ਹੁਣ ਭੂਰੀ ਜੂੰ ਨੇ ਕਿਸਾਨਾਂ ਦੀ ਉਡਾਈ ਨੀਂਦ,ਡੀਲਰਾਂ ਦੇ ਗੱਲੇ ਭਰਨ ਲੱਗੀ

August 09 2017

By: abp sanjha Date: 9 Augsut 2017

ਚੰਡੀਗੜ੍ਹ : ਨਰਮਾ ਪੱਟੀ ਵਿੱਚ ਚਿੱਟੀ ਮੱਖੀ ਤੋਂ ਬਾਦ ਭਰੂ ਮੱਖੀ ਨੇ ਕਿਸਾਨਾਂ ਦੀ ਨੀਂਦ ਉਡਾਈ ਹੋਈ ਹੈ। ਚਿੱਟੀ ਮੱਖੀ ਤਾਂ ਇਸ ਬਾਰ ਬੁਹਤਾ ਨੁਕਸਾਨ ਨਹੀਂ ਕਰ ਸਕੀ ਪਰ ਹੁਣ ਭੂਰੀ ਜੂੰ ਨੇ ਕਿਸਾਨਾਂ ਦੇ ਖੇਤ ਚੱਟਣੇ ਸ਼ੁਰੂ ਕਰ ਦਿੱਤੇ ਹਨ। ਇਸ ਜੂੰ ਦੇ ਸਤਾਏ ਕੀਟਨਾਸ਼ਕ ਦੁਕਾਨਾਂ ਦੇ ਗੇੜੇ ਮਾਰ ਰਹੇ ਹਨ। ਜਿਸਦਾ ਕੀਟਨਾਸ਼ਕ ਵਿਕਰੇਤਾਵਾਂ ਨੂੰ ਫਾਇਦਾ ਹੋ ਰਿਹਾ ਹੈ।

ਅੰਦਾਜ਼ੇ ਅਨੁਸਾਰ ਨਰਮਾ ਪੱਟੀ ਵਿੱਚ ਇੱਕ ਹਫ਼ਤੇ ਵਿੱਚ ਕਰੀਬ ਪੰਜ ਕਰੋੜ ਰੁਪਏ ਦੇ ਕੀਟਨਾਸ਼ਕ ਇਕੱਲੀ ਭੂਰੀ ਜੂੰ ਦੀ ਬਦੌਲਤ ਵਿਕ ਰਹੀ ਹੈ। ਬਠਿੰਡਾ ਜ਼ਿਲ੍ਹੇ ਵਿੱਚ ਕਰੀਬ 60 ਡੀਲਰ ਹਨ ਜਿਨ੍ਹਾਂ ਦੀਆਂ ਦੁਕਾਨਾਂ ’ਤੇ ਰੌਣਕ ਹੋਣ ਲੱਗੀ ਹੈ। ਕੀਟਨਾਸ਼ਕ ਡੀਲਰਾਂ ਦਾ ਕਹਿਣਾ ਹੈ ਕਿ ਜੋ ਕਾਰੋਬਾਰ ਰੁਕਿਆ ਪਿਆ ਸੀ, ਉਹ ਭੂਰੀ ਜੂੰ ਕਾਰਨ ਹੁਣ ਚੱਲਿਆ ਹੈ। ਪ੍ਰਾਈਵੇਟ ਕੰਪਨੀ ਦੇ ਮਾਹਿਰ ਨੇ ਦੱਸਿਆ ਕਿ ਕਿਸਾਨ ਭੂਰੀ ਜੂੰ ਮਾਰਨ ਲਈ ਪ੍ਰਤੀ ਏਕੜ ਕੀਟਨਾਸ਼ਕ ਉੱਤੇ 200 ਤੋਂ 400 ਰੁਪਏ ਦਾ ਖ਼ਰਚਾ ਕਰ ਰਹੇ ਹਨ। ਕਰੀਬ 40 ਫ਼ੀਸਦੀ ਰਕਬੇ ਵਿੱਚ ਭੂਰੀ ਜੂੰ ਦੇ ਖ਼ਾਤਮੇ ਲਈ ਕੀਟਨਾਸ਼ਕਾਂ ਦੇ ਛਿੜਕਾਅ ਹੋਏ ਹਨ।

ਪੰਜਾਬ ਵਿੱਚ ਬਠਿੰਡਾ, ਮਾਨਸਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ 95 ਫ਼ੀਸਦੀ ਰਕਬਾ ਨਰਮਾ ਕਪਾਹ ਦਾ ਪੈਂਦਾ ਹੈ ਜਿਸ ’ਚੋਂ ਮਾਨਸਾ ਵਿੱਚ ਜ਼ਿਆਦਾ ਪ੍ਰਕੋਪ ਭੂਰੀ ਜੂੰ ਦਾ ਹੈ।

ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ (ਕਾਟਨ) ਸੁਖਦੇਵ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਜਿਨ੍ਹਾਂ ਖਿੱਤਿਆਂ ਵਿੱਚ ਔੜ ਲੱਗੀ ਹੈ, ਉੱਥੇ ਭੂਰੀ ਜੂੰ ਨੇ ਫ਼ਸਲ ਪ੍ਰਭਾਵਿਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਅਤੇ ਮਾਨਸਾ ਤੋਂ ਇਲਾਵਾ ਖੂਹੀਆਂ ਸਰਵਰ ਬਲਾਕ ਵਿੱਚ ਭੂਰੀ ਜੂੰ ਕਾਫ਼ੀ ਨਜ਼ਰ ਪਈ ਹੈ, ਜਿਸ ਵਾਸਤੇ ਕਿਸਾਨਾਂ ਨੂੰ ਕੀਟਨਾਸ਼ਕ ਸਿਫਾਰਸ਼ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਭੂਰੀ ਜੂੰ ਫ਼ਸਲ ਦੇ ਪੱਤਿਆਂ ਦਾ ਰਸ ਚੂਸਦੀ ਹੈ। ਉਨ੍ਹਾਂ ਕਿਹਾ ਕਿ ਸਥਿਤੀ ਕੰਟਰੋਲ ਹੇਠ ਹੈ ਅਤੇ ਕਿਸਾਨਾਂ ਨੂੰ ਫੌਰੀ ਖੇਤਾਂ ਨੂੰ ਪਾਣੀ ਲਾਉਣ ਦੀ ਸਲਾਹ ਵੀ ਦਿੱਤੀ ਗਈ ਹੈ।

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਹਰ ਸਾਲ ਨਵੀਂ ਅਲਾਮਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਅਫ਼ਸਰ ਖੇਤਾਂ ਦੇ ਦੌਰੇ ਕਰਨ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।