ਉ ੱਤਰੀ ਭਾਰਤ ਦੀਆਂ ਮੰਡੀਆਂ 'ਚ ਕਪਾਹ ਦੀ ਆਮਦ ਤੇਜ਼

October 03 2017

 ਬਠਿੰਡਾ, 3 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)- ਪੰਜਾਬ, ਹਰਿਆਣਾ ਤੇ ਰਾਜਸਥਾਨ ਦੀਆਂ ਮੰਡੀਆਂ ਵਿਚ ਸਤੰਬਰ 2017 ਦੇ ਦੌਰਾਨ ਡੇਢ ਲੱਖ ਗੱਠ ਤੋਂ ਵੱਧ ਕਪਾਹ ਵਿਕਰੀ ਲਈ ਪਹੁੰਚੀ ਹੈ, ਜੋ ਕਿ ਪਿਛਲੇ ਸਾਲ ਦੀ ਆਮਦ ਤੋਂ ਤਕਰੀਬਨ ਡੇਢ ਗੁਣਾ ਹੈ ਤੇ ਹਰ ਰੋਜ਼ ਇਨ੍ਹਾਂ ਮੰਡੀਆਂ ਵਿਚ 10 ਤੋਂ 14 ਹਜ਼ਾਰ ਗੱਠਾਂ ਕਪਾਹ ਵਿਕਰੀ ਲਈ ਪੁੱਜਣ ਲੱਗੀ ਹੈ ਜੋ ਕਿ ਪਹਿਲੀ ਚੁਗਾਈ ਦੀ ਫ਼ਸਲ ਦੀ ਹੈ | ਉੱਤਰੀ ਭਾਰਤ ਦੀਆਂ ਮੰਡੀਆਂ ਵਿਚ ਇਸ ਵਾਰ ਕਪਾਹ ਦਾ ਭਾਅ ਭਾਵੇਂ ਐਮ.ਐਸ.ਪੀ. 4220 ਤੋਂ 135ਕੁ ਰੁਪਏ ਵਧ ਕੇ 4355 ਰੁਪਏ ਕਪਾਹ ਦੀ ਕਵਾਲਿਟੀ ਦੇ ਹਿਸਾਬ ਨਾਲ ਉੱਪਰ ਜਾ ਰਿਹਾ, ਪਰ ਇਹ ਪਿਛਲੇ ਸਾਲ ਨਾਲੋਂ ਔਸਤ 1200 ਤੋਂ ਸਾਢੇ ਕੁ 1600 ਰੁਪਏ ਮੰਦਾ ਚੱਲ ਰਿਹਾ ਹੈ ਜਦਕਿ ਪਿਛਲੇ ਸਾਲ ਔਸਤਨ ਭਾਅ 5500 ਰੁਪਏ ਤੋਂ ਉੱਪਰ ਹੀ ਰਿਹਾ ਹੈ ਤੇ ਕੁਝ ਸਮੇਂ ਤੇ ਇਹ 6000 ਰੁਪਏ ਪ੍ਰਤੀ ਕੁਇੰਟਲ ਤੱਕ ਵੀ ਅੱਪੜ ਗਿਆ ਸੀ, ਪਰ ਹੁਣ ਪਿਛਲੇ ਸਾਲ ਦੇ ਮੁਕਾਬਲੇ ਮਿਲ ਰਹੇ ਭਾਅ ਕਾਰਨ ਕਿਸਾਨਾਂ ਵਿਚ ਕਾਫ਼ੀ ਮਾਯੂਸੀ ਪਾਈ ਜਾ ਰਹੀ ਹੈ | ਪੰਜਾਬ ਵਿਚ ਇਸ ਸਾਲ ਕਪਾਹ ਦੀ ਕਾਸ਼ਤ ਵਾਲਾ ਰਕਬਾ 3 ਲੱਖ 79 ਹਜ਼ਾਰ ਹੈਕਟੇਅਰ ਹੋਣ ਕਰਕੇ 12.5 ਲੱਖ ਗੱਠਾਂ ਦੀ ਆਸ ਹੈ ਜਦਕਿ ਸਧਾਰਨ ਜ਼ਮੀਨੀ ਹਾਲਤਾਂ ਵਿਚ ਔਸਤ ਝਾੜ 8 ਤੋਂ 15 ਮਣ ਜਮੀਨ ਤੇ ਖੇਤਰ ਦੇ ਹਿਸਾਬ ਨਾਲ ਪ੍ਰਤੀ ਏਕੜ ਆਉਣ ਦੀ ਸੰਭਾਵਨਾ ਹੈ | ਉਧਰ ਕਪਾਹ ਦੇ ਇਸ ਸੀਜਨ ਦੌਰਾਨ ਹੋਈ ਬੇਮੌਸਮੀ ਬਰਸਾਤ/ਹਨੇਰੀ ਤੇ ਚਿੱਟੀ ਮੱਖੀ ਮੱਛਰ/ਭੂਰੀ ਜੂੰ ਤੇ ਲੀਵ ਥਰਿੱਪ ਦੇ ਹਮਲੇ ਕਾਰਨ ਕਪਾਹ ਪੱਟੀ ਵਿਚ ਫ਼ਸਲ ਦੇ ਹੋਏ ਖ਼ਰਾਬੇ ਕਾਰਨ ਕਿਸਾਨਾਂ ਨੂੰ ਵੱਡੀ ਮਾਰ ਵੱਜੀ ਹੈ, ਜਿਸ ਕਾਰਨ ਇਸ ਵਾਰ ਕਪਾਹ ਪੱਟੀ ਵਿਚ ਬੰਪਰ ਉਤਪਾਦਨ ਦੀਆਂ ਸੰਭਾਵਨਾ ਖ਼ਤਮ ਹੋ ਗਈਆਂ ਹਨ | ਪੰਜਾਬ ਵਿਚ 12.5 ਲੱਖ ਗੱਠਾਂ, ਹਰਿਆਣਾ ਵਿਚ 25 ਲੱਖ ਗੱਠਾਂ, ਲੋਅਰ ਰਾਜਸਥਾਨ ਵਿਚ 13 ਤੋਂ 14 ਲੱਖ ਗੱਠਾਂ ਤੇ ਅੱਪਰ ਰਾਜਸਥਾਨ ਵਿਚ 8.5 ਲੱਖ ਗੱਠਾਂ ਸਮੇਤ ਕੁੱਲ 59 ਤੋਂ 60ਕੁ ਲੱਖ ਗੱਠਾ ਉਤਪਾਦਨ ਦੇ ਅੰਦਾਜ਼ੇ ਹਨ |

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।