By: ajit jalandhar Date:23 august 2017
ਲੁਧਿਆਣਾ, 23 ਅਗਸਤ -ਸ਼ਹਿਦ ਤਿਆਰ ਕਰਨ ਨੂੰ ਕਿਸਾਨ ਸਹਾਇਕ ਧੰਦੇ ਵਜੋਂ ਅਪਣਾ ਕੇ ਆਪਣੀ ਆਰਥਿਕ ਮੰਦਹਾਲੀ ਨੂੰ ਦੂਰ ਕਰਨ ਦਾ ਹੰਭਲਾ ਮਾਰਨ ਅਤੇ ਖੇਤੀਬਾੜੀ ਵਿਚੋਂ ਪੈਣ ਵਾਲੇ ਘਾਟੇ ਨੂੰ ਸ਼ਹਿਦ ਉਤਪਾਦਨ ਦਾ ਧੰਦਾ ਅਪਣਾ ਕੇ ਪੂਰਾ ਕਰਨ ਦੇ ਨਾਲ-ਨਾਲ ਕਮਾਈ ਕਰਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ | ਉਕਤ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ ਨੇ ਵਿਸ਼ਵ ਸ਼ਹਿਦ ਦਿਵਸ ਮੌਕੇ ਨਾਬਾਰਡ ਵੱਲੋਂ ਲੁਧਿਆਣਾ ਕੇਂਦਰੀ ਸਹਿਕਾਰੀ ਬੈਂਕ ਵਿਖੇ ਵਿਸ਼ਵ ਸ਼ਹਿਦ ਦਿਵਸ ਨੂੰ ਸਮਰਪਿਤ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ | ਪੀ. ਏ. ਯੂ. ਤੋਂ ਪਹੁੰਚੇ ਡਾ. ਪ੍ਰਦੀਪ ਛੁਨੇਜਾ ਨੇ ਸ਼ਹਿਦ ਤਿਆਰ ਕਰਨ ਦੀ ਵਿਧੀ, ਸੰਭਾਲ ਦੇ ਤਰੀਕੇ, ਗੁਣਵੱਤਾ ਅਤੇ ਉਦਪਾਦਨ ਦੀਆਂ ਨਵੀਆਂ ਤਕਨੀਕਾਂ ਬਾਰੇ ਵਿਸਥਾਰ ਸਹਿਤ ਦੱਸਿਆ | ਸਮਾਗਮ ਵਿਚ ਵੱਡੀ ਗਿਣਤੀ ਵਿਚ ਪਹੁੰਚੇ ਉੱਦਮੀਆਂ ਅਤੇ ਐੱਨ. ਜੀ. ਓ. ਗਦਰੀ ਸ਼ਹੀਦ ਬਾਬਾ ਦੁੱਲਾ ਸਿੰਘ ਜਲਾਲਦੀਵਾਲ, ਕੋਰਡ ਐਨ. ਜੀ. ਓ. ਲੁਧਿਆਣਾ, ਗਲੋਬਲ ਸੈਲਫ ਹੈਲਪ ਗਰੁੱਪ ਅਤੇ ਕਿਸਾਨ ਕਲੱਬਾਂ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਦੀਪਕ ਕੁਮਾਰ ਨੇ ਸ਼ਹਿਦ ਦੀ ਮਨੁੱਖੀ ਸਰੀਰ ਲਈ ਮਹੱਤਤਾ, ਇਸ ਧੰਦੇ ਨਾਲ ਜੁੜ ਕੇ ਨਾਬਾਰਡ ਦੀ ਸਹਾਇਤਾ ਨਾਲ ਲਾਹੇਵੰਦ ਵਪਾਰ ਕਿਵੇਂ ਕੀਤਾ ਜਾਵੇ, ਵਰਗੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ | ਸਮਾਗਮ ਦੌਰਾਨ ਸਟਾਲ ਲਗਾ ਕੇ ਸ਼ਹਿਦ ਦੀ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਵੀ ਲਾਈ ਗਈ | ਇਸ ਮੌਕੇ ਨਾਬਾਰਡ ਦੇ ਜਨਰਲ ਮੈਨੇਜਰ ਐਮ. ਦੀਪਕ ਕੁਮਾਰ, ਡੀ. ਡੀ. ਐਮ. ਪਰਵੀਨ ਭਾਟੀਆ, ਐਲ. ਡੀ. ਐਮ. ਲੀਡ ਬੈਂਕ ਅਨੂਪ ਸਿੰਘ ਚਾਵਲਾ, ਜ਼ਿਲ੍ਹਾ ਮੈਨੇਜਰ ਦਵਿੰਦਰਪਾਲ ਸਿੰਘ ਆਦਿ ਹਾਜ਼ਰ ਸਨ | ਅੰਤ ਵਿਚ ਨਾਬਾਰਡ ਦੇ ਡੀ. ਡੀ. ਐਮ. ਪ੍ਰਵੀਨ ਭਾਟੀਆ ਨੇ ਹਿੱਸਾ ਲੈ ਰਹੀਆਂ ਐਨ. ਜੀ. ਓਜ਼, ਕਿਸਾਨ ਕਲੱਬਾਂ ਦਾ ਸਮਾਗਮ ਵਿਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ |
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।