20 ਜੂਨ ਤੋਂ ਪਹਿਲਾਂ ਝੋਨਾ ਲਾਉਣ ਵਾਲਿਆਂ 'ਤੇ ਸਰਕਾਰ ਦੀ ਸਖ਼ਤੀ

June 12 2018

ਚੰਡੀਗੜ੍ਹ: ਝੋਨੇ ਦੀ ਲੁਆਈ ਨੂੰ ਲੈ ਕੇ ਕਿਸਾਨ ਤੇ ਸਰਕਾਰ ਆਹਮੋ-ਸਾਹਮਣੇ ਹੋ ਗਏ ਹਨ। ਕਿਸਾਨਾਂ ਨੇ 10 ਜੂਨ ਤੋਂ ਹੀ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਸਰਕਾਰ ਕਿਸਾਨਾਂ ਖਿਲਾਫ ਕਾਰਵਾਈ ਕਰਨ ਜਾ ਰਹੀ ਹੈ। ਖੇਤੀਬਾੜੀ ਮਹਿਕਮੇ ਦੇ ਸਕੱਤਰ ਤੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਨੇ ਕਿਹਾ ਹੈ ਕਿ ਪੰਜਾਬ ਵਿੱਚ ਸਮੇਂ ਤੋਂ ਪਹਿਲਾਂ ਝੋਨੇ ਲਾਉਣ ਵਾਲੇ ਕਿਸਾਨਾਂ ਦਾ ਝੋਨਾ ਵਾਹਿਆ ਜਾਵੇਗਾ। ਕਿਸਾਨਾਂ ਖਿਲਾਫ ਕਨੂੰਨੀ ਕਾਰਵਾਈ ਹੋਏਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ 20 ਜੂਨ ਤੋਂ ਪਹਿਲਾਂ ਝੋਨਾ ਨਹੀਂ ਲਾਉਣਾ ਚਾਹੀਦਾ ਸੀ। ਸਰਕਾਰ ਦੀ ਕਾਰਵਾਈ ਤੋਂ ਹੋਰ ਕਿਸਾਨ ਸਬਕ ਲੈਣ। ਉਨ੍ਹਾਂ ਕਿਹਾ ਕਿ ਕੁਝ ਕਿਸਾਨ ਜਥੇਬੰਦੀਆਂ ਆਪਣੀ ਸਿਆਸਤ ਚਮਕਾਉਣ ਲਈ ਕਿਸਾਨਾਂ ਨੂੰ ਸਮੇਂ ਤੋਂ ਪਹਿਲਾਂ ਝੋਨਾ ਲਾਉਣ ਲਈ ਉਕਸਾ ਰਹੀਆਂ ਹਨ। ਪਨੂੰ ਨੇ ਕਿਹਾ ਕਿ ਪੰਜਾਬ ਦਾ ਪਾਣੀ ਹਰ ਸਾਲ ਢਾਈ ਫੁੱਟ ਹੇਠਾਂ ਜਾ ਰਿਹਾ ਹੈ। ਇਸ ਲਈ ਕਿਸਾਨ ਪੰਜਾਬ ਨੂੰ ਬਚਾਉਣ ਲਈ ਸਹਿਯੋਗ ਦੇਣ ਕਿਉਂਕਿ ਪਾਣੀ ਬਚੇਗਾ ਤਾਂ ਹੀ ਪੰਜਾਬ ਬਚੇਗਾ। ਪੁੰਨੂ ਨੇ ਕਿਹਾ, “ਅਸੀਂ ਕਾਫੀ ਸਮੇਂ ਤੋਂ ਟੀਵੀ, ਅਖਬਾਰ, ਰੇਡੀਓ ਤੇ ਗੁਰਦਵਾਰੇ ਦੇ ਸਪੀਕਰ ਰਾਹੀਂ ਪ੍ਰਚਾਰ ਕਰ ਰਹੇ ਹਾਂ ਕਿ ਝੋਨਾ ਨਾ ਲਾਓ। ਜੇ ਮਾਨਸੂਨ ਦੀਆਂ ਤਰੀਕਾਂ ਵਿੱਚ ਝੋਨਾ ਲੱਗੇ ਤਾਂ ਪੰਜਾਬ ਦਾ ਪਾਣੀ ਬਚਾਇਆ ਜਾ ਸਕਦਾ। ਕਿਸਾਨਾਂ ਨੂੰ ਝੋਨੇ ਦੀ ਥਾਂ ਹੋਰ ਫ਼ਸਲਾਂ ਵੀ ਬੀਜਣੀਆਂ ਚਾਹੀਦੀਆਂ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਬਚਾਉਣਾ ਸਿਰਫ ਸਾਡਾ ਨਹੀਂ ਸਗੋਂ ਸਮੂਹ ਪੰਜਾਬੀਆਂ ਦਾ ਫਰਜ਼ ਹੈ। ਦੱਸਣਯੋਗ ਹੈ ਕਿ ਪਿਛਲੇ ਦੋ ਦਿਨਾਂ ਵਿੱਚ ਪੰਜਾਬ ਦੇ ਮਾਲਵਾ ਖੇਤਰ ਵਿੱਚ ਸਮੇਂ ਤੋਂ ਪਹਿਲਾਂ ਸੈਂਕੜੇ ਏਕੜ ਝੋਨਾ ਲਾਇਆ ਗਿਆ ਹੈ। ਕਿਸਾਨ ਯੂਨੀਅਨਾਂ ਦੀ ਅਗਵਾਈ ਵਿੱਚ ਕਿਸਾਨ ਸਮੇਂ ਤੋਂ ਪਹਿਲਾਂ ਝੋਨਾ ਲਾ ਰਹੇ ਹਨ।

ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਪਿਛੇਤਾ ਝੋਨਾ ਕਿਸਾਨਾਂ ਨੂੰ ਵੱਡਾ ਘਾਟਾ ਪਾਉਂਦਾ ਹੈ। ਇਸ ਦਾ ਅਗਲੀ ਫਸਲ ਦੇ ਝਾੜ ਉੱਪਰ ਵੀ ਅਸਰ ਪੈਂਦਾ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਕਿਸਾਨਾਂ ਦਾ ਝੋਨਾ ਵਾਹੁਣ ਵਾਲੇ ਅਧਿਕਾਰੀਆਂ ਦਾ ਸਖ਼ਤ ਵਿਰੋਧ ਕਰਨ ਦੇ ਨਾਲ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ।

ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਪਿਛਲੇ ਸਾਲ 15 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣ ‘ਤੇ ਵੀ ਛੋਟੇ ਤੇ ਗਰੀਬ ਕਿਸਾਨਾਂ ਦਾ ਝੋਨਾ ਕਾਫੀ ਪਛੇਤਾ ਹੋ ਗਿਆ ਸੀ। ਇਸ ਕਾਰਨ ਵਿਕਰੀ ਸਮੇਂ ਸਿੱਲ੍ਹ ਵਧੇਰੇ ਹੋਣ ਦੇ ਬਹਾਨੇ ਉਨ੍ਹਾਂ ਨੂੰ ਖਰੀਦ ਇੰਸਪੈਕਟਰਾਂ ਤੇ ਵਪਾਰੀਆਂ ਦੀ ਲੁੱਟ ਦਾ ਸ਼ਿਕਾਰ ਹੋਣਾ ਪਿਆ ਸੀ। ਕਿਸਾਨ ਜਥੇਬੰਦੀਆਂ ਨੇ ਇਸ ਵਾਰ ਮੰਗ ਕੀਤੀ ਸੀ ਕਿ 20 ਜੂਨ ਤੋਂ ਪਛੇਤਾ ਝੋਨਾ ਲਾਉਣ ਲਈ ਸਿੱਲ੍ਹ ਦੀ ਮਾਤਰਾ 24% ਕੀਤੀ ਜਾਵੇ, ਪਰ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਲਿਹਾਜ਼ਾ ਕਿਸਾਨਾਂ ਦੀ ਅੰਨ੍ਹੀ ਲੁੱਟ ਨੂੰ ਰੋਕਣ ਲਈ ਹੀ ਐਤਕੀਂ 10 ਜੂਨ ਤੋਂ ਝੋਨਾ ਲਾਉਣਾ ਪੈ ਰਿਹਾ ਹੈ।

Source: ABP Sanjha