ਕਣਕ ਦਾ ਨਾੜ ਸਾੜਨ ’ਤੇ ਪਾਬੰਦੀ ਉੱਤੇ ਨਜ਼ਰਸਾਨੀ

April 14 2018

ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਫ਼ੈਸਲੇ ਅਨੁਸਾਰ ਖੇਤੀ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ’ਤੇ ਰੋਕ ਲਗਾ ਦਿੱਤੀ ਗਈ ਹੈ। ਅਜਿਹਾ ਕਰਨਾ ਜੁਰਮ ਕਰਾਰ ਦੇ ਦਿੱਤਾ ਗਿਆ ਹੈ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਦੇ ਹੁਕਮ ਹਨ। ਰਾਜ ਸਰਕਾਰਾਂ ਇਨ੍ਹਾਂ ਆਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਯਤਨ ਕਰ ਰਹੀਆਂ ਹਨ। ਦੇਸ਼ ਵਿੱਚ ਇਹ ਪ੍ਰਭਾਵ ਬਣਾ ਦਿੱਤਾ ਗਿਆ ਹੈ ਕਿ ਵਾਯੂ-ਮੰਡਲ ਨੂੰ ਪ੍ਰਦੂਸ਼ਤ ਕਰਨ ਲਈ ਕਿਸਾਨ ਹੀ ਸਭ ਤੋਂ ਵਧ ਜ਼ਿੰਮੇਵਾਰ ਹਨ। ਇਹ ਹਕੀਕਤ ਨਹੀਂ ਹੈ। ਹਰੇ ਪੌਦੇ ਸੂਰਜ ਦੀ ਰੌਸ਼ਨੀ ਵਿੱਚ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਗੈਸ ਲੈਂਦੇ ਹਨ ਅਤੇ ਆਕਸੀਜਨ ਛੱਡਦੇ ਹਨ। ਇਸ ਤਰ੍ਹਾਂ ਹਰੇ ਪੌਦੇ (ਅਰਥਾਤ ਖੇਤੀ ਫ਼ਸਲਾਂ) ਉਗਾਉਣ ਵਾਲੇ ਕਿਸਾਨ ਦਾ ਕਿੱਤਾ ਹੀ ਇੱਕ ਅਜਿਹਾ ਹੈ, ਜਿਸ ਨਾਲ ਵਾਯੂ-ਮੰਡਲ ਦੇ ਮੁੱਖ ਪ੍ਰਦੂਸ਼ਣ-ਕਾਰਕ ਕਾਰਬਨ ਡਾਈਆਕਸਾਈਡ ਦੀ ਮਾਤਰਾ ਘਟਦੀ ਹੈ ਅਤੇ ਜੀਵਨ ਦੇਣ ਵਾਲੀ ਅਕਸੀਜਨ ਦੀ ਮਾਤਰਾ ਵਧਦੀ ਹੈ।

ਅਜੋਕੇ ਸਮੇਂ ਵਿੱਚ ਜਲਵਾਯੂ ਵਿੱਚ ਪਰਿਵਰਤਨ ਸਬੰਧੀ ਚੇਤਨਤਾ ਤੇ ਚਿੰਤਾ ਸਾਰੀ ਦੁਨੀਆਂ ਵਿੱਚ ਵਧੀ ਹੈ। ਹਵਾ ਦੇ ਮੁੱਖ ਅੰਗ ਨਾਈਟ੍ਰੋਜਨ ਤੇ ਆਕਸੀਜਨ ਹਨ। ਇਨ੍ਹਾਂ ਤੋਂ ਇਲਾਵਾ ਆਰਗਨ, ਕਾਰਬਨ ਡਾਈਆਕਸਾਈਡ, ਕਾਰਬਨ ਮਾਨੋਆਕਸਾਈਡ, ਮਿਥੇਨ, ਨਾਈਟ੍ਰੋਜਨ ਆਕਸਾਈਡ, ਸਲਫਰ ਡਾਈਆਕਸਾਈਡ ਅਤੇ ਹੋਰ ਕਈ ਗੈਸਾਂ ਵੀ ਥੋੜ੍ਹੀ ਮਾਤਰਾ ਵਿੱਚ ਹਨ। ਇਸ ਤੋਂ ਬਿਨਾ ਪਾਣੀ ਦੇ ਵਾਸ਼ਪ, ਮਿੱਟੀ ਦੇ ਕਿਣਕੇ ਅਤੇ ਪੋਲਨ ਦੇ ਕਣ ਵੀ ਹਵਾ ਵਿੱਚ ਮੌਜੂਦ ਰਹਿੰਦੇ ਹਨ। ਪਾਣੀ ਦੇ ਵਾਸ਼ਪਾਂ ਦੀ ਮਾਤਰਾ ਕਿਸੇ ਥਾਂ ’ਤੇ ਬੱਦਲ, ਧੁੰਦ, ਬਾਰਸ਼, ਗੜ੍ਹੇ ਤੇ ਬਰਫ ਆਦਿ ਨੂੰ ਪ੍ਰਭਾਵਿਤ ਕਰਦੀ ਹੈ। ਜਲ-ਵਾਯੂ ਦੇ ਪਰਿਵਰਤਨ ਵਿੱਚ ਸਭ ਤੋਂ ਅਹਿਮ ਰੋਲ ਕਾਰਬਨ ਡਾਈਆਕਸਾਈਡ ਦਾ ਹੈ। ਇਸ ਗੈਸ ਦੀ ਵਾਯੂ-ਮੰਡਲ ਵਿੱਚ ਵਧਦੀ ਮਾਤਰਾ ਨੂੰ ਹੀ ਗਲੋਬ ਦੇ ਗਰਮ ਹੋਣ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਸੂਰਜ ਦੀ ਰੌਸ਼ਨੀ ਵਿੱਚ ਹਰੇ ਪੌਦੇ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਅਤੇ ਜੜ੍ਹਾਂ ਰਾਹੀਂ ਪਾਣੀ ਲੈ ਕੇ ਗੁਲੂਕੋਜ਼ ਤਿਆਰ ਕਰਦੇ ਹਨ ਜੋ ਬਾਅਦ ਵਿੱਚ ਕਾਰਬੋਹਾਈਡ੍ਰੇਟਸ, ਸਟਾਰਚ, ਸੈਲੂਲੋਜ਼ ਆਦਿ ਵਿੱਚ ਤਬਦੀਲ ਹੁੰਦਾ ਹੈ। ਇਨ੍ਹਾਂ ਤੋਂ ਹੀ ਪੌਦਿਆਂ ਦੇ ਪੱਤੇ, ਟਾਹਣੀਆਂ, ਤਣੇ, ਫਲ, ਫੁਲ ਅਤੇ ਬੀਜ ਬਣਦੇ ਹਨ। ਵਿਗਿਆਨੀ ਇਨ੍ਹਾਂ ਸਾਰਿਆਂ ਲਈ ਸਮੂਹਕ ਸ਼ਬਦ ਬਾਇਓਮਾਸ ਵਰਤਦੇ ਹਨ। ਹੋਰਨਾਂ ਕੰਮਾਂ ਤੋਂ ਇਲਾਵਾ ਇਹ ਮਨੁੱਖ ਅਤੇ ਹੋਰ ਜੀਵਾਂ ਦੇ ਭੋਜਨ ਦੇ ਕੰਮ ਆਉਂਦੇ ਹਨ। ਜੀਵਾਂ ਦੀ ਪਾਚਨ-ਪ੍ਰਣਾਲੀ ਰਾਹੀਂ ਭੋਜਨ ਪਹਿਲਾਂ ਗੁਲੂਕੋਜ਼ ਵਿੱਚ ਅਤੇ ਫਿਰ ਕਾਰਬਨ ਡਾਈਆਕਸਾਈਡ ਅਤੇ ਪਾਣੀ ਵਿੱਚ ਤਬਦੀਲ ਹੋ ਜਾਂਦਾ ਹੈ ਜਿਸ ਨੂੰ ਪ੍ਰਾਣੀ ਸਾਹ ਰਾਹੀਂ ਬਾਹਰ ਕੱਢ ਦਿੰਦੇ ਹਨ। ਇਹ ਪ੍ਰਕਿਰਿਆ ਪ੍ਰਕਾਸ਼-ਸੰਸਲੇਸ਼ਣ ਤੋਂ ਉਲਟ ਹੈ। ਕਾਰਬਨ ਦਾ ਇਹ ਚੱਕਰ ਅਰਥਾਤ ਪ੍ਰਕਾਸ਼-ਸੰਸਲੇਸ਼ਨ ਰਾਹੀਂ ਕਾਰਬਨ ਡਾਈਆਕਸਾਈਡ ਤੋਂ ਕਾਰਬਨ ਵਾਲੀਆਂ ਵਸਤੂਆਂ ਦਾ ਬਨਣਾ ਅਤੇ ਇਨ੍ਹਾਂ ਦੇ ਪ੍ਰਾਣੀਆਂ ਰਾਹੀਂ ਅਤੇ ਜਲਨ-ਕਿਰਿਆ ਰਾਹੀਂ ਮੁੜ ਕਾਰਬਨ ਡਾਈਆਕਸਾਈਡ ਵਿੱਚ ਤਬਦੀਲ ਹੋਣਾ ਨਿਰੰਤਰ ਕਰੋੜਾਂ ਸਾਲਾਂ ਤੋਂ ਚੱਲ ਰਿਹਾ ਹੈ। ਵਾਯੂ-ਮੰਡਲ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਘਟਦੀ-ਵਧਦੀ ਰਹਿੰਦੀ ਹੈ। ਪਰ ਪੁਰਾਣੇ ਸਮਿਆਂ ਵਿੱਚ ਹਜ਼ਾਰਾਂ ਸਾਲਾਂ ਵਿੱਚ ਵੀ ਇਸ ਮਾਤਰਾ ਵਿੱਚ ਕੋਈ ਵੱਡਾ ਅੰਤਰ ਨਹੀਂ ਪੈਂਦਾ ਰਿਹਾ ਕਿਉਂਕਿ ਬਨਸਪਤੀ ਰਾਹੀਂ ਜਿੰਨਾ ਬਾਇਓਮਾਸ ਕਾਰਬਨ ਡਾਈਆਕਸਾਈਡ ਤੋਂ ਬਣਦਾ ਸੀ, ਉਸ ਦੀ ਖ਼ਪਤ ਨਾਲ ਹੀ ਮਨੁਖਤਾ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਸਨ।

ਉਦਯੋਗਿਕ ਕ੍ਰਾਂਤੀ ਅਤੇ ਟੈਕਨਾਲੋਜੀ ਦੇ ਵਿਕਾਸ ਨਾਲ ਮਨੁੱਖ ਦੀ ਊਰਜਾ ਲਈ ਲੋੜ ਬਹੁਤ ਜ਼ਿਆਦਾ ਵਧ ਗਈ ਹੈ। ਨਵੇਂ ਬਨਣ ਵਾਲੇ ਬਾਇਓਮਾਸ ਤੋਂ ਇਲਾਵਾ ਅਸੀਂ ਖਰਬਾਂ ਸਾਲਾਂ ਤੋਂ ਜਮ੍ਹਾਂ ਬਾਇਓਮਾਸ (ਕੋਲਾ, ਪੈਟਰੋਲੀਅਮ ਆਦਿ) ਵੀ ਵਰਤਣਾ ਸ਼ੁਰੂ ਕਰ ਦਿੱਤਾ ਹੈ। ਅੱਜ ਖਰਬਾਂ ਟਨ ਕੋਲਾ ਤਾਪ ਬਿਜਲੀ-ਘਰਾਂ, ਕਾਰਖਾਨਿਆਂ ਤੇ ਭਠਿਆਂ ਆਦਿ ਵਿੱਚ ਫੂਕਿਆ ਜਾਂਦਾ ਹੈ। ਕਰੋੜਾਂ ਲਿਟਰ ਪੈਟਰੋਲ ਅਤੇ ਡੀਜ਼ਲ ਹਵਾਈ ਜਹਾਜ਼ਾਂ, ਸਮੁੰਦਰੀ ਜਹਾਜ਼ਾਂ, ਰੇਲ ਗੱਡੀਆਂ, ਬੱਸਾਂ, ਟਰੱਕਾਂ ਅਤੇ ਕਾਰਾਂ ਵਿੱਚ ਰੋਜ਼ ਬਲਦਾ ਹੈ। ਇਸ ਸਾਰੇ ਕੁਝ ਨਾਲ ਹਵਾ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਤੇਜ਼ੀ ਨਾਲ ਵਧ ਰਹੀ ਹੈ। ਇਸ ਵੇਲੇ ਵਾਯੂ-ਮੰਡਲ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਲਗਪਗ 400 ਪੀਪੀਐਮ ਹੈ। ਪਿਛਲੇ ਸਮਿਆਂ ਵਿੱਚ ਜਿਹੜੇ ਦੇਸ਼ਾਂ ਨੇ ਬਹੁਤੀ ਤਰੱਕੀ ਕੀਤੀ ਹੈ, ਉਨ੍ਹਾਂ ਨੇ ਹੀ ਵਾਯੂ ਮੰਡਲ ਵਿੱਚ ਬਹੁਤੀ ਕਾਰਬਨ ਡਾਈਆਕਸਾਈਡ ਅਤੇ ਹੋਰ ਪ੍ਰਦੂਸ਼ਣ-ਕਾਰਕ ਅੰਸ਼ ਮਿਲਾਏ ਹਨ।

ਪ੍ਰਦੂਸ਼ਣ ਦਾ ਮਨੁੱਖ ਵੱਲੋਂ ਕੀਤੀ ਜਾਂਦੀ ਊਰਜਾ ਦੀ ਖ਼ਪਤ ਨਾਲ ਸਿੱਧਾ ਸਬੰਧ ਹੈ। ਊਰਜਾ ਕੋਲਾ, ਪੈਟਰੋਲ, ਡੀਜ਼ਲ, ਰਸੋਈ ਗੈਸ, ਲੱਕੜ ਤੇ ਗੋਬਰ ਆਦਿ ਜਲਾ ਕੇ ਪੈਦਾ ਕੀਤੀ ਜਾਂਦੀ ਹੈ। ਕਿਸੇ ਵੀ ਦੇਸ਼ ਦਾ ਜਿਹੜਾ ਵਰਗ ਵੱਧ ਊਰਜਾ ਦੀ ਖ਼ਪਤ ਕਰਦਾ ਹੈ, ਉਹ ਹੀ ਪ੍ਰਦੂਸ਼ਣ ਲਈ ਵੱਧ ਜ਼ਿੰਮੇਵਾਰ ਹੈ। ਪ੍ਰਦੂਸ਼ਣ ਦਾ ਦੂਜਾ ਵੱਡਾ ਸਰੋਤ ਮਨੁੱਖ ਵੱਲੋਂ ਪੈਦਾ ਕੀਤਾ ਕਬਾੜ ਅਤੇ ਕੂੜਾ ਹੈ। ਪਿੰਡਾਂ ਦੀ ਤੁਲਨਾ ਸ਼ਹਿਰਾਂ ਵਿੱਚ ਵੱਧ ਕੂੜਾ ਉਪਜਦਾ ਹੈ। ਇਸ ਤਰ੍ਹਾਂ ਸਾਡੇ ਦੇਸ਼ ਵਿੱਚ ਵੀ ਸਪੰਨ ਅਤੇ ਸ਼ਹਿਰੀ ਵਰਗ ਹਰ ਵੇਲੇ ਏਸੀ ਘਰਾਂ, ਏਸੀ ਕਾਰਾਂ, ਏਸੀ ਦਫ਼ਤਰਾਂ ਅਤੇ ਏਸੀ ਮਾਲਾਂ ਵਿੱਚ ਵਿਚਰਦਾ ਹੈ, ਪ੍ਰਦੂਸ਼ਣ ਲਈ ਵੱਧ ਜ਼ਿੰਮੇਵਾਰ ਹੈ। ਪਰ ਪ੍ਰਭਾਵ ਇਹ ਪੈਦਾ ਕੀਤਾ ਜਾਂਦਾ ਹੈ ਕਿ ਪ੍ਰਦੂਸ਼ਣ ਲਈ ਕਿਸਾਨ ਅਤੇ ਝੁੱਗੀਆਂ ਵਿੱਚ ਰਹਿਣ ਵਾਲੀ ਜਨਤਾ ਹੀ ਵੱਧ ਜ਼ਿੰਮੇਵਾਰ ਹੈ, ਕਿਉਂਕਿ ਉਨ੍ਹਾਂ ਵਿੱਚੋਂ ਕਈ ਅਜੇ ਵੀ ਖਾਣਾ ਪਕਾਉਣ ਲਈ ਲਕੜੀ ਤੇ ਗੋਹੇ ਬਾਲਦੇ ਹਨ। ਸਿਆਲ ਵਿੱਚ ਠੰਢ ਤੋਂ ਬਚਣ ਲਈ ਧੂਣੀ ਲਾ ਲੈਂਦੇ ਹਨ।

ਕਣਕ ਦਾ ਨਾੜ ਸਾੜਨ ’ਤੇ ਲਾਈ ਪਾਬੰਦੀ ਦੇ ਸਬੰਧ ਵਿੱਚ ਮਸਲੇ ਦੇ ਕਈ ਪੱਖਾਂ ’ਤੇ ਵਿਚਾਰ ਕਰਨਾ ਬਣਦਾ ਹੈ। ਇਸ ਵੇਲੇ ਪੰਜਾਬ ਅਤੇ ਹਰਿਆਣਾ ਵਿੱਚ ਕਣਕ ਦਾ ਔਸਤ ਝਾੜ 18-20 ਕੁਇੰਟਲ ਪ੍ਰਤੀ ਏਕੜ ਹੈ। ਇੱਕ ਮੋਟੇ ਅੰਦਾਜ਼ੇ ਅਨੁਸਾਰ ਲਗਪਗ ਇੰਨਾ ਹੀ ਵਜ਼ਨ ਸੁੱਕੇ ਨਾੜ ਦਾ ਹੁੰਦਾ ਹੈ। ਹੱਥਾਂ ਨਾਲ ਵੱਢੀ ਕਣਕ ਦੇ ਸਾਰੇ ਨਾੜ ਦੀ ਤੂੜੀ ਬਣਾਈ ਜਾਂਦੀ ਹੈ, ਜੋ ਪਸ਼ੂਆਂ ਦੀ ਮੁੱਖ ਖ਼ੁਰਾਕ ਹੈ। ਮਜ਼ਦੂਰਾਂ ਦੀ ਘਾਟ, ਮਜ਼ਦੂਰੀ ਦੀਆਂ ਵੱਧ ਦਰਾਂ, ਮੀਂਹ ਤੂਫਾਨ ਦੇ ਡਰ ਆਦਿ ਕਰਕੇ ਇਸ ਖੇਤਰ ਵਿੱਚ 80 ਤੋਂ 90 ਫ਼ੀਸਦੀ ਰਕਬੇ ਵਿੱਚ ਕਣਕ ਦੀ ਕਟਾਈ ਕੰਬਾਈਨ ਹਾਰਵੈਸਟਰਾਂ (ਮਸ਼ੀਨਾਂ) ਨਾਲ ਕੀਤੀ ਜਾਣ ਲੱਗ ਪਈ ਹੈ। ਕੰਬਾਈਨ ਨਾਲ ਵੱਢੀ ਕਣਕ ਦੇ ਨਾੜ ਦੀ ਲਗਪਗ 90 ਤੋਂ 95 ਫ਼ੀਸਦੀ ਤੂੜੀ ਬਣ ਜਾਂਦੀ ਹੈ ਬਾਕੀ ਸਿਰਫ਼ 5 ਫ਼ੀਸਦੀ ਨਾੜ ਹੀ ਬਚਦਾ ਹੈ ਜਿਸ ਨੂੰ ਅੱਗ ਲਾਈ ਜਾਂਦੀ ਹੈ। ਇਸ ਲਈ ਕਿਸਾਨ ਜੇ 100 ਯੂਨਿਟ ਕਾਰਬਨ ਡਾਈਆਕਸਾਈਡ ਹਵਾ ਵਿੱਚੋਂ ਘਟਾਉਂਦਾ ਹੈ ਤਾਂ ਕੇਵਲ 5 ਯੂਨਿਟ ਹਵਾ ਵਿੱਚ ਵਾਪਸ ਰਲਾ ਦਿੰਦਾ ਹੈ ਤਾਂ ਉਹ ਪ੍ਰਦੂਸ਼ਣ ਲਈ ਜ਼ਿੰਮੇਵਾਰ ਕਿਵੇਂ ਹੋਇਆ। ਇਸ ਤੋਂ ਇਲਾਵਾ ਰੀਪਰ ਨਾਲ ਤੂੜੀ ਬਨਾਉਣ ਉਪਰੰਤ ਬਚਿਆ ਰਹਿੰਦ-ਖੂੰਹਦ ਨਾੜ ਖੇਤ ਵਿੱਚ ਤੀਲਾ ਤੀਲਾ ਖਿਲਰਿਆ ਹੁੰਦਾ ਹੈ, ਇਸ ਨੂੰ ਇਕੱਠਾ ਕਰਨਾ ਸੰਭਵ ਨਹੀਂ। ਅਗਲੀ ਫ਼ਸਲ ਲਈ ਖੇਤ ਤਿਆਰ ਕਰਨ ਲਈ ਨਾੜ ਨੂੰ ਕਾਬੂ ਕਰਨਾ ਜ਼ਰੂਰੀ ਹੁੰਦਾ ਹੈ। ਇਸ ਦੇ ਦੋ ਹੀ ਤਰੀਕੇ ਹਨ ਪਹਿਲਾ ਅੱਗ ਲਾ ਕੇ ਸਾੜਨਾ ਜਾਂ ਦੂਜਾ ਜ਼ਮੀਨ ਵਿੱਚ ਵਾਹ ਕੇ ਗਾਲਣਾ। ਜੇ ਅੱਗ ਨਹੀਂ ਲਾਈ ਜਾਂਦੀ ਤਾਂ ਖੇਤ ਤਿੰਨ-ਚਾਰ ਵਾਰ ਤਵੀਆਂ ਨਾਲ ਜਾਂ ਰੋਟਾਵੇਟਰ ਨਾਲ ਵਾਹੁਣਾ ਪਵੇਗਾ। ਇਸ ਲਈ 15-20 ਲਿਟਰ ਡੀਜ਼ਲ ਹੋਰ ਲੱਗੇਗਾ। ਇਸ ਨਾਲ ਜਿੱਥੇ ਲਾਗਤ ਵਧੇਗੀ, ਉੱਥੇ ਡੀਜ਼ਲ ਜਲਣ ਨਾਲ ਹੋਰ ਕਾਰਬਨ ਡਾਈਆਕਸਾਈਡ ਹਵਾ ਵਿੱਚ ਰਲੇਗੀ। ਇਸ ਤੋਂ ਇਲਾਵਾ ਵਾਹੇ ਹੋਏ ਖੇਤ ਵਿੱਚ ਨਾੜ ਨੂੰ ਕਾਬੂ ਕਰਨ ਲਈ ਘੱਟ ਤੋਂ ਘੱਟ ਇੱਕ ਭਰਵਾਂ ਪਾਣੀ ਲਾਉਣਾ ਜ਼ਰੂਰੀ ਹੈ। ਮਈ-ਜੂਨ ਦੇ ਮਹੀਨੇ ਵਿੱਚ ਇੱਕ ਏਕੜ ਵਾਹਣ ਪਾਣੀ ਨਾਲ ਭਰਨ ਲਈ ਘੱਟ ਤੋਂ ਘੱਟ 7-8 ਘੰਟੇ ਬਿਜਲੀ ਵਾਲਾ ਟਿਊਬਵੈਲ ਜਾਂ 8-10 ਘੰਟੇ ਡੀਜ਼ਲ ਇੰਜਨ ਚਲਾਉਣ ਦੀ ਲੋੜ ਪੈਂਦੀ ਹੈ। ਸਿੰਜਾਈ ਵਾਲੇ ਪਾਣੀ ਦਾ ਪਹਿਲਾਂ ਹੀ ਪੰਜਾਬ ਅਤੇ ਹਰਿਆਣੇ ਵਿੱਚ ਸੰਕਟ ਹੈ।

ਫ਼ਸਲਾਂ ਦੀ ਰਹਿੰਦ-ਖੂੰਹਦ ਨਾਲ ਜੇ ਮਿੱਤਰ ਕੀੜੇ ਮਰਦੇ ਹਨ ਤਾਂ ਫ਼ਸਲਾਂ ਬਰਬਾਦ ਕਰਨ ਵਾਲੇ ਕੀੜੇ ਵੀ ਖ਼ਤਮ ਹੁੰਦੇ ਹਨ। ਇਸ ਤੋਂ ਇਲਾਵਾ ਨਦੀਨਾਂ ਦੇ ਬੀਜ ਵੀ ਸੜਦੇ ਹਨ। ਇਸ ਨਾਲ ਅਗਲੀ ਫ਼ਸਲ ’ਤੇ ਨਦੀਨਾਂ ਦਾ ਹਮਲਾ ਘੱਟ ਹੋ ਸਕਦਾ ਹੈ। ਜਦੋਂ ਧਰਤੀ ਦੇ ਹੇਠਾਂ ਤੇ ਪਾਣੀ ਵਿੱਚ ਬਾਇਓਮਾਸ ਗਲਦਾ ਹੈ ਤਾਂ ਮਿਥੇਨ ਗੈਸ ਉਪਜਦੀ ਹੈ। ਵਾਤਾਵਰਣ ਲਈ ਮਿਥੇਨ ਕਾਰਬਨ ਡਾਈਆਕਸਾਈਡ ਤੋਂ ਲਗਪਗ 25 ਗੁਣਾ ਵੱਧ ਹਾਨੀਕਾਰਕ ਹੈ। ਸਾਲ ਦਰ ਸਾਲ ਵੱਧ ਬਾਇਓਮਾਸ ਜ਼ਮੀਨ ਵਿੱਚ ਮਿਲਾਉਣ ਨਾਲ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰ ਸਕਦੀ ਹੈ। ਇਸ ਦਾ ਅਧਿਐਨ ਕਰਨਾ ਜ਼ਰੂਰੀ ਹੈ।

ਕਣਕ ਦੇ ਤੂੜੀ ਬਣਾਉਣ ਉਪਰੰਤ ਬਚੇ ਰਹਿੰਦ-ਖੂੰਹਦ ਨੂੰ ਸਾੜਨ ’ਤੇ ਲਾਈ ਪਾਬੰਦੀ ’ਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਮਾਹਿਰਾਂ ਨੂੰ ਸਾਰੇ ਪੱਖਾਂ ਦਾ ਅਧਿਐਨ ਕਰਨਾ ਚਾਹੀਦਾ ਹੈ ਅਤੇ ਸਾਰੇ ਤੱਥ ਨਿਰਪੱਖਤਾ ਨਾਲ ਉਜਾਗਰ ਕਰਨੇ ਚਾਹੀਦੇ ਹਨ। ਸਰਕਾਰਾਂ ਨੂੰ ਕਿਸਾਨ ਹਿਤੈਸ਼ੀ ਰਵਈਆ ਅਪਣਾ ਕੇ ਅਜਿਹੇ ਕਾਨੂੰਨੀ ਉਪਰਾਲੇ ਤੁਰੰਤ ਕਰਨੇ ਚਾਹੀਦੇ ਹਨ ਜਿਸ ਨਾਲ ਕਿਸਾਨਾਂ ਨੂੰ ਵਾਧੂ ਲਾਗਤ ਅਤੇ ਜੁਰਮਾਨਿਆਂ ਤੋਂ ਰਾਹਤ ਮਿਲ ਸਕੇ।

ਸੰਪਰਕ: 97818-59511

Source: Punjabi Tribune