ਕਿਸਾਨ ਕਰਨਗੇ ਦੇਸ਼ ਜਾਮ, 110 ਜਥੇਬੰਦੀਆਂ ਦਾ ਮੋਦੀ ਸਰਕਾਰ ਖਿਲਾਫ ਵੱਡਾ ਐਲਾਨ

May 03 2018

ਚੰਡੀਗੜ੍ਹ /ਨਵੀਂ ਦਿੱਲੀ: ਦੇਸ਼ ਭਰ ਦੇ ਕਿਸਾਨ ਮੋਦੀ ਸਰਕਾਰ ‘ਤੇ ਹੱਲਾ ਬੋਲਣਗੇ। ਦੇਸ਼ ਦੀਆਂ 110 ਕਿਸਾਨ ਜਥੇਬੰਦੀਆਂ ਦੀ ਸਾਂਝੀ ਸੰਸਥਾ ‘ਰਾਸ਼ਟਰੀ ਕਿਸਾਨ ਮਹਾਂਸੰਘ’ ਨੇ ਐਲਾਨ ਕੀਤਾ ਹੈ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਇੱਕ ਤੋਂ ਲੈ ਕੇ 10 ਜੂਨ ਤੱਕ ਖੇਤੀ ਉਤਪਾਦ ਸਬਜ਼ੀਆਂ, ਜਿਣਸਾਂ ਤੇ ਦੁੱਧ ਦੀ ਸਾਰੇ ਦੇਸ਼ ਦੇ ਸ਼ਹਿਰਾਂ ਨੂੰ ਸਪਲਾਈ ਠੱਪ ਕਰਨਗੇ। ਇਸ ਦੇ ਨਾਲ ਹੀ ਜਥੇਬੰਦੀ ਦੇ ਆਗੂਆਂ ਨੇ 10 ਜੂਨ ਨੂੰ 2 ਵਜੇ ਤੱਕ ‘ਭਾਰਤ ਬੰਦ’ ਰੱਖਣ ਦਾ ਵੀ ਐਲਾਨ ਕੀਤਾ ਹੈ।

ਇਨ੍ਹਾਂ ਜਥੇਬੰਦੀਆਂ ਦੀ ਹਮਾਇਤ ਸਾਬਕਾ ਵਿੱਤ ਮੰਤਰੀ ਤੇ ਪਿਛਲੇ ਦਿਨੀਂ ਭਾਜਪਾ ਨੂੰ ਅਲਵਿਦਾ ਆਖਣ ਵਾਲੇ ਆਗੂ ਯਸ਼ਵੰਤ ਸਿਨ੍ਹਾ ਨੇ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਇੱਕ ਜੂਨ ਤੋਂ 10 ਜੂਨ ਤੱਕ ਦੇਸ਼ ਭਰ ਵਿੱਚ ਪਿੰਡਾਂ ਤੋਂ ਸ਼ਹਿਰਾਂ ਲਈ ਫ਼ਸਲਾਂ, ਸਬਜ਼ੀਆਂ ਤੇ ਦੁੱਧ ਭੇਜਣਾ ਬੰਦ ਕਰ ਦੇਣਗੇ ਤੇ 6 ਜੂਨ ਨੂੰ ‘ਨਾ-ਮਿਲਵਰਤਣ ਦਿਵਸ’ ਮਨਾਇਆ ਜਾਵੇਗਾ। ਸਿਨ੍ਹਾ ਨੇ ਖੱਬੀਆਂ ਧਿਰਾਂ ਵੱਲੋਂ ਮਹਾਰਾਸ਼ਟਰ ਲਈ ਕੱਢੇ ਗਏ ਲੰਬੇ ਮਾਰਚ ਲਈ ਵਧਾਈ ਦਿੱਤੀ, ਪਰ ਨਾਲ ਹੀ ਸਰਕਾਰ ਵੱਲੋਂ ਕਿਸਾਨਾਂ ਨਾਲ ਝੂਠੇ ਵਾਅਦੇ ਕਰਨ ਦੀ ਆਲੋਚਨਾ ਕੀਤੀ।

ਉਨ੍ਹਾਂ ਪ੍ਰਧਾਨ ਮੰਤਰੀ ’ਤੇ ਹੱਲਾ ਬੋਲਦਿਆਂ ਕਿਹਾ ਕਿ ਮੋਦੀ ਦੇ ਨਾਅਰੇ ਤੇ ਵਾਅਦੇ ਮਹਿਜ਼ ਸਵਾਂਗ ਹਨ ਤੇ ਸਰਕਾਰ ਕਿਸਾਨਾਂ ਦੀ ਮਦਦ ਕਰਨ ਲਈ ਕੁਝ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਚੋਣ ਮਨੋਰਥ ਪੱਤਰ ਵਿੱਚ ਲਿਖੇ ਵਾਅਦੇ ਪੂਰੇ ਨਹੀਂ ਕੀਤੇ ਤੇ ਮੋਦੀ ਜਿਹੜੇ ਵੀ ਵਾਅਦੇ ਕਰਦੇ ਹਨ, ਉਹ ਸਭ ਤੋਂ ਵੱਡਾ ਸਵਾਂਗ ਹੈ। ਉਨ੍ਹਾਂ ਕਿਸਾਨ ਜਥਬੰਦੀਆਂ ਵੱਲੋਂ ਦੇਸ਼ ਦੇ ਵਪਾਰੀਆਂ ਨੂੰ ਵੀ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਜਿਣਸਾਂ ਦੇ ਘੱਟੋ-ਘੱਟ ਭਾਅ ਲਾਗਤ ਕੀਮਤ ਤੋਂ 50 ਫੀਸਦੀ ਵੱਧ ਦੇਣ ਦੀ ਮੰਗ ਵੀ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਅਜੇ ਵੀ ਸਹੀ ਭਾਅ ਨਹੀਂ ਮਿਲ ਰਹੇ। ਉਨ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਸਿਰ ਚੜ੍ਹੇ ਸਾਰੇ ਕਰਜ਼ੇ ਉਪਰ ਲੀਕ ਮਾਰਨ ਦੀ ਮੰਗ ਵੀ ਕੀਤੀ।

ਮੱਧ ਪ੍ਰਦੇਸ਼ ਦੇ ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਕੇਂਦਰ ਸਰਕਾਰ ਜ਼ਮੀਨ ਦੀ ਲਾਗਤ ਸਮੇਤ ਘੱਟੋ-ਘੱਟ ਸਮਰਥਨ ਮੁੱਲ ਕਿਸਾਨਾਂ ਦੀ ਕੁੱਲ ਲਾਗਤ ਕੀਮਤ ਤੋਂ ਡੇਢ ਗੁਣਾ ਵਧਾ ਕੇ ਦੇਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਬਜਟ ’ਚ ਇਸ ਦਾ ਐਲਾਨ ਕੀਤਾ ਸੀ, ਪਰ ਉਸ ਵਿੱਚ ਕੋਈ ਖੂਬੀ ਨਹੀਂ ਸੀ ਤੇ ਕਿਸਾਨਾਂ ਲਈ ਮਦਦਗਾਰ ਸਾਬਤ ਨਹੀਂ ਹੋਈ।

ਜਥੇਬੰਦੀ ਵੱਲੋਂ ਕਿਹਾ ਗਿਆ ਹੈ ਕਿ ਜਿਣਸਾਂ ਦੀ ਲਾਗਤ ਕੀਮਤ ‘ਸੀ2’ ਤਹਿਤ ਹੋਵੇ ਨਾ ਕਿ ‘ਏ2+ਐਫਐਲ’ ਤਹਿਤ ਕਿਉਂਕਿ ‘ਏ2’ ਵਿੱਚ ਨਕਦ, ਕਿਸਮਾਂ, ਬੀਜਾਂ, ਖਾਦਾਂ, ਰਸਾਇਣਾਂ, ਕਿਰਤ, ਬਾਲਣ ਤੇ ਸਿੰਜਾਈ ਦੇ ਖਰਚੇ ਸ਼ਾਮਲ ਹਨ, ਜਦੋਂ ਕਿ ‘ਏ2+ਐਫਐਲ’ ਤਹਿਤ ਅਸਲ ਖਰਚਿਆਂ ਤੋਂ ਇਲਾਵਾ ਅਦਾਇਗੀ ਯੋਗ ਪਰਿਵਾਰਕ ਕਿਰਤ ਦਾ ਮੁੱਲ ਵੀ ਸ਼ਾਮਲ ਹੈ। ਉਨ੍ਹਾਂ ਮੁਤਾਬਕ ‘ਏ2+ਐਫਐਲ’ ਤੋਂ ਅੱਗੇ ‘ਸੀ-2’ ਤਹਿਤ ਕਿਰਾਏ, ਵਿਆਜ ਦੇ ਖਰਚਿਆਂ, ਮਾਲਕੀ ਵਾਲੀ ਜ਼ਮੀਨ ਤੇ ਜਮ੍ਹਾਂ ਪੂੰਜੀ ਦੇ ਅਸਾਸੇ ਵੀ ਸ਼ਾਮਲ ਹੁੰਦੇ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: ABP Sanjha