ਕਰਜ਼ੇ ਦਾ ਗੇੜ: ਕਿਸਾਨਾਂ ਨੂੰ ਨੋਟਿਸ ਜਾਰੀ ਨਾ ਕਰਨ ਦੀ ਅਪੀਲ

July 22 2017

By: Punjabi tribune, July 22, 2017

ਪੰਜਾਬ ਸਰਕਾਰ ਨੇ ਕੌਮੀਕ੍ਰਿਤ ਬੈਂਕਾਂ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਕਿਸਾਨਾਂ ਤੋਂ ਫ਼ਸਲੀ ਕਰਜ਼ੇ ਦੀ ਵਸੂਲੀ ਲਈ ਨੋਟਿਸ ਜਾਰੀ ਨਾ ਕਰਨ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਕੀਤਾ ਹੈ। ਇਸ ਸਬੰਧੀ ਸਰਕਾਰ ਛੇਤੀ ਹੀ ਕਦਮ ਚੁੱਕਣ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਵੱਲੋਂ ਕਰਜ਼ਾ ਮੁਆਫ਼ੀ ਦੇ ਐਲਾਨ ਤੋਂ ਬਾਅਦ ਕਿਸਾਨਾਂ ਨੇ ਕਰਜ਼ੇ ਦੀਆਂ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ ਸਨ। ਇਸ ਕਰ ਕੇ ਬੈਂਕਾਂ ਦੀ ਉਗਰਾਹੀ ਦਾ ਪ੍ਰਬੰਧ ‘ਡਾਵਾਂਡੋਲ’ ਹੋ ਗਿਆ ਹੈ। ਸੂਬੇ ਦੇ ਕੌਮੀਕ੍ਰਿਤ ਬੈਂਕਾਂ ਨੇ ਪਿਛਲੇ ਕੁਝ ਦਿਨਾਂ ਤੋਂ ਕਰਜ਼ੇ ਦੀ ਉਗਰਾਹੀ ਲਈ ਕਦਮ ਚੁੱਕਣੇ ਵੀ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਬੈਂਕਾਂ ਨੇ ਸੂਬੇ ਦੇ 31 ਲੱਖ ਕਿਸਾਨਾਂ ਨੂੰ 85,360.86 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਹੋਏ ਹਨ। ਇਸ ਵਿੱਚ ਫ਼ਸਲੀ ਕਰਜ਼ਾ 36,600 ਕਰੋੜ ਰੁਪਏ ਦਾ ਹੈ।

ਇਸ ਸਬੰਧੀ ਬੈਂਕਾਂ ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵਿਚਾਲੇ ਮੀਟਿੰਗ ਹੋਈ, ਜਿਸ ਵਿੱਚ ਬੈਂਕ ਅਧਿਕਾਰੀਆਂ ਨੇ ਸ਼ਿਕਾਇਤ ਕੀਤੀ ਕਿ ਬੈਂਕਾਂ ਦੀ ਉਗਰਾਹੀ ਦਾ ਮੰਦਾ ਹਾਲ ਹੈ। ਜਿਸ ਤਰ੍ਹਾਂ ਦੀ ਸਥਿਤੀ ਚੱਲ ਰਹੀ ਹੈ, ਉਸ ਮੁਤਾਬਕ ਤਾਂ ਇਹ ਪੈਸੇ ਵੱਟੇ ਖਾਤੇ ਪਾਉਣੇ ਪੈ ਸਕਦੇ ਹਨ। ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰ ਫ਼ਸਲੀ ਕਰਜ਼ੇ ਦੀ 60 ਫ਼ੀਸਦ ਉਗਰਾਹੀ ਨਹੀਂ ਹੋਈ। ਪਿਛਲੇ ਵਿੱਤੀ ਸਾਲ ਦੌਰਾਨ ਵੱਟੇ ਖਾਤੇ ਵਿੱਚ 4,940 ਕਰੋੜ ਰੁਪਏ ਦੀ ਰਾਸ਼ੀ ਪੈ ਚੁੱਕੀ ਹੈ। ਸਰਕਾਰ ਦੇ ਨੁਮਾਇੰਦਿਆਂ ਨੇ ਬੈਂਕ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਫ਼ਸਲੀ ਕਰਜ਼ੇ ਦੀ ਉਗਰਾਹੀ ਨਾ ਹੋਣ ਕਰ ਕੇ ਇਸ ਰਕਮ ਨੂੰ ਐਨਪੀਏ ਦੇ ਖਾਤੇ ਵਿੱਚ ਪਾਉਣ ਦਾ ਐਲਾਨ ਨਾ ਕਰਨ।

ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਦੇ ਵਿੱਤ ਸਕੱਤਰ ਅਨਿਰੁਧ ਤਿਵਾੜੀ ਨੇ ਇਕ ਦਰਜਨ ਕੌਮੀਕ੍ਰਿਤ ਅਤੇ ਪ੍ਰਾਈਵੇਟ ਬੈਂਕਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਵਿੱਚ ਦੱਸਿਆ ਕਿ ਰਾਜ ਸਰਕਾਰ ਦੀ ਡਾ.ਟੀ.ਹੱਕ ਦੀ ਅਗਵਾਈ ਵਾਲੀ ਕਰਜ਼ਾ ਮੁਆਫ਼ੀ ਕਮੇਟੀ ਨਾਲ 25 ਅਗਸਤ ਨੂੰ ਇੱਕ ਹੋਰ ਮੀਟਿੰਗ ਹੋਵੇਗੀ। ਉਸ ਮੀਟਿੰਗ ਵਿੱਚ ਪੰਜ ਏਕੜ ਵਾਲੇ 10.40 ਲੱਖ ਕਿਸਾਨਾਂ ਦੇ ਦੋ ਲੱਖ ਰੁਪਏ ਦੇ ਫ਼ਸਲੀ ਕਰਜ਼ੇ ਮੁਆਫ਼ ਕਰਨ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਬੈਂਕ ਅਧਿਕਾਰੀਆਂ ਨੇ ਕਿਹਾ ਕਿ ਫ਼ਸਲੀ ਕਰਜ਼ਾ ਮੁਆਫ਼ ਕਰਨ ਲਈ 7500 ਕਰੋੜ ਰੁਪਏ ਦਾ ਪ੍ਰਬੰਧ ਕਰਨ ਦੀ ਲੋੜ ਹੈ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।