ਆਲੂ ਉਤਪਾਦਕਾਂ ਲਈ ਖੁਸ਼ਖਬਰੀ, ਹੁਣ ਦੇਸੀ ਤਕਨੀਕ ਕਰੇਗੀ ਮਾਲੋਮਾਲ

November 01 2017

 ਚੰਡੀਗੜ੍ਹ: ਆਲੂ ਇੱਕ ਨਾਸ਼ਵਾਨ ਫ਼ਸਲ ਹੈ। ਆਲੂ ਪੁੱਟਣ ਤੋਂ ਬਾਅਦ ਸਾਂਭ-ਸੰਭਾਲ ਤੇ ਬਹੁਤੀਆਂ ਵਾਜ਼ਬ ਕਿਸਮਾਂ ਨਾ ਮਿਲਣ ਕਰਕੇ ਬਜ਼ਾਰ ਵਿੱਚ ਫ਼ਸਲ ਦੀ ਮੰਦੀ ਹੋਣ ਦੇ ਆਸਾਰ ਰਹਿੰਦੇ ਹਨ। ਇਸ ਨਾਲ ਕਿਸਾਨਾਂ ਨੂੰ ਤਾਂ ਘਾਟਾ ਪੈਂਦਾ ਹੀ ਹੈ ਪਰ ਨਾਲ ਹੀ ਕੀਮਤੀ ਭੋਜਨ ਵੀ ਖਰਾਬ ਹੁੰਦਾ ਹੈ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਭੋਜਨ ਵਿਗਿਆਨ ਤੇ ਤਕਨਾਲੋਜੀ ਵਿਭਾਗ ਨੇ ਆਲੂਆਂ ਦੇ ਪ੍ਰੋਸੈਸਿੰਗ ਲਈ ਕੁਝ ਤਕਨੀਕਾਂ ਵਿਕਸਤ ਕੀਤੀਆਂ ਹਨ ਜੋ ਘੱਟ ਕੀਮਤ ਤੇ ਉਪਲੱਬਧ ਹੋਣ ਕਰਕੇ ਕਿਸਾਨਾਂ ਨੂੰ ਆਰਥਿਕ ਮੰਦੀ ਵਿੱਚੋਂ ਕੱਢਣ ਲਈ ਲਾਹੇਵੰਦ ਹਨ।

ਇਸ ਤੋਂ ਇਲਾਵਾ ਪ੍ਰੋਸੈਸਡ ਆਲੂਆਂ ਤੋਂ ਬਣੇ ਉਤਪਾਦ ਬੇਮੌਸਮੀ ਹਾਲਾਤ ਵਿੱਚ ਵੀ ਵੱਧ ਪੌਸ਼ਟਿਕ ਤੱਤ ਮੁਹੱਈਆ ਕਰਦੇ ਹਨ। ਆਲੂਆਂ ਵਿੱਚ ਕਾਰਬੋਹਾਈਡ੍ਰੇਟਸ, ਪ੍ਰੋਟੀਨ, ਖਣਿਜ ਪਦਾਰਥ ਤੇ ਰੇਸ਼ਿਆਂ ਦੀ ਬਹੁਤਾਤ ਹੁੰਦੀ ਹੈ ਪਰ ਚਰਬੀ ਨਾਂਮਾਤਰ ਹੀ ਹੁੰਦੀ ਹੈ। ਆਲੂਆਂ ਨੂੰ ਮਨੁੱਖੀ ਖੁਰਾਕ ਵਿੱਚ ਐਂਟੀਔਕਸੀਡੈਂਟ ਦੇ ਰੂਪ ਵਿੱਚ ਮਹੱਤਵਪੂਰਨ ਸਰੋਤ ਵਜੋਂ ਲਿਆ ਜਾਂਦਾ ਹੈ। ਆਲੂਆਂ ਦੇ ਪ੍ਰਮੁੱਖ ਐਂਟੀਔਕਸੀਡੈਂਟ ਪੌਲੀਫੀਨੋਲ, ਐਸਕੋਰਬਿਕ ਐਸਿਡ, ਕੈਰੋਟੀਨੋਆਇਡਜ਼, ਟੋਕੋਫੀਰਲੋਜ਼, ਅਲਫਾ-ਲਾਇਪੋਇਕ ਐਸਿਡ ਤੇ ਸੀਲੀਨੀਅਮ ਹਨ। ਆਲੂ ਖਾਣ ਨਾਲ ਕਈ ਤਰ੍ਹਾਂ ਦੀਆਂ ਪੁਰਾਣੀਆਂ ਬਿਮਾਰੀਆਂ ਜਿਵੇਂ ਕੈਂਸਰ, ਸੋਜ, ਵਧਦੀ ਉਮਰ ਆਦਿ ਤੋਂ ਵੀ ਬਚਾਅ ਕੀਤਾ ਜਾ ਸਕਦਾ ਹੈ। ਭੋਜਨ ਵਿਗਿਆਨ ਤੇ ਤਕਨਾਲੋਜੀ ਵਿਭਾਗ ਵੱਲੋਂ ਆਲੂਆਂ ਨੂੰ ਸੁਕਾ ਕੇ ਘੱਟ ਖਰਚ ਵਾਲੀ ਦੇਸੀ ਤਕਨੀਕ ਵਿਕਸਤ ਕੀਤੀ ਗਈ ਹੈ ਜੋ ਕਿਸਾਨਾਂ ਵੱਲੋਂ ਅਪਣਾਈ ਜਾ ਸਕਦੀ ਹੈ।

ਹੋਰ ਵੱਖ-ਵੱਖ ਤਰ੍ਹਾਂ ਦੇ ਆਲੂਆਂ ਤੋਂ ਤਿਆਰ ਹੋਣ ਵਾਲੇ ਰਵਾਇਤੀ ਪਕਵਾਨਾਂ ਵਿੱਚ ਆਲੂ ਭੁਜੀਆ, ਆਲੂ ਵੜੀ, ਆਲੂ ਪਾਪੜ, ਆਲੂ ਚਕਲੀ ਤੇ ਆਲੂ-ਮੱਕੀ ਚਿਪਸ ਹਨ। ਇਹ ਉਤਪਾਦ ਬਣਾਉਣ ਵਿੱਚ ਵੀ ਅਸਾਨ ਹਨ ਤੇ ਛੋਟੇ ਪੱਧਰ ਤੇ ਵਪਾਰਕ ਤੌਰ ‘ਤੇ ਲeਏ ਵੀ ਜਾ ਸਕਦੇ ਹਨ। ਵਿਭਾਗ ਵਿੱਚ ਉਪਲੱਬਧ ਇਨਕੂਬੇਸ਼ਨ ਸੈਂਟਰ ਵਿੱਚ ਆਲੂਆਂ ਦੀ ਪ੍ਰੋਸੈਸਿੰਗ ਬਾਰੇ ਵੱਖ-ਵੱਖ ਸਿਖਲਾਈਆਂ ਤੇ ਸਹੂਲਤਾਂ ਉਪਲੱਬਧ ਹਨ ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source:ABP sanjha