On the Chunni chowk farmers were stopped with stray animals

March 08 2019

This content is currently available only in Punjabi language.

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਲਾਵਾਰਿਸ ਪਸ਼ੂਆਂ ਨੂੰ ਲੱਦ ਕੇ ਚੰਡੀਗੜ੍ਹ ਵਿਚ ਮੁੱਖ ਮੰਤਰੀ ਦੀ ਕੋਠੀ ਅੱਗੇ ਛੱਡਣ ਦਾ ਪ੍ਰੋਗਰਾਮ ਉਲੀਕਿਆ ਸੀ| ਇਸੇ ਸਬੰਧ ਵਿੱਚ ਅੱਜ ਇਲਾਕੇ ਦੇ ਕਿਸਾਨਾਂ ਨੇ ਲਾਵਾਰਿਸ ਪਸ਼ੂਆਂ ਨੂੰ ਟਰੈਕਟਰ-ਟਰਾਲੀਆਂ ਵਿੱਚ ਲੱਦ ਕੇ ਅਨਾਜ ਮੰਡੀ ਮੋਰਿੰਡਾ ਪਹੁੰਚਾਇਆ ਜਿੱਥੋਂ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆਂ, ਬਲਾਕ ਪ੍ਰਧਾਨ ਦਲਜੀਤ ਸਿੰਘ ਚਲਾਕੀ ਦੀ ਅਗਵਾਈ ਹੇਠ ਇਨ੍ਹਾਂ ਪਸ਼ੂਆਂ ਨੂੰ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਪਹੁੰਚਾਉਣ ਤੋਂ ਬਾਅਦ ਚੰਡੀਗੜ੍ਹ ਲਈ ਰਵਾਨਾ ਕੀਤਾ ਜਾਣਾ ਸੀ। ਇਸੇ ਦੌਰਾਨ ਪੁਲੀਸ ਨੇ ਕਿਸਾਨਾਂ ਨੂੰ ਚੁੰਨੀ ਚੌਕ ’ਤੇ ਘੇਰ ਲਿਆ। ਨਾਰਾਜ਼ ਹੋਏ ਕਿਸਾਨਾਂ ਨੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ| ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਗਊ ਸੈੱਸ ਲੈਣ ਦੇ ਬਾਵਜੂਦ ਲਾਵਾਰਿਸ ਪਸ਼ੂਆਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀ| ਉਨ੍ਹਾਂ ਕਿਹਾ ਕਿ ਲਾਵਾਰਿਸ ਪਸ਼ੂ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰ ਰਹੇ ਹਨ ਅਤੇ ਕੁੱਤੇ ਛੋਟੇ ਬੱਚਿਆਂ ਨੂੰ ਜ਼ਖ਼ਮੀ ਕਰਦੇ ਹਨ| ਕਿਸਾਨਾਂ ਦਾ ਰੋਸ ਧਰਨਾ ਚਾਰ ਘੰਟੇ ਜਾਰੀ ਰਿਹਾ| ਇਸ ਦੌਰਾਨ ਪੁਲੀਸ ਨੇ ਬਦਲਵੇਂ ਟ੍ਰੈਫਿਕ ਪ੍ਰਬੰਧ ਕੀਤੇ ਹੋਏ ਸਨ| ਧਰਨੇ ਵਿੱਚ ਸਾਬਕਾ ਕੈਬਨਿਟ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਅਤੇ ਅਕਾਲੀ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ| ਸ਼ਾਮ 3 ਵਜੇ ਕਿਸਾਨਾਂ ਅਤੇ ਤਹਿਸੀਲਦਾਰ ਮੋਰਿੰਡਾ ਰਾਮ ਕ੍ਰਿਸਨ ਵਿਚਕਾਰ ਧਰਨਾ ਹਟਾਉਣ ਨੂੰ ਲੈ ਕੇ ਸਹਿਮਤੀ ਬਣੀ ਤੇ ਪ੍ਰਸ਼ਾਸਨ ਨੇ ਟਰੱਕਾਂ ਰਾਹੀਂ ਲਾਵਾਰਿਸ ਪਸ਼ੂਆਂ ਨੂੰ ਗਊਸ਼ਾਲਾ ਨੂਰਪੁਰਬੇਦੀ ਲਈ ਭੇਜ ਦਿੱਤੇ| ਇਸ ਮੌਕੇ ਕਿਸਾਨ ਆਗੂ ਚਰਨ ਸਿੰਘ ਮੁੰਡੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਲਾਵਾਰਿਸ ਪਸੂਆਂ ਦੇ ਪੱਕੇ ਹੱਲ ਲਈ ਕਾਰਵਾਈ ਕੀਤੀ ਜਾਵੇ ਅਤੇ ਪੰਜਾਬ ਵਿੱਚ ਸਲਾਟਰ ਹਾਊਸ ਬਣਾਏ ਜਾਣ| ਇਸ ਮੌਕੇ ਮਹਿੰਦਰ ਸਿੰਘ ਰੌਣੀ, ਭਿੰਦਰ ਸਿੰਘ ਮੁੰਡੀਆਂ, ਕੇਹਰ ਸਿੰਘ, ਗੁਰਨਾਮ ਸਿੰਘ ਜਟਾਣਾ, ਕਰਨੈਲ ਸਿੰਘ ਡੂਮਛੇੜੀ, ਰਣਧੀਰ ਸਿੰਘ ਮਾਜਰੀ, ਕਰਨੈਲ ਸਿੰਘ ਰਸੀਦਪੁਰ, ਧਰਮ ਸਿੰਘ ਰਸੂਲਪੁਰ ਮੌਜੂਦ ਸਨ|

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ