ਪ੍ਰਮੁੱਖ ਸਾਉਣੀ ਫਸਲਾਂ ਦੀ ਬਿਜਾਈ 5.77 ਲੱਖ ਹੈਕਟੇਅਰ ਘੱਟ ਹੋਈ

August 28 2017

 By : jagbani Date:28 august 2017

ਨਵੀਂ ਦਿੱਲੀ- ਖੇਤੀਬਾੜੀ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਸਾਉਣੀ ਚ ਬੀਜੀਆਂ ਜਾਣ ਵਾਲੀਆਂ ਫਸਲਾਂ ਝੋਨਾ, ਦਾਲਾਂ, ਮੋਟੇ ਅਨਾਜ ਤੇ ਤਿਲਾਂ ਦੀ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ 5.77 ਲੱਖ ਹੈਕਟੇਅਰ ਪਿੱਛੇ ਚੱਲ ਰਹੀ ਹੈ, ਜਦਕਿ ਚਾਲੂ ਸਾਉਣੀ ਸੈਸ਼ਨ ਚ ਬਿਜਾਈ ਦਾ ਸਮਾਂ ਸਮਾਪਤੀ ਵੱਲ ਹੈ। ਸਾਉਣੀ ਚ ਬੀਜੀਆਂ ਜਾਣ ਵਾਲੀਆਂ ਫਸਲਾਂ ਦੀ ਬਿਜਾਈ ਜੂਨ ਚ ਦੱਖਣ-ਪੱਛਮ ਮਾਨਸੂਨ ਦੀ ਸ਼ੁਰੂਆਤ ਨਾਲ ਸ਼ੁਰੂ ਹੁੰਦੀ ਹੈ ਅਤੇ ਕਟਾਈ ਦਾ ਕੰਮ ਅਕਤੂਬਰ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ। 

ਕਰੀਬ 90 ਫੀਸਦੀ ਬਿਜਾਈ ਦਾ ਕੰਮ ਹੁਣ ਪੂਰਾ ਹੋ ਚੁੱਕਾ ਹੈ। ਮੌਸਮ ਵਿਭਾਗ ਨੇ ਮਾਨਸੂਨ ਆਮ ਰਹਿਣ ਦਾ ਅੰਦਾਜ਼ਾ ਪ੍ਰਗਟ ਕੀਤਾ ਹੈ ਪਰ ਹੁਣ ਤੱਕ 6 ਫੀਸਦੀ ਮੀਂਹ ਦੀ ਕਮੀ ਹੈ, ਜਦਕਿ ਦੇਸ਼ ਦੇ ਲਗਭਗ ਇਕ-ਚੌਥਾਈ ਹਿੱਸੇ ਤੋਂ ਲੋੜ ਤੋਂ ਘੱਟ ਮੀਂਹ ਦੀ ਸੂਚਨਾ ਹੈ।

ਖੇਤੀਬਾੜੀ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਸਾਰੀਆਂ ਸਾਉਣੀ ਫਸਲਾਂ ਦੀ ਬਿਜਾਈ ਦਾ ਰਕਬਾ ਸਾਲ 2017-18 ਚ ਅੱਜ ਤੱਕ 1013.83 ਲੱਖ ਹੈਕਟੇਅਰ ਹੋ ਗਿਆ ਹੈ, ਜੋ ਬੀਤੇ ਸਾਲ ਦੀ ਇਸੇ ਮਿਆਦ ਦੇ ਬਿਜਾਈ ਦੇ ਰਕਬੇ 1019.60 ਲੱਖ ਹੈਕਟੇਅਰ ਤੋਂ 5.77 ਲੱਖ ਹੈਕਟੇਅਰ ਘੱਟ ਹੈ। ਝੋਨੇ ਦੀ ਬਿਜਾਈ ਦਾ ਰਕਬਾ ਘੱਟ ਭਾਵ 358.28 ਲੱਖ ਹੈਕਟੇਅਰ ਹੈ, ਜੋ ਪਿਛਲੇ ਸਾਲ ਇਸੇ ਮਿਆਦ ਚ 361.24 ਲੱਖ ਹੈਕਟੇਅਰ ਸੀ। ਦਾਲਾਂ ਦੀ ਬਿਜਾਈ ਦਾ ਰਕਬਾ ਪਹਿਲਾਂ ਦੇ 141.35 ਲੱਖ ਹੈਕਟੇਅਰ ਦੇ ਮੁਕਾਬਲੇ ਘੱਟ ਕੇ 135.96 ਲੱਖ ਹੈਕਟੇਅਰ ਰਹਿ ਗਿਆ ਹੈ। ਇਸੇ ਤਰ੍ਹਾਂ ਕਿਸਾਨਾਂ ਨੇ 178.85 ਲੱਖ ਹੈਕਟੇਅਰ ਚ ਹੁਣ ਤੱਕ ਮੋਟੇ ਅਨਾਜਾਂ ਦੀ ਬਿਜਾਈ ਕੀਤੀ ਹੈ, ਪਿਛਲੇ ਸਾਲ ਇਸੇ ਮਿਆਦ ਚ ਇਹ ਰਕਬਾ 182.61 ਲੱਖ ਹੈਕਟੇਅਰ ਸੀ, ਜਦਕਿ ਤਿਲਾਂ ਦਾ ਰਕਬਾ ਇਸ ਵਾਰ 164.24 ਲੱਖ ਹੈਕਟੇਅਰ ਹੈ, ਜੋ ਪਹਿਲਾਂ 178.66 ਲੱਖ ਹੈਕਟੇਅਰ ਸੀ। ਗੰਨਾ ਬਕਾਏ ਦੇ ਸਮੇਂ ਤੇ ਭੁਗਤਾਨ ਕਾਰਨ ਇਹ ਰਕਬਾ ਵੱਧ ਕੇ 49.78 ਲੱਖ ਹੈਕਟੇਅਰ ਹੋ ਗਿਆ, ਜੋ ਪਹਿਲਾਂ 45.64 ਲੱਖ ਹੈਕਟੇਅਰ ਸੀ। ਇਸ ਤੋਂ ਇਲਾਵਾ ਕਪਾਹ ਦੀ ਬਿਜਾਈ ਦਾ ਰਕਬਾ ਵੀ ਹੁਣ ਤੱਕ ਵੱਧ ਕੇ 119.67 ਲੱਖ ਹੈਕਟੇਅਰ ਹੋ ਗਿਆ ਹੈ, ਜੋ ਪਿਛਲੇ ਸਾਲ ਇਸੇ ਮਿਆਦ ਚ 102.54 ਲੱਖ ਹੈਕਟੇਅਰ ਸੀ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।