Need of new technology for agriculture sector: Badnor

March 09 2019

This content is currently available only in Punjabi language.

ਨੀਤੀ ਅਯੋਗ ਵੱਲੋਂ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਅਤੇ ਨੈਸ਼ਨਲ ਐਗਰੀ-ਫੂਡ ਬਾਇਓਟੈਕਨਾਲੋਜੀ ਇੰਸਟੀਚਿਊਟ ਦੇ ਸਹਿਯੋਗ ਨਾਲ ਖੇਤੀਬਾੜੀ ਸਟਾਰਟ ਅੱਪ ਅਤੇ ਉਨ੍ਹਾਂ ਨੂੰ ਖੇਤੀਬਾੜੀ ਵਪਾਰ ਦੇ ਮੁੱਦਿਆਂ ਲਈ ਢੁਕਵੇਂ ਹੱਲ ਲੱਭਣ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਨੈਸ਼ਨਲ ਐਗਰੀ-ਫੂਡ ਬਾਇਓ ਟੈਕਨਾਲੋਜੀ ਇੰਸਟੀਚਿਊਟ ਮੁਹਾਲੀ ਵਿੱਚ ‘ਸਮਾਰਟ ਖੇਤੀਬਾੜੀ ਲਈ ਸਟਾਰਟ ਅੱਪਸ’ ਵਿਸ਼ੇ ’ਤੇ ਇੱਕ ਰੋਜ਼ਾ ਸੰਮੇਲਨ ਕਰਵਾਇਆ ਗਿਆ। ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸ਼ਮ੍ਹਾ ਰੌਸ਼ਨ ਕਰਕੇ ਸੰਮੇਲਨ ਦਾ ਉਦਘਾਟਨ ਕੀਤਾ।

ਇਸ ਸੰਮੇਲਨ ਦਾ ਉਦੇਸ਼ ਖੇਤੀਬਾੜੀ ਦੇ ਨਿਰਯਾਤ, ਖੇਤੀਬਾੜੀ ਦੇ ਸਾਧਨਾਂ ਨੂੰ ਵਧਾਉਣ, ਖੇਤੀਬਾੜੀ ਸਾਧਨਾਂ ਦੀ ਵਰਤੋਂ ਕਰਨ, ਸਫ਼ਲਤਾ ਦੀਆਂ ਕਹਾਣੀਆਂ/ਬਹਿਤਰੀਨ ਕੰਮ,ਖੇਤੀ ਕਾਰੋਬਾਰ ਨੂੰ ਵਧਾਉਣ ਲਈ ਐਫਪੀਓਜ਼, ਸਹਿਕਾਰਤਾ, ਖੇਤੀ ਉੱਦਮੀ ਅਤੇ ਸਟਾਰਟ ਅੱਪ ਵੱਲੋਂ ਅਪਣਾਈ ਗਈ ਆਧੁਨਿਕ ਟੈਕਨਾਲੋਜੀ ਨੂੰ ਪੇਸ਼ ਕਰਨ ਦਾ ਇੱਕ ਮੌਕਾ ਦੇਣਾ ਸੀ। 200 ਤੋਂ ਵੱਧ ਭਾਈਵਾਲਾਂ ਜਿਵੇਂ ਸਟਾਰਟ ਅੱਪਸ ਅਤੇ ਐੱਫਪੀ ਓਜ਼ ਦੇ ਸਬੰਧਤ ਮੰਤਰਾਲਿਆਂ ਦੇ ਅਧਿਕਾਰੀ, ਸੂਬਾ ਸਰਕਾਰਾਂ, ਨਾਬਾਰਡ, ਸਮਾਲ ਫਾਰਮਰ ਐਗਰੀਬਿਜਨਸ਼ ਕੰਸੋਰਟੀਅਮ (ਐਸਐਫਏਸੀ) ਅਤੇ ਪੰਜਾਬ, ਹਰਿਆਣਾ, ਉਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ ਤੇ ਐਨਸੀਟੀ ਦਿੱਲੀ ਆਦਿ ਸੂਬਿਆਂ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਨੇ ਹਿੱਸਾ ਲਿਆ।

ਇਸ ਮੌਕੇ ਸ੍ਰੀ ਬਦਨੌਰ ਨੇ ਕਿਹਾ ਕਿ ਇਹ ਸੰਮੇਲਨ ਕਰਵਾਉਣ ਦੀ ਨੀਤੀ ਅਯੋਗ ਦੀ ਪਹਿਲਕਦਮੀ ਦੇਸ਼ ਵਿੱਚ ਖੇਤੀਬਾੜੀ ਸਟਾਰਟ ਅੱਪ ਅਤੇ ਖੇਤੀਬਾੜੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਖੇਤੀਬਾੜੀ ਖੇਤਰ ਨੂੰ ਨਵੀਆਂ ਤਕਨੀਕਾਂ ਦੀ ਸਖ਼ਤ ਲੋੜ ਹੈ, ਤਾਂ ਜੋ ਖੇਤੀਬਾੜੀ ਨਿਰਯਾਤ ਦੇ ਵਿਸ਼ੇਸ਼ ਹਵਾਲੇ ਨਾਲ ਹਾਲ ਹੀ ਵਿੱਚ ਐਲਾਨੀ ਨਵੀਂ ਐਗਰੀਕਲਚਰ ਐਕਸਪੋਰਟ ਪਾਲਸੀ ਤਹਿਤ ਖੇਤੀਬਾੜੀ ਵਪਾਰ ਅਤੇ ਵਣਜ ਨੂੰ ਅਗਲੇ ਪੱਧਰ ਤੱਕ ਵਧਾਉਣ ਲਈ ਖੇਤੀਬਾੜੀ ਸਪਲਾਈ ਚੇਨ ਨੂੰ ਤੇਜ਼ ਕੀਤਾ ਜਾ ਸਕੇ। ਐਗਜ਼ੈਕਟਿਵ ਡਾਇਰੈਕਟਰ ਡਾ. ਟੀਆਰ ਸ਼ਰਮਾ ਨੇ ਐਨਏਬੀਆਈ ਵੱਲੋਂ ਵਿਕਸਿਤ ਕੀਤੀਆਂ ਗਈਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ।

ਨਾਬਾਰਡ ਦੇ ਮੁੱਖ ਜਨਰਲ ਮੈਨੇਜਰ ਜੇਪੀਐੱਸ ਬਿੰਦਰਾ ਨੇ ਮੁੱਖ ਮਹਿਮਾਨ, ਭਾਗੀਦਾਰਾਂ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵੇਕੂਲ ਚੇਨਈ ਅਤੇ ਕ੍ਰੋਫਾਰਮ, ਨਵੀਂ ਦਿੱਲੀ ਵਰਗੇ ਸਟਾਰਟ-ਅਪਸ ਨੇ ਖੇਤੀਬਾੜੀ ਸਪਲਾਈ ਚੇਨ ਦੀ ਪਾਰਦਰਸ਼ਤਾ ਵਿੱਚ ਸੁਧਾਰ ਅਤੇ ਅਨੁਮਾਨ ਲਗਾਉਣ ਲਈ ਉਚਿੱਤ ਯੋਜਨਾ ਅਤੇ ਟੈਕਨਾਲੋਜੀ ਰਾਹੀਂ ਉਤਪਾਦਨ ਦੀ ਲਾਗਤ ਘਟਾਉਣ ਦੀ ਵਿਧੀ ਪੇਸ਼ ਕੀਤੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ