ਇਹ ਹੈ ਕਿਸਾਨਾਂ ਸਿਰ ਕਰਜ਼ੇ ਦਾ ਕੌੜਾ ਸੱਚ!

February 26 2018

ਚੰਡੀਗੜ੍ਹ: ਸਰਕਾਰਾਂ ਵੱਲੋਂ ਇਹ ਲਗਾਤਾਰ ਪ੍ਰਚਾਰ ਕੀਤਾ ਜਾਂਦਾ ਹੈ ਕਿ ਵਿਆਹ ਸ਼ਾਦੀ ਜਾਂ ਹੋਰ ਵਾਧੂ ਖਰਚੇ ਕਾਰਨ ਕਿਸਾਨਾਂ ਉੱਤੇ ਕਰਜਾ ਚੜ੍ਹਦਾ ਹੈ ਪਰ ਕੀ ਕਿਸਾਨ ਉੱਤੇ ਕਰਜ਼ਾ ਇੰਜ ਵੀ ਚੜ੍ਹਦਾ ਹੈ, ਜਿਸ ਬਾਰੇ ਸਾਰੇ ਚੁੱਪ ਹੋ ਜਾਂਦੇ ਹਨ ਜਾਂ ਗੱਲ ਨਹੀਂ ਕਰਦੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਫ਼ਾਜ਼ਿਲਕਾ ਸਹਿਕਾਰੀ ਖੰਡ ਮਿਲ ਦੇ ਕਿਸਾਨਾਂ ਦੀ, ਜਿਨ੍ਹਾਂ ਨੂੰ ਪਿਛਲੇ ਇੱਕ ਸਾਲ ਤੋਂ ਆਪਣੇ ਗੰਨੇ ਦਾ 9 ਕਰੋੜ ਬਕਾਇਆ ਨਹੀਂ ਮਿਲਿਆ।

 ਜਦੋਂ ਕਿਸਾਨ ਨੂੰ ਆਪਣੀ ਵੇਚੀ ਜਿਨਸ ਦੀ ਅਦਾਇਗੀ ਨਾ ਹੋਵੇ ਤਾਂ ਕਿਸਾਨਾਂ ਸਿਰ ਕਰਜ਼ਾ ਹੀ ਚੜ੍ਹੇਗਾ। ਜਿਨਸ ਦੀ ਅਦਾਇਗੀ ਤੋਂ ਬਾਅਦ ਹੀ ਕਿਸਾਨ ਸਹਿਕਾਰੀ ਸੁਸਾਇਟੀਆਂ, ਬੈਂਕਾਂ ਦੇ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਦੇ ਸਮਰੱਥ ਹੁੰਦਾ ਹੈ। ਜੇ ਕਿਸਾਨ ਨੂੰ ਸਾਲ ਭਰ ਆਪਣੀ ਵੇਚੀ ਫ਼ਸਲ ਦੀ ਰਕਮ ਹੀ ਨਾ ਮਿਲੇ ਤਾਂ ਉਹ ਆਪਣੀ ਫਸਲ ਤੇ ਘਰੇਲੂ ਲੋੜਾਂ ਲਈ ਕਰਜ਼ਾ ਨਹੀਂ ਚੁੱਕੇਗਾ ਤਾਂ ਹੋਰ ਕੀ ਕਰੇਗਾ। ਇੱਕ ਵਾਰ ਚੁੱਕੇ ਕਰਜ਼ੇ ਦੇ ਝੰਜਾਲ ਵਿੱਚ ਫਿਰ ਮੁੜ ਕਿਸਾਨ ਦਾ ਨਿਕਲਣਾ ਨਾਮੁਮਕਿਨ ਹੋ ਜਾਂਦਾ ਹੈ। ਇਸ ਤੋਂ ਫਿਰ ਖੁਦਕੁਸ਼ੀ ਕਰਕੇ ਖਹਿੜਾ ਛੁਡਾਉਂਦਾ ਹੈ।

 ਇਸ ਮਿੱਲ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕੇ ਤੋਂ ਵੀ ਕਿਸਾਨ ਗੰਨਾਂ ਲੈ ਕੇ ਆਉਂਦੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਅਬੋਹਰ ਦੇ ਵਾਸੀ ਹਨ ਤੇ ਖੰਡ ਮਿਲ ਵੀ ਅਬੋਹਰ ਤੋਂ ਕਰੀਬ 15 ਕਿਲੋਮੀਟਰ ਫ਼ਾਜ਼ਿਲਕਾ ਵਾਲੇ ਪਾਸੇ ਲੱਗੀ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦੇ ਬਾਵਜੂਦ ਕਿਸੇ ਨੇ ਵੀ ਕਿਸਾਨਾਂ ਦਾ ਮਸਲਾ ਹੱਲ ਨਾ ਕੀਤਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source- ABP sanjha