By: punjabi tribune Date:21 august 2017
ਬਾਗਬਾਨੀ ਫ਼ਸਲਾਂ ਨਾਲ ਪੰਜਾਬ ਵਿੱਚ ਖੇਤੀ ਵੰਨ-ਸੁਵੰਨਤਾ ਲਿਆਂਦੀ ਜਾ ਸਕਦੀ ਹੈ। ਮੰਡੀਕਰਨ ਦੇ ਮੌਜੂਦਾ ਸਿਸਟਮ ਵਿੱਚ ਭਾਵੇਂ ਇਨ੍ਹਾਂ ਫ਼ਸਲਾਂ ਨੂੰ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਦੇਖਣੇ ਪੈਂਦੇ ਹਨ, ਲੇਕਿਨ ਕਿਸਾਨਾਂ ਦਾ ਮੁਨਾਫ਼ਾ ਵਧਾਉਣ ਅਤੇ ਰੁਜ਼ਗਾਰ ਦੇ ਵਸੀਲੇ ਮੁਹੱਈਆ ਕਰਨ ਵਿੱਚ ਇਹ ਫ਼ਸਲਾਂ ਕਾਫੀ ਸਮਰੱਥ ਹਨ। ਬਾਗਬਾਨੀ ਫ਼ਸਲਾਂ ਦੇ ਖੇਤਰ ਵਿੱਚ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਪਿਛਲੇ ਪੰਜ ਸਾਲਾਂ ਵਿੱਚ ਕਈ ਅਹਿਮ ਖੋਜ ਪ੍ਰਾਪਤੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਫ਼ਸਲਾਂ ਦੀਆਂ ਨਵੀਆਂ/ਸੋਧੀਆਂ ਹੋਈਆਂ ਕਿਸਮਾਂ, ਉਤਪਾਦਨ ਅਤੇ ਸੁਰੱਖਿਆ ਤਕਨਾਲੋਜੀਆਂ ਨੂੰ ਵਿਕਸਿਤ ਕਰਨਾ, ਕਟਾਈ ਉਪ੍ਰੰਤ ਸਾਂਭ ਸੰਭਾਲ ਅਤੇ ਗੁਣਵੱਤਾ ਵਧਾਉਣਾ ਆਦਿ ਕਾਰਜ ਸ਼ਾਮਿਲ ਹਨ। ਪੀਏਯੂ ਵਿਖੇ ਬਾਗਬਾਨੀ ਖੋਜ ਦਾ ਕਾਰਜ ਫ਼ਲ ਵਿਗਿਆਨ, ਸਬਜ਼ੀਆਂ ਦੀਆਂ ਫ਼ਸਲਾਂ ਅਤੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਦੇ ਵਿਭਾਗਾਂ ਵਿੱਚ ਸੇਵਾ ਨਿਭਾਅ ਰਹੇ ਵਿਗਿਆਨੀਆਂ ਦੀਆਂ ਵਿਸ਼ੇ-ਮਾਹਿਰ ਟੀਮਾਂ ਵਲੋਂ ਕੀਤਾ ਜਾ ਰਿਹਾ ਹੈੇ।
ਬਾਗਬਾਨੀ ਵਿੱਚ ਖੋਜ ਕਰ ਰਹੇ ਇਹ ਵਿਗਿਆਨੀ ਜਰਮਪਲਾਜ਼ਮ ਅਤੇ ਬਰੀਡਿੰਗ ਤਕਨੀਕਾਂ ’ਤੇ ਵਧੇਰੇ ਜ਼ੋਰ ਦੇ ਰਹੇ ਹਨ। ਫ਼ਲਾਂ ਦੀਆਂ ਫ਼ਸਲਾਂ ਵਿੱਚ ਪੰਜ ਸਾਲਾਂ ਦੌਰਾਨ ਗਿਆਰਾਂ ਨਵੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ। ਬੀਜ ਰਹਿਤ ਕਿੰਨੂ ਦੀ ਕਿਸਮ ਪੀਏਯੂ ਕਿੰਨੂ-1, ਜਿਸ ਦੀ ਵਧੇਰੇ ਪ੍ਰੋਸੈਸਿੰਗ ਅਤੇ ਨਿਰਯਾਤ ਸਮਰੱਥਾ ਹੈ, ਨੂੰ ਵਿਕਸਤ ਕਰਨਾ ਪੀਏਯੂ ਦੀ ਅਹਿਮ ਪ੍ਰਾਪਤੀ ਹੈ। ਕਿੰਨੂ ਦੀ ਇਸ ਕਿਸਮ ਦੇ ਬੀਜ ੨੧ ਦੇ ਮੁਕਾਬਲੇ ਔਸਤਨ 3-4 ਹੀ ਹੁੰਦੇ ਹਨ। ਮੈਂਡਰਿਨ ਦੀ ਡੇਜ਼ੀ ਕਿਸਮ ਦੇ ਜਾਰੀ ਹੋਣ ਨਾਲ ਕਿੰਨੂ ਦੀਆਂ ਕਿਸਮਾਂ ਵਿਚਲੀ ਵੰਨ-ਸੁਵੰਨਤਾ ਨੂੰ ਵੀ ਹੁਲਾਰਾ ਮਿਲਿਆ ਹੈ ਕਿਉਂਕਿ ਇਸ ਕਿਸਮ ਦਾ ਫਲ ਅਗੇਤਾ (20 ਨਵੰਬਰ ਤੱਕ) ਤਿਆਰ ਹੋ ਜਾਂਦਾ ਹੈ। ਇਸ ਸਦਕਾ ਫਲ ਵਧੇਰੇ ਲੰਬੇ ਸਮੇਂ ਤੱਕ ਮਿਲਦਾ ਰਹਿੰਦਾ ਹੈ। ਡਬਲਯੂ ਮੂਰਕੋਟ, ਜੋ ਮੈਂਡਰਿਨ ਦੀ ਪਛੜ ਕੇ ਤਿਆਰ ਹੋਣ ਵਾਲੀ ਕਿਸਮ ਹੈ, ਨਾਲ ਵੀ ਕਿੰਨੂ ਦੀਆਂ ਕਿਸਮਾਂ ਵਿੱਚ ਵੰਨ-ਸੁਵੰਨਤਾ ਆਈ ਹੈ।
ਮੌਜੂਦਾ ਸਮੇਂ ਵਿੱਚ ਜਾਰੀ ਹੋਈਆਂ ਕਿਸਮਾਂ ਵਿੱਚ ਸ਼ਵੇਤਾ ਅਮਰੂਦ, ਸੁਪੀਰੀਅਰ ਬੀਜ ਰਹਿਤ ਅੰਗੂਰ ਅਤੇ ਭਗਵਾ ਅਨਾਰ ਵੀ ਸ਼ਾਮਲ ਹਨ। ਯੂਨੀਵਰਸਿਟੀ ਦੇ ਫ਼ਲ ਵਿਗਿਆਨ ਵਿਭਾਗ ਵਲੋਂ ਪਿਛਲੇ ਪੰਜ ਸਾਲਾਂ ਦੌਰਾਨ ਪੰਜਾਬ ਲਈ ਬਿਲ, ਅੰਜੀਰ ਅਤੇ ਖਜ਼ੂਰ ਦੀਆਂ ਪਲੇਠੀਆਂ ਕਿਸਮਾਂ ਜਾਰੀ ਕੀਤੀਆਂ ਗਈਆਂ ਹਨ।
ਛੰਗਾਈ ਅਤੇ ਪਿਊਂਦ ਦੀ ਅੱਖ ਦੇ ਜਲਦੀ ਪੁੰਗਰਣ ਦੀ ਤਕਨੀਕ ਦੇ ਨਾਲ ਨਾਲ ਡੱਬਿਆਂ ਵਿੱਚ ਨਰਸਰੀ ਉਤਪਾਦਨ ਨਾਲ ਕਿੰਨੂ ਦੇ ਨਰਸਰੀ ਉਤਪਾਦਨ ਦੇ ਹੋਰ ਵੱਧਣ ਦੀ ਉਮੀਦ ਹੈ। ਸਾਲ 2016-17 ਦੌਰਾਨ ਪੀਏਯੂ ਨੇ ਕਿਸਾਨਾਂ ਨੂੰ ਫ਼ਲਾਂ ਦੇ ਰੁੱਖਾਂ ਦੇ 3.5 ਲੱਖ ਤੋਂ ਵੱਧ ਨਰਸਰੀ ਬੂਟੇ ਮੁਹੱਈਆ ਕੀਤੇ ਹਨ। ਨਾਸ਼ਪਾਤੀ ਅਤੇ ਆਲੂ ਬੁਖਾਰੇ ਦੀ ਗੁਣਵੱਤਾ ਵਧਾਉਣ ਲਈ ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ ਅਤੇ ਉਮਰਾਨ ਬੇਰ ਵਿੱਚ ਫ਼ਲ ਦੇ ਕੇਰੇ ਨੂੰ ਰੋਕਣ ਲਈ ਵਿਕਾਸ ਰੈਗੂਲੇਟਰ (ਐਨ ਏ ਏ) ਦੀ ਵਰਤੋਂ ਦੀ ਸਿਫਾਰਸ਼ ਕੀਤੀ ਗਈ ਹੈ। ਅੰਬਾਂ ਅਤੇ ਅਮਰੂਦਾਂ ਦੇ ਪੁਰਾਣੇ ਬਾਗਾਂ ਨੂੰ ਮੁੜ ਤੋਂ ਹਰਿਆ ਭਰਿਆ ਕਰਨ ਦੀ ਤਕਨੀਕ ਵਿਕਸਿਤ ਕੀਤੀ ਗਈ ਸਿਰਫ 625 ਵਰਗ ਮੀਟਰ ਦੇ ਰਕਬੇ ਵਾਲੀ ਪੋਸ਼ਟਿਕ ਫ਼ਲਾਂ ਦੀ ਬਗੀਚੀ ਦਾ ਮਾਡਲ, ਜਿਸ ਵਿੱਚ 21 ਕਿਸਮ ਦੇ ਫਲ ਲਗਾਏ ਜਾ ਸਕਦੇ ਹਨ, ਬਣਾਇਆ ਗਿਆ ਤਾਂ ਜੋ ਫ਼ਲਾਂ ਦੀ ਘਰੇਲੂ ਅਤੇ ਸਥਾਨਕ ਵਰਤੋਂ ਰਾਹੀਂ ਪੋਸ਼ਣ ਨੂੰ ਵਧਾਇਆ ਜਾ ਸਕੇ। ਵਿਕਸਿਤ ਕੀਤੀਆਂ ਪੌਦ ਸੁਰੱਖਿਆ ਤਕਨੀਕਾਂ ਵਿਚੋਂ ਕਿੰਨੂ, ਅਮਰੂਦ, ਆੜੂ ਅਤੇ ਨਾਸ਼ਪਤੀ ਦੇ ਬਾਗਾਂ ਲਈ ਫ਼ਲਾਂ ਦੀ ਮੱਖੀ ਨੂੰ ਕਾਬੂ ਕਰਨ ਵਾਲੇ ਜਾਲ (ਫਰੂਟ ਫਲਾਈ ਟ੍ਰੈਪਜ਼) ਵਧੇਰੇ ਅਸਰਦਾਇਕ ਰਹੇ।
ਪੰਜਾਬ ਵਿੱਚ ਸਬਜ਼ੀਆਂ ਦੀਆਂ ਫ਼ਸਲਾਂ ਅਧੀਨ ਰਕਬਾ ਪਿਛਲੇ ਪੰਜ ਸਾਲਾਂ ਦੌਰਾਨ 1.88 ਲੱਖ ਤੋਂ ਵੱਧ ਕੇ 2.30 ਲੱਖ ਹੈਕਟੇਅਰ ਹੋ ਗਿਆ। ਸਬਜ਼ੀਆਂ ਦੀਆਂ ਫ਼ਸਲਾਂ ਵਿਚਲੇ ਬਰੀਡਿੰਗ ਪ੍ਰੋਗਰਾਮਾਂ ਦਾ ਵਧੇਰੇ ਤਜਰਬਾ ਹੋਣ ਕਰਕੇ29 ਕਿਸਮਾਂ ਵਿਕਸਿਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 15 ਫ਼ਸਲਾਂ ਇਸ ਸਮੇਂ ਦੌਰਾਨ ਵਿਕਸਿਤ ਕੀਤੀਆਂ ਗਈਆਂ। ਇਨ੍ਹਾਂ ਕਿਸਮਾਂ ਵਿੱਚ ਟਮਾਟਰਾਂ ਦੀਆਂ ਪੰਜਾਬ ਸਰਤਾਜ ਅਤੇ ਪੰਜਾਬ ਗੌਰਵ ਤੋਂ ਇਲਾਵਾ ਪੋਲੀ ਨੈੱਟ ਹਾਊਸ ਕਾਸ਼ਤ ਲਈ ਪੰਜਾਬ ਰੈੱਡ ਚੈਰੀ, ਪੰਜਾਬ ਸੋਨਾ ਅਤੇ ਪੰਜਾਬ ਕੇਸਰ ਵੀ ਸ਼ਾਮਲ ਹਨ। ਵਰਖਾ ਰੁੱਤ ਦੌਰਾਨ ਫਸਲ ਦੀ ਬੇਮੌਸਮੀ ਕਾਸ਼ਤ ਲਈ ਪੰਜਾਬ ਵਰਖਾ ਬਹਾਰ-4ਵਿਕਸਿਤ ਕੀਤੀ ਗਈ ਜੋ ਵਿਸ਼ਾਣੂੰ ਰੋਗ ਪ੍ਰਤੀਰੋਧਕਤਾ ਰੱਖਣ ਵਾਲੀ ਕਿਸਮ ਹੈ। ਮਿਰਚਾਂ ਵਿੱਚ ਹਾਈਬ੍ਰਿਡ ਸੀ ਐਚ 1 ਦੀ ਥਾਂ ਤੇ ਸੀ ਐਚ-27 ਹਾਈਬ੍ਰਿਡ ਕਿਸਮ ਵਿਕਸਿਤ ਕੀਤੀ ਗਈ, ਜੋ ਪੱਤਾ ਮਰੋੜ ਵਾਇਰਸ ਅਤੇ ਜੜ੍ਹ ਗੰਢ ਨੀਮਾਟੋਡਜ਼ ਪ੍ਰਤੀ ਸਹਿਣਸ਼ੀਲਤਾ ਰੱਖਦੀ ਹੈ। ਪ੍ਰੋਸੈਸਿੰਗ (ਪਿਸਾਈ) ਲਈ ਪੰਜਾਬ ਸੰਧੂਰੀ ਹਰੀ ਮਿਰਚ ਅਤੇ ਪੰਜਾਬ ਤੇਜ਼ ਕਿਸਮਾਂ ਨੂੰ ਵਿਕਸਿਤ ਕੀਤਾ ਗਿਆ। ਬੈਂਗਣ ਵਿੱਚ ਪੰਜ ਹਾਈਬ੍ਰਿਡ ਵਿਕਸਿਤ ਕੀਤੇ ਗਏ, ਜਿਨ੍ਹਾਂ ਵਿੱਚ ਛੋਟੇ ਫ਼ਲਾਂ ਲਈ ਪੀ ਬੀ ਐਚ-3, ਲੰਬੇ ਫ਼ਲਾਂ ਲਈ ਪੀਬੀ ਐਚ-4 ਅਤੇ ਪੀਬੀਐਚ ਐਲ-52, ਗੋਲ ਫ਼ਲਾਂ ਲਈ ਪੀ ਬੀ ਐਚ ਆਰ41 ਅਤੇ ਪੀ ਬੀ ਐਚ ਆਰ-42 ਕਿਸਮਾਂ ਸ਼ਾਮਲ ਹਨ ਹਰੇ ਮਟਰਾਂ ਦੀਆਂ ਕਿਸਮਾਂ ਮਟਰ ਅਗੇਤਾ-7 ਅਤੇ ਏ ਪੀ-3 ਅਗੇਤੀਆਂ ਪੱਕਣ ਵਾਲੀਆਂ ਕਿਸਮਾਂ ਹਨ ਖਰਬੂਜੇ ਦੀ ਐਮ ਐਚ-27 ਹਾਈਬ੍ਰਿਡ ਜਾਰੀ ਕੀਤੀ ਗਈ ਜੋ ਕਿ ਮੁਰਝਾਅ ਅਤੇ ਜੜ੍ਹ ਗੰਢ ਨੀਮਾਟੋਡ ਪ੍ਰਤੀ ਸਹਿਣਸ਼ੀਲਤਾ ਰੱਖਣ ਵਾਲੀ ਕਿਸਮ ਹੈ। ਐਮ ਐਚ-51 ਅਗੇਤੀ ਤਿਆਰ ਹੋਣ ਵਾਲੀ ਹਾਈਬ੍ਰਿਡ ਕਿਸਮ ਹੈ ਜਿਸਦੇ ਫਲ ਗੋਲ ਅਤੇ ਗੁੱਦਾ ਮੋਟਾ ਹੈ। ਵਿਭਾਗ ਵਲੋਂ ਕੱਦੂ ਜਾਤੀ ਦੀਆਂ ਅਗੇਤੀਆਂ ਪੱਕਣ ਵਾਲੀਆਂ ਅਤੇ ਛੋਟੇ ਫ਼ਲਾਂ ਦੀਆਂ ਹਾਈਬ੍ਰਿਡਜ਼ ਪੀ ਪੀ ਐਚ-1 ਅਤੇ ਪੀ ਪੀ ਐਚ-2, ਲੰਬੇ ਫ਼ਲਾਂ ਵਾਲੀ ਕਿਸਮ ਪੰਜਾਬ ਬਰਕਤ ਵਿਕਸਿਤ ਕੀਤੀ ਗਈ।
ਨਿਤਾਪ੍ਰਤੀ ਵਰਤੋਂ ਵਾਲੀਆਂ ਸਬਜ਼ੀਆਂ ਦੀਆਂ ਫ਼ਸਲਾਂ ਤੋਂ ਇਲਾਵਾ ਝਾੜ ਕਰੇਲਾ, ਕਾਂਜੀ ਬਣਾਉਣ ਲਈ ਕਾਲੇ ਰੰਗ ਦੀ ਗਾਜਰ (ਪੰਜਾਬ ਬਲੈਕ ਬਿਊਟੀ), ਸਾਗ ਬਣਾਉਣ ਲਈ ਚੀਨੀ ਗੋਭੀ, ਬਰੋਕਲੀ ਅਤੇ ਮੇਥੀ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ। ਆਲੂ ਜੋ ਕਿ ਪੰਜਾਬ ਵਿੱਚ ਸਬਜ਼ੀਆਂ ਦੀ ਸਭ ਤੋਂ ਵੱਧ ਬੀਜੀ ਜਾਣ ਵਾਲੀ ਫ਼ਸਲ ਹੈ, ਨੂੰ ਹੁਣ ਲਾਹੌਲ-ਸਪਿਤੀ ਦੇ ਫ਼ਲਾਂ ਵਾਲੇ ਜਲਵਾਯੂ ਦੀ ਤਰਜ਼ ’ਤੇ ਇਨ-ਹਾਊਸ ਬਰੀਡਿੰਗ ਅਧੀਨ ਲਿਆਂਦਾ ਜਾ ਰਿਹਾ ਹੈ।
ਉਤਪਾਦਨ ਤਕਨੀਕ ਦੇ ਇੱਕ ਹਿੱਸੇ ਵਜੋਂ ਸਬਜ਼ੀਆਂਂ ਦੀ ਪੋਸ਼ਟਿਕ ਬਗੀਚੀ ਦਾ 6 ਮੀ: ਣ 6 ਮੀ: ਦਾ ਮਾਡਲ ਤਿਆਰ ਕੀਤਾ ਗਿਆ ਤਾਂ ਜੋ ਥਾਂ ਦੀ ਥੁੜ ਵਾਲੇ ਸ਼ਹਿਰੀ ਘਰਾਂ ਵਿੱਚ ਵੀ ਸਬਜ਼ੀਆਂ ਦੀ ਲੋੜ ਪੂਰੀ ਹੋ ਸਕੇ ਸਬਜ਼ੀਆਂ ਦੀਆਂ ਵੱਖੋ-ਵੱਖ ਫ਼ਸਲਾਂ ਲਈ ਤੁਪਕਾ ਸਿੰਚਾਈ ਅਤੇ ਖਾਦਾਂ ਲਈਂ ਸਮਾਂ ਸਾਰਣੀਆਂ ਤਿਆਰ ਕੀਤੀਆਂ ਗਈਆਂ ਲਸਣ ਵਿੱਚ ਝੋਨੇ ਦੀ ਪਰਾਲੀ ਤੇ ਆਧਾਰਿਤ ਨਦੀਨਾਂ ਦੀ ਰੋਕਥਾਮ, ਗਾਜਰ ਦੀ ਮਸ਼ੀਨੀ ਲੁਆਈ, ਜੜ੍ਹਾਂ ਵਾਲੀਆਂ ਫ਼ਸਲਾਂ ਲਈ ਡਿੱਗਰਜ਼ ਆਦਿ ਵਿਕਸਿਤ ਕੀਤੇ ਗਏ
ਫਲੋਰੀਕਲਚਰ ਵਿੱਚ ਜੈਨੇਟਿਕ ਦਖਲ ਅੰਦਾਜ਼ੀਆਂ ਕਰਨ ਨਾਲ ਪਿਛਲੇ ਪੰਜ ਸਾਲਾਂ ਦੌਰਾਨ 17 ਕਿਸਮਾਂ ਵਿਕਸਿਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਪੰਜਾਬ ਵਿੱਚ ਗਰਮੀਆਂ ਦੀ ਰੁੱਤ ਦੌਰਾਨ ਗੇਂਦੇ ਦੀ ਪਲੇਠੀ ਕਿਸਮ (ਪੰਜਾਬ ਗੇਂਦਾ ਨੰਬਰ 1) ਵੀ ਸ਼ਾਮਿਲ ਹੈ ਵਿਕਸਿਤ ਕੀਤੀਆਂ ਹੋਰ ਕਿਸਮਾਂ ਵਿੱਚ 6 ਗਲੈਡੀਓਲਜ਼ ਹਾਈਬ੍ਰਿਡਜ਼, ਗੁਲਦਾਉਂਦੀ ਦੀ 1 ਸਵੀਟ ਪੀਅ ਦੀਆਂ 5 ਅਤੇ ਪੈਂਜ਼ੀ ਦੀਆਂ 4 ਕਿਸਮਾਂ ਸ਼ਾਮਿਲ ਹਨ।
ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਤੇ ਵੀ ਵਿਸ਼ੇਸ ਜ਼ੋਰ ਦਿੱਤਾ ਗਿਆ ਪਿਛਲੇ ਪੰਜ ਸਾਲਾਂ ਦੌਰਾਨ ਦਰਜਨ ਤੋਂ ਵੀ ਵੱਧ ਨਵੀਆਂ ਪ੍ਰੋਸੈਸਿੰਗ ਤਕਨਾਲੋਜੀਆਂ ਵਿਕਸਿਤ ਕੀਤੀਆਂ ਗਈਆਂ, ਜਿਨ੍ਹਾਂ ਦਾ ਮੰਤਵ ਬਹੁ ਪ੍ਰਕਾਰ ਦੇ ਫ਼ਲਾਂ ਦਾ ਜੂਸ ਤਿਆਰ ਕਰਨਾ, ਕਾਰਬੋਨੇਟਿਡ ਅਤੇ ਗੈਰ ਕਾਰਬੋਨੇਟਿਡ ਪੇਅ ਪਦਾਰਥ ਤਿਆਰ ਕਰਨਾ, ਕੈਂਡੀਜ਼, ਜੈਮ, ਫ਼ਲਾਂ ਦੇ ਬਾਰ ਅਤੇ ਮਿਸ਼ਰਣ ਆਦਿ ਤਿਆਰ ਕਰਨਾ ਸੀ। ਖੁੰਭਾਂ ਅਤੇ ਪਿਆਜ਼ਾਂ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ ਦੀਆਂ ਤਕਨੀਕਾਂ ਵਿਕਸਿਤ ਕੀਤੀਆਂ ਗਈਆਂ ਗਾਜਰ, ਟਮਾਟਰ ਅਤੇ ਕਿੰਨੂ ਤੋਂ ਬਾਇਓਐਕਟਿਵ ਕੰਪਾਊਂਡਜ਼, ਜਿਨ੍ਹਾਂ ਵਿੱਚ ਐਂਟੀ ਔਕਸੀਡੈਂਟ ਵੀ ਸ਼ਾਮਿਲ ਹਨ, ਦਾ ਨਿਕਾਸ ਕਰਨ ਵਾਲੀ ਤਕਨੀਕ ਵਿਕਸਿਤ ਕੀਤੀ ਗਈ। ਵੱਖੋ-ਵੱਖ ਅਦਾਰਿਆਂ ਨਾਲ ਸਮਝੌਤੇ ਦਾ ਇਕਰਾਰਨਾਮਾ (ਐਮਓਯੂ) ਸਹੀਬੱਧ ਕਰਕੇ ਅਤੇ ਲਾਇਸੈਂਸਿੰਗ ਰਾਹੀਂ ਕਈ ਫੂਡ ਪ੍ਰੋਸੈਸਿੰਗ ਤਕਨੀਕਾਂ ਦਾ ਵਪਾਰੀਕਰਨ ਕੀਤਾ ਗਿਆ। ਪੀਏਯੂ ਵਿਖੇ ਫੂਡ ਇੰਡਸਟ੍ਰੀਜ਼ ਬਿਜ਼ਨੈਸ ਇੰਨਕੂਬੇਸ਼ਨ ਸੈਂਟਰ ਵੱਲੋਂ ਪ੍ਰੋਸੈਸਿੰਗ ਤਕਨੀਕਾਂ ਦੇ ਵਪਾਰੀਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।