FCI refuses to buy more grains from Punjab

February 04 2019

This content is currently available only in Punjabi language.

ਕੇਂਦਰ ਸਰਕਾਰ ਨੇ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਰਾਹੀਂ ਪੰਜਾਬ ਵਿਚੋਂ ਵੱਧ ਅਨਾਜ ਖਰੀਦਣ ਦੀ ਮੰਗ ਠੁਕਰਾ ਦਿੱਤੀ ਹੈ। ਸੂਬਾ ਸਰਕਾਰ ਨੂੰ ਦਿੱਤੇ ਇਸ ਜਵਾਬ ਰਾਹੀਂ ਕੇਂਦਰ ਨੇ ਅਨਾਜ ਦੀ ਖਰੀਦ ਦੇ ਮਾਮਲੇ ’ਚ ਪਿੱਛੇ ਹਟਣ ਦੇ ਸਪੱਸ਼ਟ ਸੰਕੇਤ ਦਿੱਤੇ ਹਨ। ਸੂਬਾ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਤੇ ਹੁਣ ਮੁੜ ਲਿਖੇ ਪੱਤਰ ਵਿਚ ਕਿਹਾ ਸੀ ਕਿ ਐੱਫਸੀਆਈ ਪੜਾਅਵਾਰ ਕਣਕ, ਝੋਨੇ ਦੀ ਖਰੀਦ ਤੋਂ ਪਿੱਛੇ ਹਟਦੀ ਜਾ ਰਹੀ ਹੈ। ਕੁਝ ਸਾਲ ਪਹਿਲਾਂ ਐੱਫਸੀਆਈ 30 ਫੀਸਦ ਖਰੀਦ ਕਰਦੀ ਸੀ ਪਰ ਹੁਣ ਕੇਵਲ 12 ਫੀਸਦ ਹੀ ਕਰ ਰਹੀ ਹੈ। ਇਸ ਲਈ ਵੱਧ ਖਰੀਦ ਕਰਨ ਲਈ ਕਿਹਾ ਜਾਵੇ, ਪਰ ਕੇਂਦਰੀ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਮੁੱਖ ਮੰਤਰੀ ਨੂੰ ਭੇਜੇ ਪੱਤਰ ਵਿਚ ਐੱਫਸੀਆਈ ਦੀ ਖਰੀਦ ਵਧਾਉਣ ਤੋਂ ਨਾਂਹ ਕਰ ਦਿੱਤੀ ਹੈ ਤੇ ਸੰਸਦ ਮੈਂਬਰ ਸ਼ਾਂਤਾ ਕੁਮਾਰ ਦੀ ਅਗਵਾਈ ਹੇਠ ਬਣੀ ਉੱਚ ਪੱਧਰੀ ਕਮੇਟੀ ਦੀਆਂ ਸਿਫ਼ਾਰਸ਼ਾਂ ਦਾ ਹਵਾਲਾ ਦਿੱਤਾ ਹੈ।

ਦੱਸਣਯੋਗ ਹੈ ਕਿ ਪੰਜਾਬ ਅਜਿਹਾ ਸੂਬਾ ਹੈ ਜਿਹੜਾ ਕਣਕ ਅਤੇ ਝੋਨੇ ਦਾ ਉਤਪਾਦਨ ਕੇਂਦਰੀ ਪੂਲ ਲਈ ਕਰਦਾ ਹੈ ਤੇ ਖਰੀਦ ਦਾ ਵੱਡਾ ਹਿੱਸਾ ਵੀ ਕੇਂਦਰ ਸਰਕਾਰ ਨੂੰ ਹੀ ਦਿੰਦਾ ਹੈ ਜੋ ਅਗਾਂਹ ਵੰਡ ਕਰਦੀ ਹੈ। ਕਣਕ ਤੇ ਝੋਨੇ ਸਣੇ ਹੋਰ ਅਨਾਜ ਖਰੀਦ ਵਿਚ ਐੱਫਸੀਆਈ ਵੱਡਾ ਯੋਗਦਾਨ ਦਿੰਦੀ ਹੈ ਤੇ ਕੇਂਦਰ ਵੱਲੋਂ ਖਰੀਦ ਕਰਨ ਵਾਲੀਆਂ ਮੁੱਖ ਏਜੰਸੀਆਂ ਵਿਚੋਂ ਇਕ ਹੈ। ਐੱਫਸੀਆਈ ਵੱਲੋਂ ਘਟਾਈ ਖ਼ਰੀਦ ਦਾ ਹੋਰ ਬਦਲ ਵੀ ਫ਼ਿਲਹਾਲ ਨਹੀਂ ਹੈ। ਇਸ ਲਈ ਜੇ ਕੇਂਦਰ ਸਰਕਾਰ ਦੀ ਖਰੀਦ ਏਜੰਸੀ ਐੱਫਸੀਆਈ ਖਰੀਦ ਕਰਨ ਤੋਂ ਪਿੱਛੇ ਹਟ ਜਾਂਦੀ ਹੈ ਤਾਂ ਸੂਬੇ ਲਈ ਬਹੁਤ ਵੱਡੀ ਮੁਸ਼ਕਲ ਖੜ੍ਹੀ ਹੋ ਜਾਵੇਗੀ। ਇਸ ਨਾਲ ਜਿਨਸਾਂ ਦੇ ਘੱਟੋ-ਘੱਟ ਭਾਅ ਮਿੱਥਣ ਦੇ ਮਾਮਲੇ ਵਿਚ ਵੀ ਅੜਿੱਕਾ ਹੋਰ ਵਧ ਸਕਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune