ਕਣਕ ਵਿੱਚ ਪਹਿਲੇ ਪਾਣੀ ਤੋਂ ਪਹਿਲਾਂ ਗੁੱਲੀ-ਡੰਡੇ ਦੀ ਰੋਕਥਾਮ ਕਰੋ : ਪੀਏਯੂ ਮਾਹਰ

December 12 2017

 ਗੁੱਲੀ ਡੰਡਾ ਕਣਕ ਦਾ ਇੱਕ ਮੁੱਖ ਨਦੀਨ ਹੈ ਜਿਹੜਾ ਕਣਕ ਦੇ ਉਤਪਾਦਨ ਨੂੰ ਘਟਾਉਂਦਾ ਹੈ । ਇਸ ਠੰਢੇ ਮੌਸਮ ਦੇ ਦੌਰਾਨ ਸਿੱਲ•ੇ ਖੇਤਾਂ ਵਿੱਚ ਇਸ ਨਦੀਨ ਦਾ ਜਮਾਅ ਅਤੇ ਵਾਧਾ ਜਲਦੀ ਹੁੰਦਾ ਹੈ । ਅੱਧ ਨਵੰਬਰ ਵਿੱਚ ਪਈ ਬਾਰਿਸ਼ ਨਾਲ ਗੁੱਲੀ ਡੰਡੇ ਦੀ ਸਮੱਸਿਆ ਵਿੱਚ ਹੋਰ ਵੀ ਵਾਧਾ ਹੋਇਆ ਹੈ । ਕਿਸਾਨਾਂ ਦੇ ਖੇਤਾਂ ਵਿੱਚ ਪਹਿਲੇ ਪਾਣੀ ਤੋਂ ਪਹਿਲਾਂ ਹੀ ਗੁੱਲੀ ਡੰਡਾ 2 ਤੋਂ 3 ਪੱਤਿਆਂ ਦੀ ਅਵਸਥਾ ਵਿੱਚ ਹੈ । ਜੇ ਇਸ ਨਦੀਨ ਦੀ ਰੋਕਥਾਮ ਵਿੱਚ ਦੇਰੀ ਕੀਤੀ ਗਈ ਤਾਂ ਪਹਿਲੇ ਪਾਣੀ ਤੋਂ ਬਾਅਦ ਇਹ ਨਦੀਨ ਬਹੁਤ ਵੱਡਾ ਹੋ ਜਾਵੇਗਾ ਅਤੇ ਜਿਸ ਦੀ ਨਦੀਨ ਨਦੀਨ ਨਾਸ਼ਕ ਦੀ ਵਰਤੋਂ ਨਾਲ ਰੋਕਥਾਮ ਬਹੁਤ ਔਖੀ ਹੋਵੇਗੀ । ਇਹ ਜਾਣਕਾਰੀ ਅੱਜ ਇੱਥੇ ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਠਾਕਰ ਸਿੰਘ ਨੇ ਦਿੱਤੀ । ਉਹਨਾਂ ਦੱਸਿਆ ਕਿ ਇਹੋ ਜਿਹੀਆਂ ਹਾਲਤਾਂ ਵਿੱਚ ਕਿਸਾਨਾਂ ਨੂੰ 13 ਗ੍ਰਾਮ ਪ੍ਰਤੀ ਏਕੜ ਲੀਡਰ/ਸਫਰ/ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਦੀ ਵਰਤੋਂ ਕਰਕੇ ਪਹਿਲੇ ਪਾਣੀ ਤੋਂ 2 ਤੋਂ 3 ਦਿਨ ਪਹਿਲਾਂ ਛਿੜਕਾਅ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ । ਜਿਹੜੇ ਖੇਤਾਂ ਵਿੱਚ ਆਇਸੋਪ੍ਰੋਟੂਰਾਨ ਨਾਲ ਗੁੱਲੀ ਡੰਡੇ ਦੀ ਵਧੀਆ ਰੋਕਥਾਮ ਹੁੰਦੀ ਹੈ, ਉਥੇ ਜ਼ਮੀਨ ਦੀ ਕਿਸਮ ਦੇ ਆਧਾਰ ਤੇ 300 ਤੋਂ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਆਇਸੋਪ੍ਰੋਟੂਰਾਨ ਦਾ ਕੋਈ ਮਾਰਕਾ (ਜਿਵੇਂ ਕਿ ਐਰੀਲਾਨ, ਆਇਸੋਗਾਰਡ 75 ਡਬਲਯੂ ਪੀ) ਦਾ ਪਹਿਲੇ ਪਾਣੀ ਤੋਂ 2 ਤੋਂ 3 ਦਿਨ ਪਹਿਲਾ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ ।