ਅੱਗ ਨਾਲ ਸੜੀਆਂ ਫ਼ਸਲਾਂ ਦਾ ਮੁਆਵਜ਼ਾ ਜਾਰੀ, ਮੁੱਖ ਮੰਤਰੀ ਦੇ ਜ਼ਿਲ੍ਹੇ ਨੂੰ ਸਭ ਤੋਂ ਵੱਡਾ ਗੱਫਾ

July 23 2018

ਚੰਡੀਗੜ੍ਹ: ਅੱਗ ਨਾਲ ਸੜੀਆਂ ਫ਼ਸਲਾਂ ਦੇ ਮੁਆਵਜ਼ੇ ਲਈ ਸਰਕਾਰ ਨੇ 1.19 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਸਰਕਾਰ ਨੇ ਚਾਲੂ ਸਾਲ ਤੇ ਪਿਛਲੇ ਸਾਲ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਸੜੀ ਫ਼ਸਲ ਦਾ ਮੁਆਵਜ਼ਾ ਜਾਰੀ ਕੀਤਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਅੱਗ ਲੱਗਣ ਕਾਰਨ ਸਭ ਤੋਂ ਘੱਟ ਫ਼ਸਲਾਂ ਮੋਹਾਲੀ ਵਿੱਚ ਸੜੀਆਂ ਹਨ। ਸਭ ਤੋਂ ਵੱਧ ਨੁਕਸਾਨ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਪਟਿਆਲਾ ਵਿੱਚ ਹੋਇਆ ਹੈ।

ਜੇਕਰ ਅੰਕੜਿਆਂ ਤੇ ਜ਼ਿਲ੍ਹਾ ਵਾਰ ਨਜ਼ਰ ਮਾਰੀਏ ਤਾਂ ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਦੇ ਅੱਗ ਨਾਲ ਪੀੜਤ ਕਿਸਾਨਾਂ ਨੂੰ ਫ਼ਸਲ ਸੜ ਜਾਣ ਬਦਲੇ 31 ਲੱਖ ਰੁਪਏ ਤੋਂ ਵੱਧ ਦਾ ਮੁਆਵਜ਼ਾ ਦਿੱਤਾ ਗਿਆ ਹੈ। ਗੁਰਦਾਸਪੁਰ ਦੇ ਪੀੜਤ ਕਿਸਾਨਾਂ ਦੇ ਹਿੱਸੇ 17 ਲੱਖ ਤੋਂ ਵੱਧ ਮੁਆਵਜ਼ਾ ਆਇਆ ਹੈ। ਸਰਕਾਰ ਦੇ ਅੰਕੜਿਆਂ ਮੁਤਾਬਕ ਅੱਗ ਲੱਗਣ ਦੀਆਂ ਸਭ ਤੋਂ ਘੱਟ ਘਟਨਾਵਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਜ਼ਿਲ੍ਹੇ ਵਿੱਚ ਹੋਈਆਂ ਹਨ। ਇਸੇ ਲਈ ਇੱਥੋਂ ਦੇ ਕਿਸਾਨਾਂ ਨੂੰ ਸਿਰਫ 8,000 ਰੁਪਏ ਮੁਆਵਜ਼ਾ ਜਾਰੀ ਹੋਇਆ ਹੈ।

ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਮੁਤਾਬਕ ਮਾਨਸਾ ਜ਼ਿਲ੍ਹੇ ਦੇ ਅੱਗ ਪੀੜਤ ਕਿਸਾਨਾਂ ਨੂੰ 5,39,350 ਰੁਪਏ, ਤਰਨ ਤਾਰਨ ਦੇ ਕਿਸਾਨਾਂ ਨੂੰ 3,96,100 ਰੁਪਏ, ਫ਼ਤਹਿਗੜ੍ਹ ਸਾਹਿਬ ਦੇ ਕਿਸਾਨਾਂ ਨੂੰ 1,62,700 ਰੁਪਏ, ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਨੂੰ 1,66,900 ਰੁਪਏ, ਫ਼ਰੀਦਕੋਟ ਜ਼ਿਲ੍ਹੇ ਵਿੱਚ ਅੱਗ ਪੀੜਤ ਕਿਸਾਨਾਂ ਨੂੰ 78,800 ਰੁਪਏ, ਪਠਾਨਕੋਲ ਲਈ 63,500 ਰੁਪਏ, ਰੂਪਨਗਰ ਲਈ 1,31,250 ਰੁਪਏ, ਫ਼ਿਰੋਜ਼ਪੁਰ ਲਈ 3,19,000 ਰੁਪਏ, ਸੰਗਰੂਰ ਲਈ 83,150 ਰੁਪਏ, ਬਰਨਾਲਾ ਦੇ ਅੱਗ ਪੀੜਤ ਕਿਸਾਨਾਂ ਨੂੰ 52,400 ਰੁਪਏ, ਬਠਿੰਡਾ ਲਈ 1,20,000 ਰੁਪਏ, ਫ਼ਾਜ਼ਿਲਕਾ ਲਈ 8,75,250 ਰੁਪਏ, ਲੁਧਿਆਣਾ ਜ਼ਿਲ੍ਹੇ ਲਈ 5,18,850 ਰੁਪਏ, ਸ਼ਹੀਦ ਭਗਤ ਸਿੰਘ ਨਗਰ ਲਈ 1,02,866 ਰੁਪਏ, ਮੋਗਾ ਦੇ ਕਿਸਾਨਾਂ ਲਈ 3,64,500 ਰੁਪਏ, ਜਲੰਧਰ ਜ਼ਿਲ੍ਹੇ ਦੇ ਪੀੜਤ ਕਿਸਾਨਾਂ ਲਈ 5,11,000 ਰੁਪਏ, ਕਪੂਰਥਲਾ ਲਈ 2,33,900 ਰੁਪਏ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਅੱਗ ਪੀੜਤ ਕਿਸਾਨਾਂ ਲਈ 1,55,100 ਰੁਪਏ ਦਾ ਮੁਆਵਜ਼ਾ ਜਾਰੀ ਕੀਤਾ ਗਿਆ ਹੈ।

ਮਾਲ ਮੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਨੇ 1,19,36,666 ਰੁਪਏ ਦੀ ਰਾਸ਼ੀ ਸਾਲ 2017-18 ਤੇ 2018-19 ਦੌਰਾਨ ਕੁੱਲ 1491 ਏਕੜ ਵਿੱਚ ਸੜੀ ਫ਼ਸਲ ਦਾ ਮੁਆਵਜ਼ਾ ਜਾਰੀ ਕੀਤਾ ਹੈ। ਮੰਤਰੀ ਨੇ ਦੱਸਿਆ ਕਿ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੀੜਤ ਕਿਸਾਨਾਂ ਨੂੰ ਭੇਜ ਦਿੱਤਾ ਗਿਆ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: ABP Sanjha