4 ਏਕੜ ਦੇ ਮਾਲਕ ਭੁਪਿੰਦਰ ਦਾ ਕਾਰਨਾਮਾ, ਸਾਲਾਨਾ 8 ਲੱਖ ਕਮਾਈ

January 22 2018

ਮੁਹਾਲੀ: ਲੀਹ ਤੋਂ ਹਟ ਕੇ ਪਿੰਡ ਭੂਪਨਗਰ ਦੇ ਕਿਸਾਨ ਭੁਪਿੰਦਰ ਸਿੰਘ ਆਪਣੀ ਮਾਲਕੀ ਵਾਲੀ 4 ਏਕੜ ਤੇ ਕੁਝ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਰਾਹੀਂ ਸਾਲਾਨਾ 8 ਲੱਖ ਰੁਪਏ ਤੋਂ ਵੱਧ ਕਮਾ ਰਿਹਾ ਹੈ। ਆਪਣੀ ਫ਼ਸਲ ਦੀ ਵਿਕਰੀ ਲਈ ਮੰਡੀਕਰਨ ਦਾ ਰਾਹ ਵੀ ਉਸ ਨੇ ਖੁਦ ਹੀ ਤਿਆਰ ਕੀਤਾ ਹੈ। ਉਹ ਆਪਣੀ ਫ਼ਸਲ ਦੀ ਸਿੱਧੀ ਵਿਕਰੀ ਕਰ ਰਿਹਾ ਹੈ। ਭੁਪਿੰਦਰ ਤੋਂ ਉਤਸ਼ਾਹਤ ਹੋ ਕੇ ਇਲਾਕੇ ਦੇ ਕਿਸਾਨਾਂ ਨੇ ਵੀ ਖੇਤੀ ਦਾ ਇਹ ਤਰੀਕਾ ਅਪਣਾਇਆ। ਇਸ ਕਿਸਾਨ ਵੱਲੋਂ ਅਪਣਾਈ ਗਈ ਖੇਤੀ ਤਕਨੀਕ ਸਦਕਾ ਇਲਾਕੇ ਦੀਆਂ ਔਰਤਾਂ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਵਧੇ ਹਨ।

ਭੁਪਿੰਦਰ ਸਿੰਘ ਨੇ 2004 ਵਿੱਚ ਰਵਾਇਤੀ ਖੇਤੀ ਤੋਂ ਹਟ ਕੇ ਆਲੂ, ਪਿਆਜ਼, ਲਸਣ ਆਦਿ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ। ਉਸ ਸਾਲ ਤੋਂ ਲਗਾਤਾਰ ਮਿਹਨਤ ਕਰਨ ਕਰਕੇ ਇਲਾਕੇ ਵਿੱਚ ਉਸ ਦੀ ਚੰਗੀ ਪਛਾਣ ਬਣ ਗਈ। 2005 ਵਿੱਚ ਉਸ ਨੇ ਸਰਕਾਰੀ ਬੀਜ ਫ਼ਾਰਮ, ਮੱਤੇਵਾੜਾ ਤੋਂ ਆਲੂ ਦਾ ਬੀਜ ਲੈਣਾ ਸ਼ੁਰੂ ਕੀਤਾ ਤੇ ਆਧੁਨਿਕ ਤਕਨੀਕਾਂ ਨਾਲ ਖੇਤੀ ਕਰਦਿਆਂ ਸਾਲ ਵਿੱਚ ਤਿੰਨ ਫ਼ਸਲਾਂ (ਆਲੂ, ਪਿਆਜ਼ ਤੇ ਜੰਤਰ) ਲੈਣ ਲੱਗਾ।

ਭੁਪਿੰਦਰ ਸਿੰਘ ਨੇ ਲਸਣ ਦੀ ਖੇਤੀ ਦੇ ਨਾਲ-ਨਾਲ ਧਨੀਆ ਵੀ ਬੀਜਿਆ ਜਿਸ ਨਾਲ ਉਸ ਨੂੰ ਕਾਫ਼ੀ ਮੁਨਾਫ਼ਾ ਹੋਇਆ। ਹੁਣ ਇਸ ਕਿਸਾਨ ਵੱਲੋਂ ਕੀਤੀ ਜਾਂਦੀ ਆਲੂਆਂ ਦੀ ਪੈਦਾਵਾਰ 150 ਕੁਇੰਟਲ ਸਾਲਾਨਾ ਹੈ। ਲਸਣ ਤੇ ਪਿਆਜ਼ ਦੀ ਕਾਸ਼ਤ ਲਈ ਬੈੱਡ ਪ੍ਰਣਾਲੀ ਅਪਣਾ ਕੇ ਉਹ ਪਿਆਜ਼ ਦੀ ਪੈਦਾਵਾਰ 175 ਕੁਇੰਟਲ ਤੇ ਲਸਣ ਦੀ ਪੈਦਾਵਾਰ 25 ਕੁਇੰਟਲ ਤਕ ਲੈ ਗਿਆ ਹੈ।

ਉਸ ਨੇ ਆਲੂ ਦਾ ਬੀਜ ਸਰਕਾਰੀ ਫ਼ਾਰਮ ਤੋਂ ਪ੍ਰਾਪਤ ਕਰਕੇ ਅੱਗੇ ਹੋਰ ਬੀਜ ਤਿਆਰ ਕਰਕੇ ਇਲਾਕੇ ਦੇ ਕਿਸਾਨਾਂ ਨੂੰ ਮੁਹੱਈਆ ਕਰਵਾਇਆ। ਇਸ ਦੇ ਨਾਲ-ਨਾਲ ਪਿਆਜ਼ ਦਾ ਬੀਜ ਤੇ ਪਨੀਰੀ ਤਿਆਰ ਕਰਕੇ ਵੀ ਇਲਾਕੇ ਦੇ ਕਿਸਾਨਾਂ ਨੂੰ ਮੁਹੱਈਆ ਕਰਵਾਈ। ਉਸ ਨੇ ਹਮੇਸ਼ਾ ਕੰਪੋਸਟ ਤੇ ਦੇਸੀ ਖਾਦ ਦੀ ਵਰਤੋਂ ਨੂੰ ਪਹਿਲ ਦਿੱਤੀ ਤੇ ਇਲਾਕੇ ਦੇ ਕਿਸਾਨਾਂ ਨੂੰ ਵੀ ਇਨ੍ਹਾਂ ਦੀ ਵਰਤੋਂ ਲਈ ਉਤਸ਼ਾਹਤ ਕੀਤਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: ABP sanjha