ਅਰਹਰ ਦੀ ਖੇਤੀ ਤੋਂ ਹੁਣ ਕਿਸਾਨਾਂ ਨੂੰ ਦੁਗਣਾ ਲਾਭ ਹੋਣ ਜਾ ਰਿਹਾ ਹੈ। ਕਿਸਾਨਾਂ ਨੂੰ ਇਸ ਪੌਦੇ ਤੋਂ ਅਰਹਰ ਦੇ ਨਾਲ ਲਾਖ ਵੀ ਹਾਸਲ ਹੋ ਸਕੇਗਾ। ਇਸ ਨਵੀਂ ਤਕਨੀਕ ਨਾਲ ਅਰਹਰ ਦੀ ਫਸਲ ਦੀ ਪੈਦਾਵਾਰ ਸਾਧਾਰਣ ਤੋਂ ਚਾਰ ਗੁਣਾ ਵੱਧ ਹੋਵੇਗੀ। ਇਸ ਦੇ ਲਈ ਉਪਜਾਊ ਜ਼ਮੀਨ ਦੀ ਲੋੜ ਵੀ ਨਹੀਂ ਪਵੇਗੀ, ਸਗੋਂ ਇਸ ਦੀ ਖੇਤੀ ਮਿੱਟੀ ਨਾਲ ਭਰੀਆਂ ਹੋਈਆਂ ਬੋਰੀਆਂ ਵਿਚ ਹੋਵੇਗੀ। ਜਬਲਪੁਰ ਦੀ ਜਵਾਹਰਲਾਲ ਨਹਿਰੂ ਖੇਤੀ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਖੋਜ ਨਾਲ ਇਹ ਸੰਭਵ ਹੋ ਸਕਿਆ ਹੈ। ਇਥੇ ਸੀਮਤ ਜ਼ਮੀਨ,ਆਮਦਨੀ ਅਤੇ ਹੋਰਨਾਂ ਸਾਧਨਾਂ ਦੀ ਕਮੀ ਦੇ ਚਲਦਿਆਂ ਅਰਹਰ ਦੀ ਖੇਤੀ ਤੇ ਇਹ ਸਫਲ ਪ੍ਰਯੋਗ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਮੁਖ ਵਿਗਿਆਨੀ ਪ੍ਰੋਫੈਸਰ ਮੋਨੀ ਥਾਮਸ ਮੁਤਾਬਕ ਉਪਜਾਊ ਜ਼ਮੀਨ ਸੀਮਤ ਹੁੰਦੀ ਜਾ ਰਹੀ ਹੈ। ਇਸ ਲਈ ਖੇਤੀ ਵਿਭਾਗ ਸੀਮਤ ਸਾਧਨਾਂ ਦੀ ਵਰਤੋਂ ਰਾਹੀ ਜ਼ਮੀਨ ਅਤੇ ਘੱਟ ਲਾਗਤ ਤੇ ਵੱਧ ਪੈਦਾਵਾਰ ਦੇਣ ਵਾਲੀ ਤਕਨੀਕ ਲੱਭ ਰਿਹਾ ਹੈ। ਯੂਨੀਵਰਸਿਟੀ ਦੇ ਖੇਤਾਂ ਵਿਚ 20 ਕਿਲੋ ਮਿੱਟੀ ਦਾ ਵਿਸ਼ੇਸ਼ ਇਲਾਜ ਕਰ ਕੇ ਉਸ ਵਿਚ ਅਰਹਰ ਦੇ ਪੌਦੇ ਲਗਾਏ ਗਏ ਹਨ। ਅੱਧੇ ਏਕੜ ਵਿਚ 200 ਅਰਹਰ ਦੇ ਪੌਦੇ ਲਗਾਏ ਗਏ ਹਨ।
ਛੋਟੇ ਲਾਲ ਕੀੜਿਆਂ ਵੱਲੋਂ ਤਿਆਰ ਕੀਤੇ ਜਾਂਦੀ ਲਾਖ ਦੀ ਵਰਤੋਂ ਦਵਾਈਆਂ, ਫੂਡ ਪ੍ਰੌਸੈਸਿੰਗ, ਕਾਸਮੈਟਿਕਸ, ਸੂਖਮ ਰਸਾਇਣ ਅਤੇ ਖੁਸ਼ਬੂ ਉਦਯੋਗ ਵਿਚ ਹੁੰਦਾ ਹੈ। ਅਰਹਰ ਦੇ ਪੌਦੇ ਤੇ ਛੋਟੇ ਕੀੜਿਆਂ ਨਾਲ ਇਸ ਨੂੰ ਕੋਈ ਨੁਕਸਾਨ ਨਹੀਂ ਪੁਹੰਚਦਾ। ਦੱਸ ਦਈਏ ਕਿ ਬਜ਼ਾਰ ਵਿਚ ਲਾਖ 110 ਰੁਪਏ ਪ੍ਰਤਿ ਕਿਲੇ ਵਿਕਦੀ ਹੈ।
Source: Rozana Spokesman

 
                                
 
                                         
                                         
                                         
                                         
 
                            
 
                                            