By: abp sanjha date:18 august 2017
ਚੰਡੀਗੜ੍ਹ: ਕੇਂਦਰ ਸਰਕਾਰ ਵੱਲ਼ੋਂ ਚਿੱਟੀ ਮੱਖੀ ਦਾ ਜਾਇਜ਼ਾ ਲੈਣ ਆਈ ਟੀਮ ਨੇ ਪੰਜਾਬ ਨੂੰ ਚਿੱਟੀ ਮੱਖੀ ਦੇ ਅਸਰ ਤੋਂ ਬਾਹਰ ਐਲਾਨਿਆ। ਟੀਮ ਨੇ ਦੱਸਿਆ ਕਿ ਬਾਰਸ਼ ਦੀ ਕਮੀ ਤੇ ਗੁਜਰਾਤੀ ਬੀਜਾਂ ਕਾਰਨ ਨਰਮੇ ਦੀ ਫ਼ਸਲ ਦਾ ਕਿਤੇ ਥੋੜ੍ਹਾ ਕਿਤੇ ਬਹੁਤਾ ਨੁਕਸਾਨ ਹੋਇਆ ਹੈ ਪਰ ਕੁੱਲ ਮਿਲਾ ਕੇ ਹਾਲਾਤ ਕਾਬੂ ਹੇਠ ਹਨ। ਟੀਮ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜਿੱਥੇ ਮੱਖੀ ਦਾ ਹਮਲਾ ਜ਼ਿਆਦਾ ਹੈ, ਉੱਥੇ ਕੀਟਨਾਸ਼ਕ ਨਾਲ ਕਾਬੂ ਪਾਇਆ ਜਾ ਸਕਦਾ ਹੈ। ਕੇਂਦਰੀ ਟੀਮ ਨੇ ਦੱਸਿਆ ਕਿ ਇਸ ਬਾਰੇ ਰਿਪੋਰਟ ਕੇਂਦਰ ਸਰਕਾਰ ਨੂੰ ਦੇ ਕੇ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਜਾਵੇਗੀ। ਪੰਜਾਬ ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ. ਸੁਖਦੇਵ ਸਿੰਘ ਨੇ ਵੀ ਨਰਮੇ ਦੀ ਨੁਕਸਾਨੀ ਫ਼ਸਲ ਲਈ ਗੁਜਰਾਤੀ ਬੀਜਾਂ ਨੂੰ ਜ਼ਿੰਮੇਵਾਰ ਦੱਸਿਆ ਤੇ ਹਾਲਤ ਕਾਬੂ ਵਿੱਚ ਹੋਣ ਦਾ ਦਾਅਵਾ ਕੀਤਾ।
ਜ਼ਿਕਰਯੋਗ ਹੈ ਕਿ ਚਿੱਟੀ ਮੱਖੀ ਦੇ ਮਾਲਵਾ ਪੱਟੀ ਵਿੱਚ ਮੁੜ ਸਰਗਰਮ ਹੋਣ ਤੋਂ ਪੰਜਾਬ ਦੇ ਸਿਆਸਤਦਾਨ ਖੇਤਾਂ ਦਾ ਦੌਰਾ ਕਰ ਰਹੇ ਹੈ। ਇਸ ਕੜੀ ਵਜੋਂ ਮੁਖ ਮੰਤਰੀ ਕੈਪਟਨ ਅਮਰਦਿੰਰ ਸਿੰਘ ਨੇ ਖੇਤਾਂ ਦਾ ਦੌਰਾ ਕੀਤਾ ਸੀ। ਅਜਿਹੇ ਹਾਲਾਤ ਵਿੱਚ ਇੱਕਦਮ ਚੁੱਪ-ਚਪੀਤੇ ਜਾਇਜ਼ਾ ਲੈਣ ਆਈ ਕੇਂਦਰ ਦੀ ਖੇਤੀਬਾੜੀ ਟੀਮ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕੇਂਦਰੀ ਟੀਮ ਦੀ ਅਗਵਾਈ ਖੇਤੀਬਾੜੀ ਮੰਤਰਾਲੇ ਦੇ ਜੁਆਇੰਟ ਡਾਇਰੈਕਟਰ ਡੀ.ਸੀ. ਰਜਕ, ਡਿਪਟੀ ਡਾਇਰੈਕਟਰ ਕੇ. ਡਬਲਿਊ. ਦੇਸ਼ਕਰ ਤੇ ਅਸਿਸਟੈਂਟ ਡਾਇਰੈਕਟਰ ਡਾਕਟਰ ਰਜਿੰਦਰ ਸਿੰਘ ਸਨ, ਵੱਲੋਂ ਜ਼ਿਲ੍ਹੇ ਦੇ ਪਿੰਡ ਅੱਕਾਂਵਾਲੀ, ਆਲਮਪੁਰ ਮੰਦਰਾਂ, ਜੋਈਆਂ, ਉੱਡਤ ਸੈਦੇਵਾਲਾ, ਗਾਮੀਵਾਲਾ ਤੇ ਹੋਰ ਪਿੰਡਾਂ ਵਿੱਚ ਨਰਮੇ ‘ਤੇ ਚਿੱਟੀ ਮੱਖੀ ਦੇ ਹਮਲੇ ਦਾ ਜਾਇਜ਼ਾ ਲਿਆ ਗਿਆ।
ਇੱਕ ਪਾਸੇ ਕਿਸਾਨ ਜਥੇਬੰਦੀਆਂ ਤੇ ਆਮ ਲੋਕ ਸਵਾਲ ਕਰ ਰਹੇ ਸੀ ਕਿ ਇਹ ਦੌਰਾ ਗੁਪਤ ਕਿਉਂ ਰੱਖਿਆ ਗਿਆ? ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਨਾਂ ਹੇਠ ਪ੍ਰੈੱਸ ਨੋਟ ਜਾਰੀ ਕਰਕੇ ਦੋਸ਼ ਲਾਇਆ ਕਿ ਚਿੱਟੀ ਮੱਖੀ ਦੇ ਹਮਲੇ ਨਾਲ ਨੁਕਸਾਨੀ ਫ਼ਸਲ ਦਾ ਜਾਇਜ਼ਾ ਲੈਣ ਆਈ ਕੇਂਦਰੀ ਟੀਮ ਤੋਂ ਸੂਬਾਈ ਅਧਿਕਾਰੀਆਂ ਨੇ ਤੱਥ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਖੇਤੀਬਾੜੀ ਮੰਤਰਾਲੇ ਨੂੰ ਬੇਨਤੀ ਕਰਕੇ ਸੱਦੀ ਕੇਂਦਰੀ ਟੀਮ ਅੱਜ ਜਦੋਂ ਜ਼ਿਲ੍ਹੇ ਦੇ ਪਿੰਡਾਂ ਦਾ ਦੌਰਾ ਕਰਨ ਪੁੱਜੀ ਤਾਂ ਉਸ ਨੂੰ ਸਵੇਰੇ ਵੇਲੇ ਗੁੰਮਰਾਹ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਟੀਮ ਨੂੰ ਜਾਣਬੁੱਝ ਕੇ ਅਜਿਹੇ ਖੇਤਾਂ ਵਿੱਚ ਵਾੜ ਦਿੱਤਾ ਗਿਆ, ਜਿੱਥੇ ਨਰਮੇ ਦੀ ਫ਼ਸਲ ਦਾ ਮਾਮੂਲੀ ਨੁਕਸਾਨ ਹੋਇਆ ਸੀ।
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।