ਆਲੂਆਂ ਨੂੰ ਲੈ ਕੇ ਹੋਈ ਨਵੀਂ ਖੋਜ, ਆਲੂ ਉਤਪਾਦਕਾਂ ਲਈ ਵੱਡੀ ਖ਼ੁਸ਼ਖ਼ਬਰੀ

January 11 2019

ਆਲੂਆਂ ਦੀ ਵਰਤੋਂ ਹੁਣ ਤਕ ਸਬਜ਼ੀ ਅਤੇ ਸਮੋਸੇ ਬਣਾਉਣ ਲਈ ਕੀਤੀ ਜਾਂਦੀ ਹੈ, ਜਾਂ ਫਿਰ ਆਲੂ ਦੇ ਚਿਪਸ ਵੀ ਬਣਾਏ ਜਾਂਦੇ ਹਨ ਪਰ ਹੁਣ ਆਲੂਆਂ ਦੀ ਵਰਤੋਂ ਮਹਿਜ਼ ਇਨ੍ਹਾਂ ਉਤਪਾਦਾਂ ਤਕ ਹੀ ਸੀਮਤ ਨਹੀਂ ਰਹੇਗੀ, ਕਿਉਂਕਿ ਹੁਣ ਜਲੰਧਰ ਦੇ ਐਗਰੀ ਬਿਜਨੈੱਸ ਇੰਕੁਬੇਟਰ, ਆਈਸੀਏ ਆਰ ਸੈਂਟਰਲ ਪੋਟੈਟੋ ਰਿਸਰਚ ਸਟੇਸ਼ਨ ਬਾਦਸ਼ਾਹਪੁਰ ਨੇ ਆਲੂ ਤੋਂ ਹੋਰ ਕਈ ਤਰ੍ਹਾਂ ਦੇ ਉਤਪਾਦ ਬਣਾਏ ਜਾਣ ਦੀ ਨਵੀਂ ਖੋਜ ਕੀਤੀ ਹੈ। ਜੀ ਹਾਂ, ਇਸ ਨਵੀਂ ਖੋਜ ਤਹਿਤ ਹੁਣ ਆਲੂ ਤੋਂ ਆਲੂ ਦੀਆਂ ਸੇਵੀਆਂ, ਡੀਹਾਈਡ੍ਰੇਟ ਆਲੂ ਕਿਊਬ ਅਤੇ ਹੋਰ ਉਤਪਾਦ ਤਿਆਰ ਕੀਤੇ ਜਾ ਸਕਣਗੇ।

ਇੰਨਾ ਹੀ ਨਹੀਂ ਵੱਖ-ਵੱਖ ਵਰਤੋਂ ਲਈ ਆਲੂ ਦਾ ਆਟਾ ਵੀ ਤਿਆਰ ਕੀਤਾ ਜਾਂਦਾ ਹੈ। ਜਿਸ ਨੂੰ 9 ਮਹੀਨਿਆਂ ਤਕ ਰੱਖਿਆ ਜਾ ਸਕਦਾ ਹੈ। ਇਸ ਵਿਚ ਵਿਸ਼ੇਸ਼ ਗੱਲ ਇਹ ਹੈ ਕਿ ਇਸ ਨੂੰ ਸਾਂਭਣ ਲਈ ਕੋਲਡ ਸਟੋਰੇਜ਼ ਦੀ ਲੋੜ ਨਹੀਂ। ਹੋਰ ਤਾਂ ਹੋਰ ਜਿਨ੍ਹਾਂ ਲੋਕਾਂ ਨੂੰ ਕਣਕ ਤੋਂ ਐਲਰਜ਼ੀ ਹੈ, ਉਹ ਇਸ ਨੂੰ ਆਸਾਨੀ ਨਾਲ ਵਰਤੋਂ ਕਰ ਸਕਦੇ ਹਨ। ਇਥੇ ਹੀ ਬਸ ਨਹੀਂ, ਆਲੂ ਤੋਂ ਕੁਕੀਜ਼ ਵੀ ਤਿਆਰ ਹੋ ਰਹੇ ਹਨ ਜੋ ਪੂਰੀ ਤਰ੍ਹਾਂ ਆਲੂ ਤੋਂ ਬਣੇ ਹਨ। ਇਸ ਤਰ੍ਹਾਂ ਲੋਕ 100 ਫ਼ੀਸਦੀ ਆਂਡਾ ਰਹਿਤ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਫਾਈਬਰ ਚ ਭਰਪੂਰ ਕੁਕੀਜ਼ ਦਾ ਆਨੰਦ ਉਠਾ ਸਕਦੇ ਹਨ। 

ਇਹ ਖੋਜ ਸੂਬੇ ਦੇ ਆਲੂ ਉਤਪਾਦਕਾਂ ਲਈ ਕਾਫ਼ੀ ਲਾਭਦਾਇਕ ਸਿੱਧ ਹੋਵੇਗੀ, ਕਿਉਂਕਿ ਆਲੂ ਉਤਪਾਦਕ ਆਲੂਆਂ ਦੇ ਡਿਗ ਰਹੇ ਮੁੱਲ ਤੋਂ ਕਾਫ਼ੀ ਪਰੇਸ਼ਾਨ ਰਹੇ ਹਨ। ਪੰਜਾਬ ਦੇ ਆਲੂ ਉਤਪਾਦਕਾਂ ਨੂੰ ਇਸ ਵਾਰ ਫਿਰ ਵੱਡੀ ਮਾਰ ਸਹਿਣੀ ਪਈ ਹੈ, ਪਰ ਹੁਣ ਇਸ ਨਵੀਂ ਖੋਜ ਨਾਲ ਆਲੂ ਉਤਪਾਦਕ ਕਿਸਾਨਾਂ ਨੂੰ ਭਵਿੱਖ ਵਿਚ ਆਲੂ ਦੀ ਚੰਗੀ ਕੀਮਤ ਮਿਲਣ ਦੀ ਆਸ ਬੱਝੀ ਹੈ। ਜਿਸ ਨਾਲ ਆਲੂ ਉਤਪਾਦਕ ਕਿਸਾਨਾਂ ਦੀਆਂ ਪਰੇਸ਼ਾਨੀਆਂ ਘੱਟ ਹੋ ਸਕਣਗੀਆਂ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ - Rozana Spokesman