Debt waiver of 7778 farmer s in Distt. Ludhiana

January 29 2019

This content is currently available only in Punjabi language.

ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕਿਸਾਨ ਕਰਜ਼ਾ ਰਾਹਤ ਯੋਜਨਾ ਤਹਿਤ ਤੀਜੇ ਗੇੜ ਦੀ ਸ਼ੁਰੂਆਤ ਤਹਿਤ ਜ਼ਿਲ੍ਹਾ ਲੁਧਿਆਣਾ ਦੇ 7778 ਛੋਟੇ ਕਿਸਾਨਾਂ ਦਾ 64.44 ਕਰੋੜ ਰੁਪਏ ਕਰਜ਼ਾ ਮੁਆਫ ਕੀਤਾ ਗਿਆ ਹੈ। ਇਨ੍ਹਾਂ ਕਰਜ਼ਾ ਰਾਹਤ ਸਰਟੀਫਿਕੇਟਾਂ ਦੀ ਵੰਡ ਅੱਜ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਸਬਾ ਹੰਬੜਾ, ਮੰਡੀ ਮੁੱਲਾਂਪੁਰ ਅਤੇ ਜਗਰਾਓਂ ਵਿਚ ਹੋਏ ਤਿੰਨ ਵੱਖ-ਵੱਖ ਸਮਾਗਮਾਂ ਮੌਕੇ ਕੀਤੀ।ਇਸ ਮੌਕੇ ਐਮਪੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਿਸਾਨ ਕਰਜ਼ਾ ਰਾਹਤ ਯੋਜਨਾ ਦੇ ਤੀਜੇ ਗੇੜ ਦੌਰਾਨ ਹਲਕਾ ਗਿੱਲ ਦੇ 861 ਕਿਸਾਨਾਂ ਨੂੰ 6.22ਕਰੋੜ, ਹਲਕਾ ਦਾਖਾ ਦੇ 993 ਕਿਸਾਨਾਂ ਨੂੰ 7.72 ਕਰੋੜ, ਜਗਰਾਓਂ ਦੇ 1208 ਕਿਸਾਨਾਂ ਦਾ 9.49 ਕਰੋੜ, ਸਾਹਨੇਵਾਲ ਦੇ 771 ਕਿਸਾਨਾਂ ਦਾ 7.33 ਕਰੋੜ, ਹਲਕਾ ਖੰਨਾ ਦੇ 553 ਕਿਸਾਨਾਂ ਦਾ 4.84 ਕਰੋੜ, ਪਾਇਲ ਦੇ 1418 ਕਿਸਾਨਾਂ ਦਾ 11.52 ਕਰੋੜ, ਰਾਏਕੋਟ ਦੇ 1176 ਕਿਸਾਨਾਂ ਦਾ 9.31 ਕਰੋੜ, ਸਮਰਾਲਾ ਦੇ 798 ਕਿਸਾਨਾਂ ਨੂੰ 8.01 ਕਰੋੜ ਦੇ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ ਗਏ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਵਿਕਾਸ ਵਿੱਚ ਸਰਕਾਰ ਦਾ ਪੂਰਨ ਸਹਿਯੋਗ ਕਰਨ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਮੇਜਰ ਸਿੰਘ ਭੈਣੀ, ਗੁਰਦੇਵ ਸਿੰਘ ਲਾਪਰਾ, ਮਨਜੀਤ ਸਿੰਘ ਹੰਬੜਾਂ, ਦਰਸ਼ਨ ਸਿੰਘ ਬੀਰਮੀ ਨੇ ਵੀ ਸੰਬੋਧਨ ਕੀਤਾ।

ਪਾਇਲ (ਪੱਤਰ ਪ੍ਰੇਰਕ) : ਸਹਿਕਾਰਤਾ ਵਿਭਾਗ ਵੱਲੋਂ ਪਾਇਲ ਦੀ ਅਨਾਜ ਮੰਡੀ ਵਿੱਚ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡਣ ਦੀ ਰਸਮ ਮੌਕੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਡੱਕਾ-ਡੱਕਾ ਕਰਜ਼ਾ ਮੁਆਫ ਕਰੇਗੀ। ਵਿਧਾਇਕ ਲੱਖਾ ਨੇ ਦੱਸਿਆ ਕਿ ਅੱਜ ਪਾਇਲ ਹਲਕੇ ਦੇ 1418 ਕਿਸਾਨਾਂ ਦੇ 11 ਕਰੋੜ 52 ਲੱਖ ਰੁਪਏ ਦੇ ਕਰਜ਼ੇ ਮੁਆਫ ਕੀਤੇ ਗਏ ਹਨ। ਕਮਰਸ਼ੀਅਲ ਬੈਕਾਂ ਨਾਲ ਸਬੰਧਤ ਛੋਟੀਆਂ ਲਿਮਟਾਂ ਦੇ ਅਧਾਰਿਤ 1091 ਕਿਸਾਨਾਂ ਦੇ 14 ਕਰੋੜ 99 ਲੱਖ ਰੁਪਏ ਦੇ ਕਰਜ਼ੇ ਮੁਆਫ ਕੀਤੇ ਗਏ ਹਨ। ਹਲਕਾ ਵਿਧਾਇਕ ਨੇ ਕਿਹਾ ਕਿ ਬਿਨਾਂ ਕਿਸੇ ਪੱਖਪਾਤ ਤੋ ਸਰਕਾਰ ਵੱਲੋ ਹੁਣ ਤੱਕ ਪਾਇਲ ਦੇ 7551 ਕਿਸਾਨਾਂ ਦਾ 54 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਇਸ ਮੌਕੇ ਐਸਡੀਐਮ ਪਾਇਲ ਸ੍ਰੀਮਤੀ ਸਵਾਤੀ ਟਿਵਾਣਾ, ਏਆਰ ਕਮਲਜੀਤ ਸਿੰਘ, ਰਿਕਵਰੀ ਅਫਸਰ ਲੱਖਾ ਸਿੰਘ ਹਾਜ਼ਰ ਸਨ।

ਰਾਏਕੋਟ (ਪੱਤਰ ਪ੍ਰੇਰਕ) : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਸਥਾਨਕ ਬਲੈਸਿੰਗ ਪੈਲਸ ਵਿੱਚ ਸਹਿਕਾਰੀ ਵਿਭਾਗ ਵੱਲੋਂ ਕਰਵਾਏ ਸਮਾਗਮ ਵਿਚ ਹਲਕਾ ਰਾਏਕੋਟ ਨਾਲ ਸਬੰਧਤ ਕਿਸਾਨਾਂ ਦੇ ਮੁਆਫ਼ ਕੀਤੇ ਗਏ ਕਰਜ਼ਿਆਂ ਦੇ ਸਰਟੀਫਿਕੇਟ ਲਾਭਪਾਤਰੀ ਕਿਸਾਨਾਂ ਨੂੰ ਦਿੱਤੇ ਗਏ। ਸਮਾਗਮ ਦੌਰਾਨ ਹਲਕਾ ਇੰਚਾਰਜ ਡਾ. ਅਮਰ ਸਿੰਘ (ਸਾਬਕਾ ਆਈਏਐਸ) ਮੁੱਖ ਮਹਿਮਾਨ ਵਜ਼ੋਂ ਹਾਜ਼ਰ ਹੋਏ । ਉਨ੍ਹਾਂ ਤੋਂ ਇਲਾਵਾ ਐਸਡੀਐਮ ਰਾਏਕੋਟ ਡਾ. ਹਿਮਾਂਸ਼ੂ ਗੁਪਤਾ, ਸਹਾਇਕ ਰਜਿਸਟਰਾਰ ਲਲਿਤ ਮੋਹਨ, ਤਹਿਸੀਲਦਾਰ ਭੁਪਿੰਦਰ ਸਿੰਘ, ਬੀਡੀਪੀਓ ਨਵਨੀਤ ਜੋਸ਼ੀ ਹਾਜ਼ਰ ਸਨ। ਸਹਾਇਕ ਰਜਿਸਟਰਾਰ ਲਲਿਤ ਮੋਹਨ ਨੇ ਦੱਸਿਆ ਕਿ ਹਲਕਾ ਰਾਏਕੋਟ ਦੇ ਕੁੱਲ 1176 ਕਿਸਾਨਾਂ ਦਾ ਸਹਿਕਾਰੀ ਬੈਂਕਾਂ ਤੋਂ ਲਿਆ ਗਿਆ 9.31 ਕਰੋੜ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune