ਅੱਗ ਲੱਗਣ ਕਾਰਨ 100 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋਈ

April 16 2018

ਪਿੰਡ ਦੋਲੋਵਾਲ, ਹੂਸੇਨਪੁਰਾ ਅਤੇ ਮੰਨਵੀ ਦੇ ਕਿਸਾਨਾਂ ਦੀ ਤਕਰੀਬਨ 100 ਏਕੜ ਖੜੀ ਕਣਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਤੇ ਕਾਬੂ ਪਾਉਣ ਲਈ ਕਿਸਾਨਾਂ ਨੇ ਟਰੈਕਟਰਾਂ ਦੇ ਹਲ, ਤਵੀਆ ਤੋਂ ਇਲਾਵਾ ਸਪਰੈਅ ਪੰਪਾਂ ਦੀ ਵਰਤੋਂ ਕੀਤੀ। ਫਾਇਰ ਬ੍ਰਿਗੇਡ ਦੀ ਗੱਡੀ ਵੀ ਅੱਗ ਤੇ ਕਾਬੂ ਪਾਉਣ ਲਈ ਲੱਗੀ ਰਹੀ।|ਅੱਗ ਲੱਗਣ ਦੀ ਖਬਰ ਮਿਲਦਿਆਂ ਹੀ ਡੀ.ਐੱਸ.ਪੀ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਪੁਲਸ ਫੋਰਸ ਘਟਨਾ ਸਥਾਨ ਤੇ ਪਹੁੰਚੀ ਤੇ ਥਾਣਾ ਮੁੱਖੀ ਗੁਰਭਜਨ ਸਿੰਘ ਤੇ ਸਹਾਇਕ ਥਾਣੇਦਾਰ ਜਗਦੇਵ ਸਿੰਘ ਵੱਲਂੋ ਪੀੜਤ ਕਿਸਾਨ ਨਾਲ ਗੱਲਬਾਤ ਕੀਤੀ।

ਇਸ ਮੌਕੇ ਹਾਜ਼ਰ ਕਿਸਾਨ ਆਗੂ ਸਰਬਜੀਤ ਸਿੰਘ ਭੁਰਥਲਾ ਮੰਡੇਰ ਤੇ ਮਨਜਿੰਦਰ ਸਿੰਘ ਮੰਗਾਂ ਨੇ ਦੱਸਿਆ ਕਿ ਹਾਦਸਾ ਬਿਜਲੀ ਬੋਰਡ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ ਕਿਉਂਕਿ ਮੰਨਵੀ ਗਰਿੱਡ ਤੋਂ ਦੋਲੋਵਾਲ ਸੜਕ ਤੇ ਸਥਿਤ ਇਕ ਸੈਲਰ ਨੂੰ 24 ਘੰਟੇ ਬਿਜਲੀ ਸਪਲਾਈ ਆਉਂਦੀ ਹੈ, ਉੱਥੇ ਇਕ ਟਾਹਲੀ ਦੇ ਦਰਖੱਤ ਦੀਆਂ ਟਾਹਣੀਆਂ ਤਾਰਾਂ ਨਾਲ ਟਕਰਾਈਆ ਤੇ ਅੱਗ ਲੱਗ ਗਈ।

ਇਸ ਸਬੰਧੀ ਐੱਸ.ਡੀ. ਲਸੋਈ ਮਲਕੀਤ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਜੇ.ਈ.  ਨੂੰ ਮੌਕਾ ਵੇਖਣ ਲਈ ਭੇਜਿਆ ਗਿਆ ਹੈ।|ਮੌਕੇ ਤੇ ਹਾਜ਼ਰ ਨਾਇਬ ਤਹਿਸੀਲਦਾਰ ਬਹਾਦਰ ਸਿੰਘ ਨੇ ਕਿਹਾ ਕਿ ਅੱਗ ਕਿਵੇਂ ਲੱਗੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਉਚਿੱਤ ਮੁਆਵਜ਼ਾ ਮਿਲੇ ਇਸ ਲਈ ਉਚ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ।|

ਸਾਬਕਾ ਚੇਅਰਮੈਨ ਹਰਬੰਸ ਸਿੰਘ ਚੌਦਾਂ, ਠੇਕੇਦਾਰ ਕੇਸਰ ਸਿੰਘ ਚੌਦਾਂ, ਮੇਜਰ ਸਿੰਘ ਲਾਡੇਵਾਲ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਕੇਵਲ ਸਿੰਘ ਜਾਗੋਵਾਲ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਹੂਸੇਨਪੁਰਾ ਦੀ 63 ਵਿੱਘੇ, ਬਲਵੰਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਦੋਲੋਵਾਲ ਦੀ 167 ਵਿੱਘੇ, ਮਨਜੀਤ ਸਿੰਘ ਪਸ਼ੋਰਾ ਸਿੰਘ ਦੋਲੋਵਾਲ ਦੀ 26 ਵਿੱਘੇ, ਜੋਗਿੰਦਰ ਸਿੰਘ ਪੁੱਤਰ ਜੀਤ ਸਿੰਘ ਹੁਸੈਨਪੁਰਾ ਦੀ 12 ਵਿੱਘੇ, ਮਨਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਹੂਸੈਨਪੁਰਾ ਦੀ 80 ਵਿੱਘੇ, ਸਪਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਦੋਲੋਵਾਲ ਦੀ 40 ਵਿੱਘੇ, ਜਗਤਾਰ ਸਿੰਘ ਪੁੱਤਰ ਚਮਕੌਰ ਸਿੰਘ ਦੀ 20 ਵਿੱਘੇ, ਮੇਵਾ ਸਿੰਘ ਪੁੱਤਰ ਮੇਘ ਸਿੰਘ ਦੋਲੋਵਾਲ ਦੀ 20 ਵਿੱਘੇ ਅਤੇ ਗੁਰਦੀਪ ਸਿੰਘ ਪੁੱਤਰ ਰਾਮ ਸਿੰਘ ਦੋਲੋਵਾਲ ਦੀ 20 ਵਿੱਘੇ ਪੱਕੀ ਕਣਕ ਸੜ ਕੇ ਸੁਆਹ ਹੋ ਗਈ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Jagbani