ਲੁਧਿਆਣਾ 3 ਅਗਸਤ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਿਸਾਨ ਕਲੱਬ ਨੇ ਅੱਜ ਇੱਥੇ ਹਰ ਮਹੀਨੇ ਲੱਗਣ ਵਾਲਾ ਸਿਖਲਾਈ ਕੈਂਪ ਲਗਾਇਆ ਜਿਸ ਵਿੱਚ ਪੰਜਾਬ ਭਰ ਤੋਂ 457 ਕਿਸਾਨਾਂ ਸ਼ਾਮਲ ਹੋਏ। ਇਸ ਦੇ ਨਾਲ ਹੀ ਔਰਤਾਂ ਦੇ ਵਿੰਗ ਦਾ ਸਿਖਲਾਈ ਕੈਂਪ ਵੀ ਲੁਧਿਆਣਾ ਦੇ ਬੈਂਸ ਪਿੰਡ ਵਿੱਚ ਲਗਾਇਆ ਗਿਆ ਜਿੱਥੇ ਔਰਤਾਂ ਨੇ ਭਾਰੀ ਉਤਸ਼ਾਹ ਨਾਲ ਤੀਜ ਦਾ ਤਿਉਹਾਰ ਮਨਾਇਆ।
ਮਾਈਕ੍ਰੋਬਾਇਅਲੋਜੀ ਦੇ ਮਾਹਿਰ ਡਾ. ਹ. ਸ. ਸੋਢੀ ਨੇ ਗਰੁੱਪ ਮੈਂਬਰਾਂ ਨੂੰ ਔਸ਼ਧੀ ਖੁੰਬਾਂ ਦੇ ਉਤਪਾਦਨ ਬਾਰੇ ਜਾਣਕਾਰੀ ਦਿੱਤੀ ਜਦਕਿ ਸੀਨੀਅਰ ਫ਼ਸਲ ਵਿਗਿਆਨੀ ਡਾ. ਚਰਨਜੀਤ ਸਿੰਘ ਔਲਖ ਨੇ ਜੈਵਿਕ ਖੇਤੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕੀਟ ਵਿਗਿਆਨੀ ਡਾ. ਰਵਿੰਦਰ ਸਿੰਘ ਚੰਦੀ ਨੇ ਝੋਨੇ ਅਤੇ ਨਰਮੇ ਵਿੱਚ ਕੀਟਾਂ ਦੇ ਸੁਚੱਜੇ ਪ੍ਰਬੰਧ ਦੀ ਜਾਣਕਾਰੀ ਸਾਂਝੀ ਕੀਤੀ।
ਗਡਵਾਸੂ ਤੋਂ ਆਏ ਮਾਹਿਰ ਡਾ. ਪਰਮਿੰਦਰ ਸਿੰਘ ਨੇ ਪਸ਼ੂ-ਖੁਰਾਕ ਬਾਰੇ ਚਰਚਾ ਕੀਤੀ। ਇਸ ਤੋਂ ਪਹਿਲਾਂ ਕਲੱਬ ਦੇ ਕੁਆਰਡੀਨੇਟਰ ਡਾ. ਟੀ ਐਸ ਰਿਆੜ ਨੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਕੈਂਪ ਗਿਆਨ ਦੇ ਅਦਾਨ-ਪ੍ਰਦਾਨ ਲਈ ਸਭ ਤੋਂ ਢੁੱਕਵਾਂ ਥਾਂ ਹੈ। ਉਹਨਾਂ ਨੇ ਚੰਗੀ ਸਿਹਤ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਜਾਣਕਾਰੀ ਸੰਬੰਧੀ ਸੁਚੇਤ ਹੋਣ ਲਈ ਵੀ ਗੁਜਾਰਿਸ਼ ਕੀਤੀ। ਔਰਤ ਵਿੰਗ ਦੇ ਕੁਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਪੀਏਯੂ ਕਿਸਾਨ ਕਲੱਬ ਸੰਬੰਧੀ ਇੱਕ ਵਿਚਾਰ-ਚਰਚਾ ਕੀਤੀ ਕਿ ਕਿਵੇਂ ਅਜਿਹੇ ਕਲੱਬ ਖੇਤੀ ਨਾਲ ਜੁੜੀਆਂ ਔਰਤਾਂ ਦੀ ਜ਼ਿੰਦਗੀ ਨੂੰ ਸੁਧਾਰਨ ਵਿੱਚ ਮਦਦਗਾਰ ਹੁੰਦੇ ਹਨ। ਉਹਨਾਂ ਦੱਸਿਆ ਕਿ ਇਹ ਮੈਂਬਰਾਂ ਨੇ ਵੇਰਕਾ ਡੇਅਰੀ ਦਾ ਦੌਰਾ ਵੀ ਕੀਤਾ ਅਤੇ ਮਿਲਕ ਪਲਾਂਟ ਦੀ ਕਾਰਗੁਜ਼ਾਰੀ ਨੂੰ ਦੇਖਿਆ। ਇਸ ਮੌਕੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਇਸ ਮੌਕੇ ਕੇ.ਕੇ. ਬੇਨ ਅਤੇ ਜੀ ਕੇ ਦਿਉਲ ਜੋ ਔਰਤ ਵਿੰਗ ਦੇ ਮੈਂਬਰ ਵੀ ਹਨ ਨੇ ਆਪਣੇ ਤਜ਼ਰਬੇ ਬਾਕੀ ਮੈਂਬਰਾਂ ਨਾਲ ਸਾਂਝੇ ਕੀਤੇ। ਪੀਏਯੂ ਕਿਸਾਨ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਗਰੇਵਾਲ ਨੇ ਆਏ ਮਾਹਿਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ।