ਅੱਜ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਸਰਕਾਰੀ ਖ਼ਰੀਦ

October 01 2018

ਚੰਡੀਗੜ੍ਹ: ਅੱਜ ਯਾਨੀ ਪਹਿਲੀ ਅਕਤੂਬਰ ਤੋਂ ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਜਾ ਰਹੀ ਹੈ। ਸੂਬੇ ਵਿੱਚ ਕੁੱਲ 1834 ਖਰੀਦ ਕੇਂਦਰਾਂ ਵਿੱਚੋਂ ਪਨਗਰੇਨ 30 ਫ਼ੀਸਦੀ, ਪਨਸਪ 22 ਫ਼ੀਸਦੀ, ਮਾਰਕਫੈੱਡ 23 ਫ਼ੀਸਦੀ, ਪੰਜਾਬ ਐਗਰੋ 10 ਫ਼ੀਸਦੀ, ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ 10 ਫ਼ੀਸਦੀ ਅਤੇ ਐਫਸੀਆਈ 5 ਫ਼ੀਸਦੀ ਦੇ ਹਿਸਾਬ ਨਾਲ ਝੋਨੇ ਦੀ ਖਰੀਦ ਕਰਨਗੀਆਂ।

ਭਾਰਤ ਸਰਕਾਰ ਨੇ ਏ-ਗਰੇਡ ਦੇ ਝੋਨੇ ਲਈ ਵੱਧ ਤੋਂ ਵੱਧ ਵਿਕਰੀ ਮੁੱਲ 1770 ਰੁਪਏ ਪ੍ਰਤੀ ਕੁਇੰਟਲ ਅਤੇ ਝੋਨੇ ਦੀ ਆਮ ਕਿਸਮ ਲਈ 1750 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ। ਸੂਬੇ ਵੱਲੋਂ ਝੋਨੇ ਦੀ ਖਰੀਦ ਲਈ 40,300 ਕਰੋੜ ਰੁਪਏ ਦੀ ਸੀਸੀਐਲ ਲਿਮਿਟ ਮੰਗੀ ਗਈ ਹੈ। ਐਫਸੀਆਈ ਝੋਨੇ ਦੀ ਖਰੀਦ ਲਈ ਜ਼ਰੂਰੀ ਫੰਡਾਂ ਦਾ ਆਪਣੇ ਪੱਧਰ ’ਤੇ ਖੁਦ ਪ੍ਰਬੰਧ ਕਰੇਗੀ।

ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਖਰੀਦ ਏਜੰਸੀਆਂ ਦੇ ਮੁਖੀਆਂ ਤੇ ਐਫਸੀਆਈ ਦੇ ਪੰਜਾਬ ਖੇਤਰ ਦੇ ਜਨਰਲ ਮੈਨੇਜਰ ਨੂੰ ਨਿਰਦੇਸ਼ ਦਿੱਤੇ ਹਨ ਕਿ ਪਹਿਲੀ ਅਕਤੂਬਰ ਤੋਂ ਸੂਬੇ ਵਿੱਚ ਸ਼ੁਰੂ ਹੋ ਰਹੀ ਝੋਨੇ ਦੀ ਖਰੀਦ ’ਤੇ ਉਹ ਨਜ਼ਰ ਰੱਖਣ ਅਤੇ ਝੋਨੇ ਦੀ ਤੁਰੰਤ ਚੁਕਾਈ ਨੂੰ ਯਕੀਨੀ ਬਣਾਇਆ ਜਾਵੇ।

ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਫਸਲ ਦੇ ਭੰਡਾਰ ਲਈ ਉੱਚ ਗੁਣਵੱਤਾ ਵਾਲੀਆਂ ਮਜ਼ਬੂਤ ਬੋਰੀਆਂ ਦੀ ਵਰਤੋਂ ਕਰਨ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫੀਲਡ ਸਟਾਫ ਝੋਨੇ ਦੀ ਖਰੀਦ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨ ਲਈ ਸ਼ਨਿਚਰਵਾਰ, ਐਤਵਾਰ ਅਤੇ ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਕੰਮ ਕਰੇ। ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਫਸਲ ਦੀ ਸੁਰੱਖਿਆ ਅਤੇ ਸਫਾਈ ਸਹੂਲਤਾਂ ਸਬੰਧੀ ਢੁੱਕਵੇਂ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ ਹੈ।

Source: ABP Sanjha