ਹੁਣ ‘ਖੇਤਾਂ ਤੋਂ ਘਰ ਤਕ’ ਆਨਲਾਈਨ ਕਾਰੋਬਾਰ

August 10 2017

By: Punjabi Tribune, August 10, 2017

ਪੰਜਾਬ ਵਿੱਚ ਖੇਤੀ ਜਿਨਸਾਂ, ਖਾਸ ਕਰਕੇ ਸਬਜ਼ੀਆਂ, ਫਲਾਂ ਦਾ ਮੰਡੀਕਰਨ ਪਰਵਾਸੀ ਮਜ਼ਦੂਰਾਂ ਦੇ ਹੱਥ ਵਿੱਚ ਪਹੁੰਚ ਗਿਆ ਹੈ। ਜਿਹੜਾ ਕੰਮ (ਮਜ਼ਦੂਰੀ) ਪਰਵਾਸੀ ਮਜ਼ਦੂਰਾਂ ਨੇ ਪੰਜਾਬ ਵਿੱਚ ਆ ਕੇ ਕਰਨਾ ਸੀ, ਉਹ ਕਿਸਾਨ ਕਰ ਰਿਹਾ ਹੈ। ਅਤੇ ਜਿਹੜਾ ਕੰਮ (ਮੰਡੀਕਰਨ) ਕਿਸਾਨਾਂ ਨੂੰ ਕਰਨਾ ਚਾਹੀਦਾ ਸੀ, ਉਸ ਪਾਸੇ ਉਹ ਹਾਲੇ ਵੀ ਸੰਜੀਦਾ ਨਹੀਂ ਹਨ। ਅਜੋਕੇ ਸਮੇਂ ਵਿੱਚ ਉਹ ਕਿਸਾਨ ਹੀ ਸਫਲ ਹੋ ਸਕਦਾ, ਜੋ ਕਹੀ ਦੇ ਨਾਲ ਨਾਲ ਤੱਕੜੀ ਵੀ ਫੜੇਗਾ। ਫਸਲੀ ਵਿਭਿੰਨਤਾ ਸਕੀਮ ਤਹਿਤ ਕਣਕ -ਝੋਨੇ ਦੇ ਬਦਲ ਦੇ ਤੌਰ ’ਤੇ ਬੀਜੀਆਂ ਜਾਣ ਵਾਲੀਆਂ ਫਸਲਾਂ ਦਾ ਮੰਡੀਕਰਨ ਢਾਂਚਾ ਮਜ਼ਬੂਤ ਨਾ ਹੋਣਾ, ਇਸ ਸਕੀਮ ਦੀ ਸਫਲਤਾ ਵਿੱਚ ਮੁੱਖ ਅੜਿੱਕਾ ਬਣਿਆ ਹੋਇਆ ਹੈ। ਖਪਤਕਾਰ ਅਤੇ ਕਿਸਾਨ ਦੋਵਾਂ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ ਜਦਕਿ ਫਾਇਦਾ ਵਿਚੋਲੀਆ ਲੈ ਰਿਹਾ ਹੈ। ਇਸ ਨੁਕਸਾਨ ਨੂੰ ਘੱਟ ਕਰਨ ਦਾ ਇੱਕੋ-ਇੱਕ ਰਾਹ ਹੈ,ਖੇਤੀ ਜਿਨਸਾਂ ਦਾ ‘ਖੇਤ ਤੋਂ ਘਰ ਤੱਕ’ ਦਾ ਸਿਧਾਂਤ।

ਪੰਜਾਬ ਸਰਕਾਰ ਵੱਲੋਂ 1990 ਵਿੱਚ ਕਿਸਾਨਾਂ ਦੀ ਸਹੂਲਤ ਵਾਸਤੇ ਆਪਣੀ ਮੰਡੀ ਦਾ ਸਿਧਾਂਤ ਵੱਖ- ਵੱਖ ਸ਼ਹਿਰਾਂ ਵਿੱਚ ਲਾਗੂ ਕੀਤਾ ਗਿਆ ਸੀ ਪਰ ਉਹ ਬਹੁਤਾ ਚਿਰ ਚੱਲ ਨਹੀਂ ਸਕਿਆ ਕਿਉਂਕਿ ਕਿਸਾਨ ਤੱਕੜੀ ਫੜਨ ਤੋਂ ਹਿਚਕਚਾਉਂਦੇ ਰਹੇ ਤੇ ਸਬਜ਼ੀ ਵਿਕ੍ਰੇਤਾ ਦਾ ਦਾਖਲਾ ਇਸ ਸਿਸਟਮ ’ਤੇ ਭਾਰੂ ਹੋ ਗਿਆ ਸੀ। ਉਸੇ ਸਿਸਟਮ ਵਿੱਚ ਕੁਝ ਸੋਧ ਕਰਦਿਆਂ ‘ਖੇਤ ਤੋਂ ਘਰ ਤੱਕ’ ਨੂੰ ਜ਼ਿਲਾ ਪਠਾਨਕੋਟ ਵਿੱਚ ਲਾਗੂ ਕੀਤਾ ਗਿਆ ਤਾਂ ਜੋ ਕਿਸਾਨਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਕੀਤਾ ਜਾ ਸਕੇ ਅਤੇ ਇਸ ਬਾਜ਼ਾਰ ਵਿੱਚ ਗ਼ੈਰ ਕਿਸਾਨ ਖੇਤੀ ਵਸਤਾਂ ਨਾ ਵੇਚ ਸਕਣ। ਇਸ ਸਬੰਧੀ www.farmtohome.net ਵੈਬਸਾਈਟ ਲਾਂਚ ਕੀਤੀ ਗਈ। ਮੋਬਾਈਲ ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਅਤੇ ਨੌਜਵਾਨ ਕਿਸਾਨਾਂ ਦੀ ਸਹੂਲਤ ਲਈ ਮੋਬਾਈਲ ਐਪ farmtohome pathankot ਲਾਂਚ ਕੀਤੀ ਗਈ। ਵੈਬਸਾਈਟ ਅਤੇ ਐਪ ਲਾਂਚ ਕਰਨ ਦਾ ਮੁੱਖ ਮਕਸਦ ਕਿਸਾਨਾਂ ਅਤੇ ਖਪਤਕਾਰਾਂ ਨੂੰ ਖੇਤੀ ਪਦਾਰਥਾਂ ਦੀ ਆਨਲਾਈਨ ਖ੍ਰੀਦੋ -ਫਰੋਖ਼ਤ ਦੀ ਸਹੂਲਤ ਦੇਣਾ ਸੀ। ਫਾਰਮ-ਟੂ-ਹੋਮ ਵੈਬਸਾਈਟ ਨੂੰ ਜਲਦੀ ਰਾਜ ਪੱਧਰ ’ਤੇ ਲਾਂਚ ਕੀਤਾ ਜਾ ਰਿਹਾ ਹੈ।

ਅੱਜ ਤੱਕ ਦੇਸੀ ਮੱਕੀ, ਸ਼ਹਿਦ ਅਤੇ ਹਲਦੀ ਦੀ ਖ੍ਰੀਦੋ-ਫਰੋਖਤ ਔਨਲਾਈਨ ਤਕਰੀਬਨ ਇੱਕ ਲੱਖ ਪੰਜਤਾਲੀ ਹਜ਼ਾਰ ਰੁਪਏ ਦੇ ਮੁੱਲ ਦੀ ਹੋਈ ਹੈ। ਸਿੱਧੇ ਮੰਡੀਕਰਨ ਨੂੰ ਹੋਰ ਉਤਸ਼ਾਹਿਤ ਕਰਨ ਲਈ 18 ਦਸੰਬਰ 2016 ਨੂੰ ਕਿਸਾਨ ਬਾਜ਼ਾਰ ਦੀ ਸ਼ੁਰੂਆਤ ਰਾਮ ਲੀਲਾ ਗਰਾਉਂਡ, ਪਠਾਨਕੋਟ ਤੋਂ ਕੀਤੀ ਗਈ। ਕਿਸਾਨ ਬਾਜ਼ਾਰ ਦਾ ਮੁੱਖ ਮਕਸਦ ਕਿਸਾਨਾਂ ਦੁਆਰਾ ਪੈਦਾ ਕੀਤੇ ਖੇਤੀ ਪਦਾਰਥ, ਜਿਵੇਂ ਸਬਜ਼ੀਆਂ, ਸ਼ਹਿਦ, ਦਾਲਾਂ, ਗੁੜ, ਦੁੱਧ ਪਦਾਰਥ, ਆਚਾਰ, ਚਟਨੀਆਂ, ਸੁਕੈਸ਼, ਅੰਬ ਪਾਪੜ, ਆਦਿ ਨੂੰ ਕਿਸਾਨ ਖੁਦ ਖਪਤਕਾਰਾਂ ਨੂੰ ਵੇਚਣ ਤਾਂ ਜੋ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਖਪਤਕਾਰਾਂ ਨੂੰ ਵਾਜਬ ਭਾਅ ’ਤੇ ਮਿਆਰੀ ਖੇਤੀ ਪਦਾਰਥ ਮੁਹੱਈਆ ਕਰਵਾਏ ਜਾ ਸਕਣ। ਇਹ ਕਿਸਾਨ ਬਾਜ਼ਾਰ ਹਰੇਕ ਐਤਵਾਰ ਸ਼ਾਮ ਨੂੰ ਦਫਤਰ, ਖੇਤੀਬਾੜੀ ਅਫਸਰ ਦੇ ਵਿਹੜੇ ਵਿੱਚ ਲਾਇਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਦੀ ਮੰਗ ’ਤੇ ਹੁਣ ਮੰਗਲਵਾਰ, ਬੁੱਧਵਾਰ, ਸ਼ੁਕਰਵਾਰ ਨੂੰ ਵੀ ਕਿਸਾਨ ਬਾਜ਼ਾਰ ਲਗਾਇਆ ਜਾ ਰਿਹਾ ਹੈ। ਪਠਾਨਕੋਟ ਦਾ ਕਿਸਾਨ ਬਾਜ਼ਾਰ ਸਫਲ ਹੋਣ ਉਪ੍ਰੰਤ ਹੁਣ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਸ਼ਾਸ਼ਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਹਰੇਕ ਐਤਵਾਰ ਨੂੰ ਕਿਸਾਨ ਬਾਜ਼ਾਰ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨ ਬਾਜ਼ਾਰ ਵਿੱਚ ਆਉਣ ਵਾਲੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਨੇ ਪਛਾਣ ਪੱਤਰ ਜਾਰੀ ਕੀਤੇ ਹਨ ਤਾਂ ਜੋ ਰੇਹੜੀ ਵਾਲੇ ਕਾਰੋਬਾਰੀ ਘੁਸਪੈਠ ਨਾ ਕਰ ਸਕਣ। ਖਪਤਕਾਰਾਂ ਦੀ ਸਿਹਤ ਦਾ ਖਿਆਲ ਰੱਖਦਿਆਂ ਕਿਸਾਨਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਫਸਲਾਂ, ਸਬਜ਼ੀਆਂ ਅਤੇ ਫਲਾਂ ਉੱਪਰ ਕਿਸੇ ਗ਼ੈਰ ਸਿਫਾਰਸ਼ਸ਼ੁਦਾ ਕੀਟ ਨਾਸ਼ਕ ਦਾ ਛਿੜਕਾਅ ਨਾ ਕਰਨ। ਭਵਿੱਖ ਵਿੱਚ ਜੈਵਿਕ/ਕੁਦਰਤੀ ਤਰੀਕੇ ਨਾਲ ਪੈਦਾ ਕੀਤੀਆਂ ਸਬਜ਼ੀਆਂ ਅਤੇ ਫਸਲਾਂ ਦੀ ਵਿਕਰੀ ਵੀ ਕਿਸਾਨ ਬਾਜ਼ਾਰ ਵਿੱਚ ਸ਼ੁਰੂ ਕਰਵਾਈ ਜਾਵੇਗੀ।

ਸਬਜ਼ੀ ਉਤਪਾਦਕਾਂ ਨੂੰ ਸਿਰਫ ਇੱਕ ਸਬਜ਼ੀ ਦੀ ਕਾਸਤ ਕਰਨ ਦੀ ਬਜਾਏ, ਖੇਤ ਨੂੰ ਵੰਡ ਕੇ ਮੌਸਮ ਅਨੁਸਾਰ ਹਰੇਕ ਤਰ੍ਹਾਂ ਦੀ ਸਬਜ਼ੀ ਦੀ ਕਾਸ਼ਤ ਕਰਨੀ ਚਾਹੀਦੀ ਤਾਂ ਜੋ ਕਿਸੇ ਇੱਕ ਫਸਲ ਦੇ ਫੇਲ੍ਹ ਜਾਂ ਮੁੱਲ ਘੱਟ ਮਿਲਣ ’ਤੇ ਦੂਜੀ ਸਬਜ਼ੀ ਦੀ ਫਸਲ ਭਰਪਾਈ ਕਰ ਸਕੇ। ਸਬਜ਼ੀਆਂ ਦੀ ਸ਼ਰਿੰਕ ਪੈਕਿੰਗ ਕਰਕੇ ਸ਼ਹਿਰਾਂ ਵਿੱਚ ਬਣੇ ਮਾਲਜ਼ ਵਿੱਚ ਜ਼ਰੂਰਤ ਅਨੁਸਾਰ ਸਪਲਾਈ ਕੀਤੀ ਜਾ ਸਕਦੀ ਹੈ। ਸ਼ਰਿੰਕ ਪੈਕਿੰਗ ਦੀ ਸਿਖਲਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੂਡ ਟੈਕਨਾਲੋਜੀ ਵਿਭਾਗ ਵੱਲੋਂ ਦਿੱਤੀ ਜਾਦੀ ਹੈ। ਹਲਦੀ, ਦਾਲਾਂ, ਚੌਲ, ਦਲੀਆ, ਦੇਸੀ ਮੱਕੀ ਦੇ ਆਟਾ ਦੀ ਛੋਟੀ, ਦਰਮਿਆਨੀ ਅਤੇ ਵੱਡੀ ਪੈਕਿੰਗ ਕਰਕੇ ਬਾਜ਼ਾਰ ਦੇ ਥੋਕ ਮੁੱਲ ਤੋਂ ਵੱਧ ਪਰ ਪ੍ਰਚੂਨ ਮੁੱਲ ਤੋਂ ਘੱਟ ਮੁੱਲ ’ਤੇ ਵੇਚੀ ਜਾ ਸਕਦੀ ਹੈ। ਗੁੜ, ਸ਼ਹਿਦ, ਦੁੱਧ ਪਦਾਰਥ ਦੀ ਆਕਰਸ਼ਿਕ ਡੱਬਾਬੰਦੀ ਕਰਕੇ ਵੇਚੀ ਜਾ ਸਕਦੀ ਹੈ। ਕਿਸਾਨ ਬੀਬੀਆਂ ਘਰਾਂ ਵਿੱਚ ਰਹਿ ਕੇ ਵੜੀਆਂ,ਪਾਪੜ, ਸੇਵੀਆਂ, ਮਸਾਲੇ, ਸਜਾਵਟੀ ਵਸਤਾਂ ਆਦਿ ਬਣਾ ਕੇ ਵੇਚ ਕੇ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰ ਸਕਦੀਆਂ ਹਨ।

ਵਟਸਐਪ ਅਤੇ ਫੇਸਬੁੱਕ ਦੀ ਵਰਤੋਂ: ਇਸ ਤਕਨੀਕ ਦਾ ਹੋਰ ਵਿਸਥਾਰ ਕਰਦਿਆਂ ਵਟਸਐਪ ਤੇ ਖਪਤਕਾਰਾਂ ਦਾ ਇੱਕ ਸਮੂਹ ਬਣਾਇਆ ਗਿਆ ਹੈ। ਜਿਸ ’ਤੇ ਕਿਸਾਨ ਬਾਜ਼ਾਰ ਨਾਲ ਸਬੰਧਿਤ ਜ਼ਰੂਰੀ ਸੂਚਨਾਵਾਂ ਭੇਜੀਆਂ ਜਾਂਦੀਆਂ ਹਨ। ਖਪਤਕਾਰਾਂ ਤੋਂ ਖੇਤੀ ਵਸਤਾਂ ਦੀ ਮੰਗ ਵੀ ਲਈ ਜਾਦੀ ਹੈ ਤਾਂ ਜੋ ਮੰਗ ਆਧਾਰਿਤ ਖੇਤੀ ਜਿਨਸਾਂ ਦੀ ਪੈਦਾਵਾਰ ਕੀਤੀ ਜਾ ਸਕੇ।

ਇਸ ਨਾਲ ਮੰਡੀਕਰਨ ਦੀ ਸਮੱਸਿਆ ਨਹੀਂ ਰਹਿੰਦੀ। ਜ਼ਿਲ੍ਹਾ ਪੱਧਰ ’ਤੇ ਖਪਤਕਾਰਾਂ, ਕਿਸਾਨਾਂ ਅਤੇ ਖੇਤੀ ਮਾਹਿਰਾਂ ਦੀ ਸਲਾਹਕਾਰ ਕਮੇਟੀ ਵੀ ਬਣਾਈ ਗਈ ਹੈ ਜਿਸ ਦੀ ਮਹੀਨਾਵਾਰ ਮੀਟਿੰਗ ਹੂੰਦੀ ਹੈ ਅਤੇ ਆਏ ਸੁਝਾਵਾਂ ਉਪਰ ਕਾਰਵਾਈ ਕਰਦਿਆਂ ਜ਼ਰੂਰਤ ਅਨੁਸਾਰ ਸੁਧਾਰ ਵੀ ਕੀਤਾ ਜਾਂਦਾ ਹੈ। ਵਟਸਐਪ ਰਾਹੀ ਰੋਜ਼ਾਨਾ ਖੇਤੀ ਜਿਨਸਾਂ ਦੇ ਭਾਅ, ਵਿਕਰੀ ਕਰਨ ਦੀ ਜਗ੍ਹਾ ਬਾਰੇ ਖਪਤਕਾਰਾਂ ਨੂੰ ਦੱਸ ਦਿੱਤਾ ਜਾਂਦਾ ਹੈ। ਭਵਿੱਖ ਵਿੱਚ ਜੇਕਰ ਸੰਭਵ ਹੋਇਆ ਤਾਂ ਮੰਗ ਅਨੁਸਾਰ ਖੇਤੀ ਵਸਤਾਂ ਘਰ ਘਰ ਵੀ ਪਹੁੰਚਾਈਆਂ ਜਾਣਗੀਆਂ। ਇਸ ਤਰ੍ਹਾਂ ਜਿਥੇ ਖਪਤਕਾਰ ਨੂੰ ਉੱਚ ਮਿਆਰੀ ਖੇਤੀ ਜਿਨਸਾਂ, ਵਾਜਬ ਭਾਅ ’ਤੇ ਮਿਲ ਰਹੀਆਂ ਹਨ , ਉੱਥੇ ਕਿਸਾਨਾਂ ਨੂੰ ਵੀ ਵਧੇਰੇ ਆਰਥਿਕ ਫਾਇਦਾ ਹੋ ਰਿਹਾ ਹੈ।

*ਖੇਤੀਬਾੜੀ ਅਫਸਰ, ਪਠਾਨਕੋਟ।

ਸੰਪਰਕ: 94630- 71919

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।