ਨਰਮੇ-ਕਪਾਹ ਉਪਰ ਰਸ ਚੂਸਣ ਵਾਲੇ ਕੀੜਿਆਂ ਤੋਂ ਬਚਾਅ ਲਈ ਲਗਾਤਾਰ ਸਰਵੇਖਣ ਜ਼ਰੂਰੀ

August 04 2017

ਲੁਧਿਆਣਾ 4 ਅਗਸਤ- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵੱਲੋਂ ਨਰਮਾ ਪੱਟੀ ਵਿੱਚ ਰਸ ਚੂਸਣ ਵਾਲੇ ਕੀੜੇ ਜਿਵੇਂ ਚਿੱਟੀ ਮੱਖੀ, ਹਰੇ ਤੇਲੇ ਅਤੇ ਥਰਿਪ (ਭੂਰੀ ਜੂੰ) ਦੇ ਹਮਲੇ ਦਾ ਲਗਾਤਾਰ ਸਰਵੇਖਣ ਕੀਤਾ ਜਾ ਰਿਹਾ ਹੈ। ਤਾਜ਼ੇ ਸਰਵੇਖਣ ਦੋਰਾਨ ਇਹ ਪਤਾ ਲੱਗਾ ਹੈ ਕਿ ਚਿੱਟੀ ਮੱਖੀ ਦੀ ਗਿਣਤੀ ਆਮ ਤੌਰ ਤੇ ਆਰਥਿਕ ਕਗਾਰ (6 ਚਿੱਟੀ ਮੱਖੀ ਪ੍ਰਤੀ ਪੱਤਾ) ਤੋਂ ਘੱਟ ਹੈ ਪਰ ਕੁੱਝ ਖੇਤਰਾਂ ਵਿੱਚ ਜਿਵੇਂ ਕਿ ਫਾਜ਼ਿਲਕਾ ਜ਼ਿਲ•ੇ ਵਿੱਚ ਧਰਮਪੁਰਾ ਅਤੇ ਆਲਮਗੜ•; ਸ੍ਰੀ ਮੁਤਕਸਰ ਜ਼ਿਲ•ੇ ਵਿੱਚ ਗੋਨੇਆਨਾ; ਬਠਿੰਡੇ ਜ਼ਿਲ•ੇ ਵਿੱਚ ਬੈਹਿਮਣ ਦੀਵਾਨ ਅਤੇ ਬੂਲੇਡਵਾਲਾ; ਫਰੀਦਕੋਟ ਜ਼ਿਲ•ੇ ਦੇ ਡੇਲਿ•ਆਂਵਾਲੀ ਅਤੇ ਖਾਰਾ ਵਿੱਚ ਚਿੱਟੀ ਮੱਖੀ ਦੀ ਗਿਣਤੀ ਆਰਥਿਕ ਕਗਾਰ ਤੋਂ ਵੱਧ ਪਾਈ ਗਈ ਹੈ। ਕਿਸਾਨਾਂ ਨੂੰ ਚਿੱਟੀ ਮੱਖੀ ਤੋਂ ਘਬਰਾਉਣ ਦੀ ਲੋੜ ਨਹੀਂ ਸਗੋਂ ਉਹ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ। ਜੇਕਰ ਨਰਮੇ ਉਪਰ ਚਿੱਟੀ ਮੱਖੀ ਦਾ ਹਮਲਾ ਸਵੇਰੇ 10 ਵਜੇ ਤੋਂ ਪਹਿਲਾਂ ਆਰਥਿਕ ਨੁਕਸਾਨ ਕਰਨ ਦੀ ਹੱਦ ਤੋਂ ਉਪਰ (6 ਬਾਲਗ ਚਿੱਟੀ ਮੱਖੀ ਪ੍ਰਤੀ ਪੱਤਾ) ਹੋਵੇ ਤਾਂ 80 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) ਜਾਂ 200 ਗ੍ਰਾਮ ਪੋਲੋ/ਕਰੇਜ਼/ਰੂਬੀ/ਲੂਡੋ/ਸ਼ੋਕੂ 50 ਡਬਲਯੂ ਪੀ (ਡਾਇਆਫੈਨਥੂਯੂਰੋਨ) ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਚਿੱਟੀ ਮੱਖੀ ਦੇ ਬੱਚਿਆਂ ਦੀ ਰੋਕਥਾਮ ਲਈ 500 ਮਿਲੀਲੀਟਰ ਲੈਨੋ 10 ਈ ਸੀ (ਪਾਈਰੀਪਰੋਕਸੀਫਿਨ) ਜਾਂ 200 ਮਿਲੀਲਿਟਰ ਓਬਰੇਨ/ਵੋਲਟੇਜ 22.9 ਐਸ ਸੀ (ਸਪੈਰੋਮੈਸੀਫਿਨ) ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਚਿੱਟੀ ਮੱਖੀ ਦੇ ਹਮਲੇ ਨੂੰ ਵੱਧਣ ਤੋਂ ਰੋਕਣ ਲਈ ਪੂਰੇ ਬੂਟੇ ਤੇ ਛਿੜਕਾਅ ਕਰਨਾ ਬਹੁਤ ਜ਼ਰੂਰੀ ਹੈ। ਕੀਟਨਾਸ਼ਕਾਂ ਦੇ ਮਿਸ਼ਰਣ ਦੀ ਵਰਤੋਂ ਤੋਂ ਸੰਕੋਚ ਕਰੋ। ਚਿੱਟੀ ਮੱਖੀ ਦੇ ਵਾਧੇ ਨੂੰ ਰੋਕਣ ਲਈ ਸਿੰਥੈਟਿਕ ਪਰਿਥਰਾਇਡ ਕੀਟਨਾਸ਼ਕਾਂ (ਸਾਈਪਰਮੈਥਰਿਨ, ਫੈਨਵਲਰੇਟ), ਐਸੀਫੇਟ, ਮੋਨੋਕਰੋਟੋਫਾਸ ਅਤੇ ਫਿਪਰੋਨਿਲ ਦੀ ਵਰਤੋਂ ਨਾ ਕਰੋ।

ਨਰਮਾ ਪੱਟੀ ਵਿੱਚ ਕੁੱਝ ਪਿੰਡਾਂ ਵਿੱਚ ਥਰਿਪ (ਭੂਰੀ ਜੂੰ) ਦਾ ਹਮਲਾ ਵੀ ਦੇਖਣ ਵਿੱਚ ਆਇਆ ਹੈ। ਇਹ ਕੀੜਾ ਨਰਮੇ ਦੀ ਫਸਲ ਦਾ ਜ਼ਿਆਦਾ ਨੁਕਸਾਨ ਕਰਨ ਦੀ ਸਮਰੱਥਾ ਨਹੀਂ ਰੱਖਦਾ। ਇਸ ਦੀ ਰੋਕਥਾਮ ਲਈ 200 ਗ੍ਰਾਮ ਪੋਲੋ/ਕਰੇਜ਼/ਰੂਬੀ/ਲੂਡੋ/ਸ਼ੋਕੂ 50 ਡਬਲਯੂ ਪੀ (ਡਾਇਆਫੈਨਥੂਯੂਰੋਨ) ਜਾਂ 800 ਮਿਲੀਲਿਟਰ ਫੋਸਮਾਈਟ/ਈਮਾਈਟ/ਵੋਲਥੀਆਨ 50 ਈ ਸੀ (ਈਥੀਆਨ) ਜਾਂ 500 ਮਿਲੀਲਿਟਰ ਕਿਊਰਾਕਰੋਨ/ਕਰੀਨਾ 50 ਈ ਸੀ (ਪਰੋਫੀਨੋਫਾਸ) ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਹਰੇ ਤੇਲੇ ਲਈ ਵੀ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਇਸ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਕਰੋ ਜਦੋਂ ਉਪਰਲੇ ਹਿੱਸੇ ਦੇ 50 ਪ੍ਰਤੀਸ਼ਤ ਬੂਟਿਆਂ ਵਿੱਚ ਪੂਰੇ ਬਣ ਚੁਕੇ ਪੱਤੇ ਕਿਨਾਰਿਆਂ ਤੋਂ ਪੀਲੇ ਅਤੇ ਮੁੜਨ ਲੱਗ ਜਾਣ । ਇਸ ਦੀ ਰੋਕਥਾਮ ਲਈ 80 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) ਜਾਂ 60 ਗ੍ਰਾਮ ਉਸ਼ੀਨ 20 ਐਸ ਜੀ (ਡਾਇਨੋਟੈਫੂਰਾਨ) ਜਾਂ 40 ਗ੍ਰਾਮ ਐਕਟਾਰਾ/ਐਕਸਟਰਾ ਸੁਪਰ/ਦੋਤਾਰਾ/ਥੋਮਸਨ 25 ਡਬਲਯੂ ਜੀ (ਥਾਇਆਮੀਥੋਕਸਮ) ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।