ਕਿਸਾਨ ਕਰਜ਼ਾ ਰਾਹਤ ਟੀਮ ਦੇ ਮਾਹਿਰਾਂ ਨੇ ਪੀਏਯੂ ਵਿਖੇ ਕੀਤੀ ਸੰਬੰਧਤ ਖੇਤੀ ਮੁੱਦਿਆਂ ਉਪਰ ਚਰਚਾ

August 01 2017

ਲੁਧਿਆਣਾ 1 ਅਗਸਤ -ਪੰਜਾਬ ਦੇ ਕਿਸਾਨਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਵਿੱਚ ਡਾ. ਟੀ ਹੱਕ, ਮੁੱਖੀ ਅਤੇ ਪੰਜਾਬ ਕਿਸਾਨ ਕਰਜਾ ਰਾਹਤ ਗੁਰੱਪ ਦੇ ਮਾਹਰ ਅੱਜ ਪੀਏਯੂ ਪਹੁੰਚੇ ਅਤੇ ਕਿਸਾਨਾਂ ਨਾਲ ਮੁੱਦੇ ਸਾਂਝੇ ਕੀਤੇ । ਡਾ. ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ, ਪੀਏਯੂ ਅਤੇ ਕਿਸਾਨ ਕਰਜ਼ਾ ਮਾਫੀ ਟੀਮ ਦੇ ਮੈਂਬਰ ਨੇ ਵੀ ਪੀਏਯੂ ਕਿਸਾਨ ਕਲੱਬ ਦੇ ਮੈਂਬਰਾਂ ਅਤੇ ਹੋਰ ਕਿਸਾਨਾਂ ਨਾਲ ਗੱਲਬਾਤ ਕੀਤੀ । ਇਸ ਵਿੱਚ ਕਲੱਬ ਦੇ 30 ਤੋਂ ਜ਼ਿਆਦਾ ਮੈਂਬਰਾਂ ਨੇ ਆਪਣੇ ਤਜ਼ਰਬੇ ਅਤੇ ਅਹਿਸਾਸ ਸਾਂਝੇ ਕੀਤੇ ਅਤੇ ਮਾਹਿਰਾਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਦੱਸਿਆ।

ਮੈਂਬਰਾਂ ਨੇ ਕਿਹਾ ਕਿ ਵੱਧ ਰਹੀਆਂ ਖੁਦਕੁਸ਼ੀਆਂ ਬਾਰੇ ਆਪਣੇ ਵਿਚਾਰ ਦਰਸਾਏ ਅਤੇ ਕਿਹਾ ਕਿ ਬਹੁਤ ਸਾਰੇ ਕਿਸਾਨ ਕਰਜ਼ੇ ਹੇਠਾਂ ਦੱਬੇ ਹੋਏ ਹਨ । ਇੱਕ ਕਿਸਾਨ ਨੇ ਕਿਹਾ, 'ਇਹ ਪੜਤਾਲਣ ਦੀ ਲੋੜ ਹੈ ਕਿ ਪੰਜਾਬ ਦਾ ਕਿਸਾਨ ਕਰਜ਼ਾਈ ਕਿਉਂ ਹੈ ? ਜੇਕਰ ਇੱਕ ਵਾਰ ਕਰਜ਼ਾ ਮਾਫ਼ ਹੋ ਗਿਆ ਤਾਂ ਕੀ ਅਗਲੇ ਸਾਲ ਫਿਰ ਉਹੀ ਕਹਾਣੀ ਨਹੀਂ ਦੁਹਰਾਈ ਜਾਵੇਗੀ ?' ਮੈਂਬਰਾਂ ਨੇ ਇਹ ਮਤ ਦਿੱਤਾ ਕਿ ਕਰਜ਼ਾ ਮਾਫੀ ਕੁਝ ਹੱਦ ਤੱਕ ਰਾਹਤ ਦੇ ਸਕਦੀ ਹੈ ਪਰ ਇਹ ਕੋਈ ਸਦੀਵੀ ਹੱਲ ਨਹੀਂ । ਕਿਸਾਨਾਂ ਦੀ ਖੁਦਕੁਸ਼ੀ ਵੀ ਕਿਸੇ ਮੁਸ਼ਕਿਲ ਦਾ ਸਹੀ ਹੱਲ ਨਹੀਂ ਹੈ । ਸਾਰੇ ਮੈਂਬਰਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਸ ਮੁਸ਼ਕਿਲ ਨੂੰ ਹੱਲ ਕਰਨ ਲਈ ਮਹੱਤਵਪੂਰਨ ਮਾਪਦੰਡ ਹੋਣੇ ਚਾਹੀਦੇ ਹਨ ਅਤੇ ਕਿਸਾਨਾਂ ਨੂੰ ਇਹ ਭਰੋਸਾ ਦਿਵਾਇਆ ਜਾਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਕੋਈ ਮੁਸੀਬਤ ਨਹੀਂ ਆਵੇਗੀ।

ਮੈਂਬਰਾਂ ਨੇ ਖੇਤੀ ਨੀਤੀਆਂ ਉਪਰ ਵੀ ਚਰਚਾ ਕੀਤੀ ਅਤੇ ਸਲਾਹ ਦਿੱਤੀ ਕਿ ਜੈਵਿਕ-ਖਾਦਾਂ ਦੀ ਵਰਤੋਂ, ਨਾੜ ਨਾ ਸਾੜਨਾ, ਧਰਤੀ ਅਤੇ ਭੂਮੀ ਦੀ ਸਿਹਤ ਨੂੰ ਬਰਕਰਾਰ ਰੱਖਣਾ ਅਤੇ ਕਿਸਾਨਾਂ ਦੇ ਗਰੁੱਪ ਬਨਾਉਣ ਵੱਲ ਤਵੱਜੋ ਦਿੱਤੀ ਜਾਵੇ ਤਾਂ ਕਿ ਜ਼ਰੂਰੀ ਮੁੱਦਿਆਂ ਅਤੇ ਖੇਤੀ ਨਵੀਨਤਾ ਵੱਲ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਸਕੇ।

ਡਾ. ਹੱਕ ਨੇ ਕਿਹਾ ਕਿ ਵਰਤਮਾਨ ਸਮੇਂ ਵਿੱਚ ਕਿਸਾਨ ਖੁਦਕੁਸ਼ੀਆਂ ਦੇ ਕਾਰਨਾਂ ਨੂੰ ਪੜਤਾਲਣ ਅਤੇ ਲੇਖਾ-ਜੋਖਾ ਕਰਨ ਦੀ ਲੋੜ ਹੈ।

ਮੀਟਿੰਗ ਵਿੱਚ ਹੋ ਰਹੀ ਚਰਚਾ ਵਿੱਚ ਡਾ. ਬੀ ਐਸ ਸਿੱਧੂ, ਖੇਤੀਬਾੜੀ ਕਮਿਸ਼ਨਰ ਪੰਜਾਬ, ਡਾ. ਜੇ ਐਸ ਬੈਂਸ, ਨਿਰਦੇਸ਼ਕ ਖੇਤੀਬਾੜੀ ਪੰਜਾਬ, ਡਾ. ਰਾਜਿੰਦਰ ਸਿੰਘ ਸਿੱਧੂ, ਰਜਿਸਟਰਾਰ, ਪੀਏਯੂ, ਡਾ. ਨਵਤੇਜ ਬੈਂਸ, ਨਿਰਦੇਸ਼ਕ ਖੋਜ ਪੀਏਯੂ ਅਤੇ ਡਾ. ਅਸ਼ੋਕ ਕੁਮਾਰ, ਨਿਰਦੇਸ਼ਕ ਪਸਾਰ ਸਿੱਖਿਆ ਪੀਏਯੂ ਵੀ ਸ਼ਾਮਲ ਸਨ