾ ਹਾੜ•ੀ ਦੀਆਂ ਫ਼ਸਲਾਂ ਵਿੱਚ ਨਦੀਨ ਪ੍ਰਬੰਧ, ਫ਼ਸਲਾਂ ਵਿੱਚ ਬਾਇਓਫਰਟੀਲਾਈਜ਼ਰ ਦੀ ਵਰਤੋਂ ਅਤੇ ਲੋ-ਟਨਲ ਵਿੱਚ ਸਬਜ਼ੀਆਂ ਦੀ ਕਾਸ਼ਤ ਬਾਰੇ ਵੀ ਚਰਚਾ ਕੀਤੀ ਗਈ । ਇਸ ਦੇ ਨਾਲ-ਨਾਲ ਕਿਸਾਨ ਬੀਬੀਆਂ ਨੂੰ ਝੋਨੇ ਦੀ ਪਰਾਲੀ ਦੀ ਵਰਤੋਂ ਅਤੇ ਉਸ ਤੋਂ ਬਣਨ ਵਾਲੀਆਂ ਸਜਾਵਟੀ ਵਸਤਾਂ ਬਾਰੇ, ਸਰਦੀਆਂ ਵਿੱਚ ਲੱਗਣ ਵਾਲੇ ਫੁੱਲਾਂ ਖਾਸ ਕਰਕੇ ਗਲੈਡੀਲਸ ਬਾਰੇ ਜਾਣਕਾਰੀ ਦਿੱਤੀ ਗਈ । ਇਸ ਕੈਂਪ ਵਿੱਚ 378 ਕਿਸਾਨਾਂ ਅਤੇ 60 ਪੇਂਡੂ ਕਿਸਾਨ ਬੀਬੀਆਂ ਨੇ ਭਾਗ ਲਿਆ । 

ਡਾ. ਠਾਕੁਰ ਸਿੰਘ ਮੁਖੀ ਫ਼ਸਲ ਵਿਗਿਆਨ ਵਿਭਾਗ; ਡਾ. ਨਵੀਨ ਅਗਰਵਾਲ ਕੀਟ ਵਿਗਿਆਨੀ; ਡਾ. ਕੁਲਵੀਰ ਸਿੰਘ ਸਬਜ਼ੀ ਵਿਗਿਆਨੀ; ਡਾ. ਕੇ ਕੇ ਢੱਟ ਫੁੱਲਾਂ ਦੇ ਮਾਹਿਰ; ਡਾ. ਨਰਿੰਦਰਜੀਤ ਕੌਰ ਪ੍ਰੋਫੈਸਰ ਫਾਰਮ ਰਿਸੋਰਸ ਮੈਨੇਜਮੈਂਟ; ਮਿਸ. ਨਿਸ਼ੀ ਫਾਈਨ ਆਰਟਸ ਮਾਹਿਰ ਅਤੇ ਡਾ. ਐਸ ਕੇ ਸਿਆਗ ਨੇ ਆਪੋ-ਆਪਣੇ ਵਿਸ਼ਿਆਂ ਉਪਰ ਭਾਸ਼ਣ ਦਿੱਤੇ । 

ਡਾ. ਟੀ ਐਸ ਰਿਆੜ ਪ੍ਰੋਗਰਾਮ ਸੰਚਾਲਕ ਨੇ ਸਹਿਕਾਰੀ ਖੇਤੀ ਨੂੰ ਅਪਨਾਉਣ ਦੀ ਅਪੀਲ ਕਰਦਿਆਂ ਕਿਸਾਨ ਵੀਰਾਂ ਨੂੰ ਕਿਹਾ ਕਿ ਉਹ ਪੀਏਯੂ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਦੂਜੇ ਕਿਸਾਨਾਂ ਤੱਕ ਵੀ ਪਹੁੰਚਾਉਣ ਤਾਂ ਕਿ ਸਾਰੇ ਕਿਸਾਨ ਵੀਰ ਆਰਥਿਕ ਪੱਧਰ ਤੇ ਖੁਸ਼ਹਾਲ ਹੋ ਸਕਣ । 

ਡਾ. ਬਲਦੇਵ ਸਿੰਘ, ਚੀਫ ਖੇਤੀਬਾੜੀ ਅਫ਼ਸਰ ਲੁਧਿਆਣਾ ਨੇ ਖੇਤੀ ਵਿਕਾਸ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ ।

ਡਾ. ਰੁਪਿੰਦਰ ਕੌਰ ਕਿਸਾਨ ਬੀਬੀਆਂ ਦੇ ਕਲੱਬ ਦੀ ਸੰਚਾਲਕਾ ਨੇ ਦੱਸਿਆ ਕਿ ਕਈ ਬੀਬੀਆਂ ਨੇ ਪੀਏਯੂ ਤੋਂ ਟ੍ਰੇਨਿੰਗ ਲੈ ਕੇ ਪਿੰਡਾਂ ਵਿੱਚ ਆਪਣੇ ਪੱਧਰ ਤੇ ਕੰਮ ਸ਼ੁਰੂ ਕੀਤੇ ਹੋਏ ਹਨ ਜਿਸ ਨਾਲ ਕਿ ਉਹ ਆਪਣੇ ਪਰਿਵਾਰਾਂ ਨੂੰ ਆਰਥਿਕ ਪੱਧਰ ਤੇ ਸਹਾਇਤਾ ਕਰਦੀਆਂ ਹਨ । 

ਸੰਤੋਖ ਸਿੰਘ ਔਜਲਾ ਇੱਕ ਅਗਾਂਹਵਧੂ ਕਿਸਾਨ ਨੇ ਨੈਟ ਹਾਊਸ ਵਿੱਚ ਸਬਜ਼ੀਆਂ ਦੀ ਕਾਸ਼ਤ ਸੰਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ । 

ਸ੍ਰੀ ਰਵਿੰਦਰ ਭਲੂਰੀਆ ਨੇ ਆਏ ਹੋਏ ਲੋਕਾਂ ਅਤੇ ਕਲੱਬ ਦੇ ਮੈਂਬਰਾਂ ਦਾ ਸਵਾਗਤ ਕੀਤਾ ਜਦਕਿ ਕਲੱਬ ਦੇ ਪ੍ਰਧਾਨ ਸ੍ਰੀ ਮਨਪ੍ਰੀਤ ਸਿੰਘ ਗਰੇਵਾਲ ਨੇ ਧੰਨਵਾਦ ਦੇ ਸ਼ਬਦ ਕਹੇ ।