The talk of running the Bathinda Thermal with paddy straw

February 25 2019

This content is currently available only in Punjabi language.

ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਪਰਾਲੀ ਨਾਲ ਚਲਾਉਣ ਦੀ ਗੱਲ ਤੇਜ਼ੀ ਨਾਲ ਅੱਗੇ ਵਧੀ ਹੈ। ਡੈਨਮਾਰਕ ਦੀ ਇਕ ਕੰਪਨੀ ਨੇ ਕੁਝ ਸਮਾਂ ਪਹਿਲਾਂ ਬਠਿੰਡਾ ਥਰਮਲ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਰਾਬਤਾ ਬਣਾਇਆ ਸੀ ਤੇ ਅੱਜ ਇਸ ਟੀਮ ਨੇ ਥਰਮਲ ਦਾ ਦੌਰਾ ਵੀ ਕੀਤਾ। ਥਰਮਲ ਵਿਚ ਮੌਜੂਦ ਮਸ਼ੀਨਰੀ ਤੇ ਹੋਰ ਪ੍ਰਬੰਧਾਂ ਨੂੰ ਵੇਖ ਕੇ ਡੈਨਮਾਰਕ ਦੀ ਬੀਡਬਲਿਊਐਸਸੀ ਕੰਪਨੀ ਦੇ ਜਨਰਲ ਮੈਨੇਜਰ ਮਿਸਟਰ ਫਲੈਮਿੰਗ ਨੇ ਇਸ ਵਿਚ ਕਾਫ਼ੀ ਰੁਚੀ ਵਿਖਾਈ ਹੈ।

ਥਰਮਲ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਮਿਸਟਰ ਫਲੈਮਿੰਗ, ਜੋ ਬਾਇਓਮਾਸ ਪਲਾਂਟ ਦੇ ਮਾਹਿਰ ਹਨ, ਨੇ ਆਖਿਆ ਕਿ ਪਰਾਲੀ ਨਾਲ ਚੱਲਣ ਵਾਲਾ ਇਹ ਵਿਸ਼ਵ ਦਾ ਪਹਿਲਾ ਵੱਡਾ ਥਰਮਲ ਹੋਵੇਗਾ। ਬਠਿੰਡਾ ਥਰਮਲ ਦੇ ਚੀਫ ਇੰਜਨੀਅਰ ਕੁਲਦੀਪ ਕੁਮਾਰ ਗਰਗ ਨੇ ਦੱਸਿਆ ਕਿ ਇਸ ਟੀਮ ਨਾਲ ਯਮੁਨਾਨਗਰ ਅਤੇ ਨੋਇਡਾ ਤੋਂ ਵੀ ਮਾਹਿਰ ਆਏ ਸਨ। ਮਾਹਿਰਾਂ ਦੀ ਇਸ ਟੀਮ ਨੇ ਕੁਝ ਨਵੀਂ ਮਸ਼ੀਨਰੀ ਲਾਉਣ ਬਾਰੇ ਵੀ ਸਲਾਹ-ਮਸ਼ਵਰਾ ਕੀਤਾ। ਸ੍ਰੀ ਗਰਗ ਦੇ ਦੱਸਣ ਮੁਤਾਬਿਕ ਟੀਮ ਅੱਜ ਆਪਣੇ ਪਹਿਲੇ ਦੌਰੇ ਦੌਰਾਨ ਹੀ ਇੱਥੋਂ ਦੇ ਪ੍ਰਬੰਧਾਂ ਅਤੇ ਮਸ਼ੀਨਰੀ ਵੇਖ ਕੇ ਕਾਫ਼ੀ ਪ੍ਰਭਾਵਿਤ ਹੋਈ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਥਰਮਲ ਦਾ ਆਖਰੀ ਯੂਨਿਟ 21 ਸਤੰਬਰ 2017 ਨੂੰ ਬੰਦ ਹੋਇਆ ਸੀ, ਪਰ ਹੁਣ ਪਰਾਲੀ ਨਾਲ ਇਹ ਥਰਮਲ ਮੁੜ ਚੱਲ ਸਕਦਾ ਹੈ।

ਨਵੇਂ ਪ੍ਰਾਜੈਕਟ ਨਾਲ ਘਟੇਗਾ ਹਵਾ ਪ੍ਰਦੂਸ਼ਣ

ਨਵੇਂ ਪ੍ਰਾਜੈਕਟ ਨਾਲ ਪਿਛਲੇ ਕਈ ਸਾਲਾਂ ਤੋਂ ਪਰਾਲੀ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਦਾ ਮਸਲਾ ਵੀ ਕਾਫ਼ੀ ਹੱਦ ਤੱਕ ਹੱਲ ਹੋਵੇਗਾ। ਇਸ ਥਰਮਲ ਵਿਚ ਸਾਲਾਨਾ 4 ਲੱਖ ਟਨ ਪਰਾਲੀ ਦੀ ਖ਼ਪਤ ਹੋਵੇਗੀ, ਜਦੋਂਕਿ ਰੋਜ਼ਾਨਾ 1250 ਟਨ ਪਰਾਲੀ ਵਰਤੋਂ ਵਿਚ ਲਿਆਂਦੀ ਜਾਇਆ ਕਰੇਗੀ। ਮਾਹਿਰਾਂ ਅਨੁਸਾਰ ਪਰਾਲੀ ’ਚ 16 ਫ਼ੀਸਦੀ ਸੁਆਹ ਹੁੰਦੀ ਹੈ, ਜਦੋਂਕਿ ਕੋਲੇ ਵਿਚ 40 ਫ਼ੀਸਦੀ ਹੁੰਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune