ਆਧੁਨਿਕ ਮਸ਼ੀਨੀ ਯੁਗ 'ਚ ਦਾਤੀਆਂ ਦੀ ਥਾਂ ਕੰਬਾਇਨਾਂ ਕਰਦੀਆਂ ਨੇ ਫਸਲਾਂ ਦੀ ਕਟਾਈ

April 12 2018

ਗਿੱਦੜਬਾਹਾ (ਸੰਧਿਆ) - ਆਧੁਨਿਕ ਮਸ਼ੀਨੀ ਯੁੱਗ ਕਾਰਨ ਹੱਥ ਨਾਲ ਕਣਕ ਦੀ ਕਟਾਈ ਦਾ ਰੁਝਾਨ ਖਤਮ ਹੋ ਚੁੱਕਾ ਹੈ। ਪਹਿਲਾਂ ਦਾਤੀ ਨਾਲ ਕਣਕ ਦੀ ਕਟਾਈ ਕੀਤੀ ਜਾਂਦੀ ਸੀ, ਉਥੇ ਹੁਣ ਦਾਤੀ ਦੀ ਥਾਂ ਕੰਬਾਇਨਾਂ ਨਾਲ ਫਸਲ ਦੀ ਕਟਾਈ ਕੀਤੀ ਜਾਂਦੀ ਹੈ। ਇਸ ਨਾਲ ਹੁਣ ਦਾਤੀ ਅਲੋਪ ਹੋਣ ਦੇ ਕਿਨਾਰੇ ਪਹੁੰਚ ਚੁੱਕੀ ਹੈ। ਪਹਿਲਾਂ ਜਦੋਂ ਕੰਬਾਇਨਾਂ ਦੀ ਗਿਣਤੀ ਘੱਟ ਸੀ ਤਾਂ ਮਜ਼ਦੂਰ ਕਣਕ ਦੀ ਕਟਾਈ ਕਰਦੇ ਸਨ ਅਤੇ ਉਸ ਤੋਂ ਬਾਅਦ ਥਰੈਸ਼ਰਾਂ (ਹੜੰਬੇ) ਰਾਹੀਂ ਤੂੜੀ ਬਣਾਈ ਜਾਂਦੀ ਸੀ। ਹੁਣ ਕੰਬਾਇਨਾਂ ਦੀ ਗਿਣਤੀ ਵੱਧਣ ਨਾਲ ਫਸਲਾਂ ਦੀ ਕਟਾਈ ਕੰਬਾਇਨਾਂ ਨਾਲ ਹੋਣ ਨਾਲ ਦਾਤੀਆਂ ਅਤੇ ਥਰੈਸ਼ਰ ਅਲੋਪ ਹੋ ਚੁੱਕੇ ਹਨ। 

ਦੇਖਣ ਨੂੰ ਮਿਲ ਰਿਹਾ ਹੈ ਕਿ ਕੰਬਾਇਨ ਮਾਲਕ ਖੁਦ ਜਾ ਕੇ ਕਿਸਾਨਾਂ ਦੀ ਫਸਲ ਵੱਡਣ ਦੀ ਬੁਕਿੰਗ ਅਡਵਾਂਸ ਕਰ ਲੈਂਦੇ ਹਨ ਕਿਉਂ ਜੋ ਕੰਬਾਇਨਾਂ ਦੀ ਗਿਣਤੀ ਇੰਨੀ ਵੱਧ ਚੁੱਕੀ ਹੈ। ਜਦਕਿ ਪਹਿਲਾਂ ਕਿਸਾਨਾਂ ਵਲੋਂ ਕੰਬਾਇਨ ਮਾਲਕਾਂ ਦੀ ਖੂਬ ਸੇਵਾ ਕੀਤੀ ਜਾਂਦੀ ਸੀ। ਸਟਰਾ ਰੀਪਰ ਦੇ ਆਉਣ ਨੇ ਜਿੱਥੇ ਵਾਤਾਵਰਨ ਗੰਧਲਾ ਕਰਨ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਹੈ, ਉਥੇ ਹੀ ਇਸ ਦੀ ਵਜ੍ਹਾਂ ਨਾਲ ਦਾਤੀਆਂ ਤੇ ਥਰੈਸ਼ਰ ਅਲੋਪ ਹੋ ਗਏ ਹਨ। ਕਿਸਾਨ ਪਸ਼ੂ ਪਾਲਣ ਦਾ ਧੰਦਾ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਤੂੜੀ ਦੀ ਜਰੂਰਤ ਹੁੰਦੀ ਹੈ। ਤੂੜੀ ਦੀ ਪੂਰਤੀ ਲਈ ਕਿਸਾਨ ਦਾਤੀ ਨਾਲ ਕਣਕ ਵੱਡਦੇ ਸਨ ਪਰ ਸਟਰਾ ਰੀਪਰ ਆਉਨ ਨਾਲ ਇਹ ਸਭ ਖਤਮ ਹੋ ਗਿਆ।  

ਇਸ ਸੰਬੰਧੀ ਹੱਥੀ ਕਣਕ ਵੱਡਣ ਵਾਲੇ ਮਜ਼ਦੂਰਾਂ ਨੇ ਕਿਹਾ ਕਿ ਮਸ਼ੀਨੀ ਯੁੱਗ ਨੇ ਉਨ੍ਹਾਂ ਦਾ ਕੰਮ ਖੋਹ ਲਿਆ ਹੈ। ਪਹਿਲਾਂ ਜਿੱਥੇ ਉਨ੍ਹਾਂ ਨੂੰ ਕਣਕ ਦੀ ਵਾਢੀ ਦਾ ਚਾਅ ਹੁੰਦਾ ਸੀ ਪਰ ਹੁਣ ਕੋਈ ਹੀ ਕਣਕ ਦੀ ਕਟਾਈ ਕਰਵਾਉਂਦਾ ਹੈ। ਇਸ ਸੰਬੰਧੀ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਹੱਥੀ ਵਾਢੀ ਕਰਵਾਉਣਾ ਮਹਿੰਗਾ ਪੈਂਦਾ ਹੈ। ਮੌਸਮ ਵਾਰ ਵਾਰ ਬਦਲਦਾ ਰਹਿੰਦਾ ਹੈ, ਜਿਸ ਕਾਰਨ ਉਹ ਮਜ਼ਬੂਰ ਹੋ ਕੇ ਕੰਬਾਇਨਾਂ ਨਾਲ ਕਣਕ ਦੀ ਕਟਾਈ ਕਰਵਾਉਣੀ ਪੈਂਦੀ ਹੈ। ਇਸ ਨਾਲ ਸਮੇਂ ਦੀ ਬਚਤ ਹੁੰਦੀ ਹੈ ਅਤੇ ਪੈਸੇ ਵੀ ਘੱਟ ਲੱਗਦੇ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Jagbani