By: Ajit Date: 3 August 2017
ਪੰਜਾਬ ਵਿਚ ਖੇਤੀਬਾੜੀ ਧੰਦੇ ਨੂੰ ਆ ਰਹੀਆਂ ਚੁਣੌਤੀਆਂ 'ਤੇ ਕਾਬੂ ਪਾਉਣ ਲਈ ਫ਼ਸਲਾਂ ਦੀ ਵੰਨਸੁਵੰਨਤਾ ਨੂੰ ਇਕ ਮਹੱਤਵਪੂਰਣ ਰਣਨੀਤੀ ਵਜੋਂ ਦੇਖਿਆ ਜਾ ਸਕਦਾ ਹੈ। ਖੇਤੀਬਾੜੀ ਦੀ ਵਿਭਿੰਨਤਾ ਦਾ ਅਰਥ ਹੈ ਉੱਚੇ ਮੁੱਲ ਅਤੇ ਲਾਹੇਵੰਦ ਉਦਯੋਗਾਂ ਦੇ ਪੱਖ ਵਿਚ ਬਹੁਤ ਸਾਰੀਆਂ ਫ਼ਸਲਾਂ ਨੂੰ ਉਗਾਉਣਾ। ਖੇਤੀਬਾੜੀ ਦੀ ਵਿਭਿੰਨਤਾ ਦੇ ਪੱਖ ਵਿਚ ਕੁਝ ਪ੍ਰਮੁੱਖ ਦਲੀਲਾਂ ਇਹ ਹਨ : ਖੇਤੀ ਆਮਦਨ ਵਧਾਉਣਾ, ਵਧੀਕ ਰੋਜ਼ਗਾਰ ਪੈਦਾ ਕਰਨਾ, ਲੰਮੇ ਸਮੇਂ ਲਈ ਖੇਤੀ ਆਮਦਨ ਨੂੰ ਸਥਿਰ ਕਰਨਾ ਅਤੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਕਰਨਾ ਹੈ। ਕਈ ਦੇਸ਼ਾਂ ਵਿਚ ਖੇਤੀਬਾੜੀ ਨੂੰ ਇਕ ਲਾਹੇਵੰਦ ਧੰਦਾ ਬਣਾਉਣ ਲਈ ਫ਼ਸਲੀ ਵਿਭਿੰਨਤਾ ਨੂੰ ਅਪਣਾਇਆ ਗਿਆ ਹੈ। ਫ਼ਸਲੀ ਵਿਭਿੰਨਤਾ ਨਾਲ ਖੇਤੀਬਾੜੀ ਖੇਤਰ ਵਿਚ ਸਥਿਰਤਾ ਵਧਾਈ ਜਾ ਸਕਦੀ ਹੈ। ਪਰ ਫ਼ਸਲੀ ਵਿਭਿੰਨਤਾ ਨੂੰ ਅਪਣਾਉਣਾ ਪੰਜਾਬ ਦੇ ਛੋਟੇ ਕਿਸਾਨਾਂ ਲਈ ਸੌਖਾ ਕੰਮ ਨਹੀਂ ਰਿਹਾ ਕਿਉਂਕਿ ਇਨ੍ਹਾਂ ਕਿਸਾਨਾਂ ਦੀ ਝੋਨੇ ਅਤੇ ਕਣਕ 'ਤੇ ਨਿਰਭਰਤਾ ਜ਼ਿਆਦਾ ਵਧ ਗਈ ਹੈ। ਮੁਫਤ ਬਿਜਲੀ, ਪਾਣੀ ਅਤੇ ਕਣਕ ਤੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ ਮਿਲਣ ਕਰਕੇ ਕਿਸਾਨ ਵਾਰ ਵਾਰ ਇਹੀ ਫ਼ਸਲਾਂ ਉਗਾਉਂਦਾ ਹੈ। ਲਗਾਤਾਰ ਝੋਨੇ ਦੀ ਫ਼ਸਲ ਬੀਜਣ ਨਾਲ ਧਰਤੀ ਹੇਠਲਾ ਪਾਣੀ ਵੀ ਖਤਮ ਹੋ ਰਿਹਾ ਹੈ ਜੋ ਕਿ ਭਵਿੱਖ ਵਿਚ ਇਕ ਗੰਭੀਰ ਸਮੱਸਿਆ ਬਣ ਸਕਦੀ ਹੈ। ਇਸ ਫ਼ਸਲੀ ਚੱਕਰ ਕਰਕੇ ਮਿੱਟੀ ਦੀ ਪੈਦਾਵਾਰ ਸ਼ਕਤੀ ਅਤੇ ਹੋਰ ਕੁਦਰਤੀ ਸਰੋਤਾਂ ਦਾ ਵੀ ਨੁਕਸਾਨ ਹੋ ਰਿਹਾ ਹੈ, ਇਸ ਲਈ ਸਰਕਾਰੀ ਏਜੰਸੀਆਂ ਨੂੰ ਇਸ ਫ਼ਸਲੀ ਚੱਕਰ 'ਚੋਂ ਕਿਸਾਨਾਂ ਨੂੰ ਕੱਢਣ ਲਈ ਕੋਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ।
ਪੰਜਾਬ ਦੀ ਖੇਤੀਬਾੜੀ ਨੀਤੀ 2013 ਤਹਿਤ ਪੰਜਾਬ ਸਰਕਾਰ ਦੁਆਰਾ ਕਿਸਾਨਾਂ ਨੂੰ ਪ੍ਰੋਤਸਾਹਨ ਕਰਕੇ ਦੂਜੇ ਫ਼ਸਲਾਂ ਹੇਠ ਖੇਤਰ ਵਧਾਉਣ ਲਈ ਕਿਹਾ ਜਿਨ੍ਹਾਂ ਲਈ ਪਾਣੀ ਦੀ ਘੱਟ ਜ਼ਰੂਰਤ ਪੈਂਦੀ ਸੀ। ਇਸ ਨੀਤੀ ਤਹਿਤ ਨੀਤੀ ਨਿਰਮਾਤਾਵਾਂ ਵੱਲੋਂ ਲਏ ਗਏ ਫੈਸਲੇ ਕਿਸਾਨਾਂ ਨੂੰ ਜ਼ਿਆਦਾ ਪ੍ਰਭਾਵਿਤ ਨਾ ਕਰ ਸਕੇ। ਜੋ ਨੀਤੀਆਂ ਬਣਾਈਆਂ ਗਈਆਂ ਸਨ ਉਨ੍ਹਾਂ ਤਹਿਤ ਕਿਸਾਨ ਜਾਂ ਤਾਂ ਆਪਣੀ ਫ਼ਸਲ ਚੰਗੀ ਤਰ੍ਹਾਂ ਉਗਾ ਨਾ ਸਕੇ ਜਾਂ ਫ਼ਸਲ ਚੰਗੀ ਹੋਈ ਤਾਂ ਕਿਸਾਨ ਨੂੰ ਉਸਦਾ ਵਾਜਿਬ ਮੁੱਲ ਨਾ ਮਿਲ ਸਕਿਆ। ਸਾਲ 2015 ਵਿਚ ਜਦੋਂ ਕਿਸਾਨਾਂ ਨੇ ਆਲੂਆਂ ਦੀ ਫ਼ਸਲ ਉਗਾਈ ਤਾਂ ਉਤਪਾਦਨ ਬਹੁਤ ਵਧੀਆ ਹੋਇਆ, ਪਰ ਕਿਸਾਨਾਂ ਨੂੰ ਉਸ ਦਾ ਬਣਦਾ ਮੁੱਲ ਨਾ ਮਿਲ ਸਕਿਆ, ਮਜਬੂਰਨ ਕਿਸਾਨਾਂ ਨੂੰ ਆਲੂ ਸੜਕਾਂ 'ਤੇ ਸੁਟਣੇ ਪਏ। ਸੋ, ਇਸ ਲਈ ਕਿਸਾਨ ਕਣਕ ਅਤੇ ਝੋਨੇ ਦੀ ਫ਼ਸਲ ਤੋਂ ਬਿਨਾਂ ਕਿਸੇ ਹੋਰ ਫ਼ਸਲ ਬਾਰੇ ਸੋਚਦਾ ਹੀ ਨਹੀਂ।
ਕੇਂਦਰ ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ ਕਿਸਾਨ ਜੋ ਵੀ ਫ਼ਸਲ ਉਗਾਵੇ ਉਸ ਨੂੰ ਉਸ ਦਾ ਵਾਜਿਬ ਮੁੱਲ ਦਿੱਤਾ ਜਾਵੇ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਰਕਾਰ ਨੂੰ ਪੰਜਾਬ ਵਿਚ ਵੱਖ-ਵੱਖ ਜ਼ੋਨ ਬਣਾ ਦੇਣੇ ਚਾਹੀਦੇ ਹਨ ਅਤੇ ਇਨ੍ਹਾਂ ਜ਼ੋਨਾਂ ਵਿਚ ਉਥੋਂ ਦੀ ਮਿੱਟੀ ਅਤੇ ਵਾਤਾਵਰਨ ਅਨੁਸਾਰ ਫ਼ਸਲਾਂ ਉਗਾਉਣ ਦੀ ਸਲਾਹ ਦੇਣੀ ਚਾਹੀਦੀ ਹੈ। ਇਸ ਨਾਲ ਜਦੋਂ ਅਲੱਗ-ਅਲੱਗ ਜ਼ੋਨਾਂ ਦੇ ਕਿਸਾਨ ਅਲੱਗ-ਅਲੱਗ ਫ਼ਸਲਾਂ ਉਗਾਉਣਗੇ ਤਾਂ ਉਹ ਆਪਣੀਆਂ ਫ਼ਸਲਾਂ ਦੇ ਵਾਜਿਬ ਮੁੱਲ ਵੀ ਲੈ ਸਕਣਗੇ। ਨਾਲ ਹੀ ਸਰਕਾਰਾਂ ਨੂੰ ਇਨ੍ਹਾਂ ਫ਼ਸਲਾਂ ਵਾਸਤੇ ਘੱਟੋ-ਘੱਟ ਸਮਰਥਨ ਮੁੱਲ ਦੇਣਾ ਚਾਹੀਦਾ ਹੈ ਤਾਂ ਜੋ ਕਿਸਾਨ ਮੰਡੀਆਂ ਵਿਚ ਨਾਂ ਰੁਲਣ। ਇਸ ਨਾਲ ਜਦੋਂ ਵੱਖ-ਵੱਖ ਫ਼ਸਲਾਂ ਅਲੱਗ-ਅਲੱਗ ਜ਼ੋਨਾਂ ਵਿਚ ਉਗਾਈਆਂ ਜਾਣਗੀਆਂ ਤਾਂ ਆਪਣੇ-ਆਪ ਫ਼ਸਲੀ ਵੰਨ-ਸੁਵੰਨਤਾ ਆ ਜਾਵੇਗੀ। ਇਸ ਨਾਲ ਜਿਥੇ ਕਿਸਾਨ ਆਪਣੀਆਂ ਫ਼ਸਲਾਂ ਦਾ ਸਹੀ ਮੁੱਲ ਲੈ ਸਕਣਗੇ ਉਥੇ ਲੋੜ ਦੇ ਮੁੁਤਾਬਿਕ ਬਾਕੀ ਫ਼ਸਲਾਂ ਵੀ ਉਗਾਉਣਗੇ ਜਿਨ੍ਹਾਂ ਦੀ ਉਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਲੋੜ ਹੋਵੇਗੀ, ਜਿਸ ਤਰ੍ਹਾਂ ਕਪਾਹ, ਨਰਮਾ, ਮੂੰਗੀ, ਮੱਕੀ, ਟਮਾਟਰ ਆਦਿ। ਇਸ ਵਿਧੀ ਨਾਲ ਲੋਕਾਂ ਨੂੰ ਕਣਕ ਝੋਨੇ ਤੋਂ ਇਲਾਵਾ ਬਾਕੀ ਫ਼ਸਲਾਂ ਦੇ ਉਤਪਾਦ ਵੀ ਅਸਾਨੀ ਨਾਲ ਮਿਲਣ ਲੱਗ ਜਾਣਗੇ।
ਜੇ ਸਰਕਾਰਾਂ ਕਿਸਾਨ ਦੀ ਆਰਥਿਕ ਹਾਲਤ ਸੁਧਾਰਨਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਫ਼ਸਲੀ ਵੰਨ-ਸੁਵੰਨਤਾ ਦੀਆਂ ਚੰਗੀਆਂ ਨੀਤੀਆਂ ਲਿਆ ਕੇ ਚੰਗੀ ਤਰ੍ਹਾਂ ਹੇਠਲੇ ਪੱਧਰ ਤੋਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ ਨਹੀਂ ਤਾਂ ਕਿਸਾਨ ਦੀ ਆਰਥਿਕ ਹਾਲਤ ਦਿਨੋਂ-ਦਿਨ ਬਦ ਤੋਂ ਬਦਤਰ ਹੋ ਜਾਵੇਗੀ ਜਿਸ ਦਾ ਸਿੱਟਾ ਭਿਆਨਕ ਨਿਕਲੇਗਾ।
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।