By: Ajit Date: 12 August 2017
ਬਠਿੰਡਾ, 12 ਅਗਸਤ -ਬਠਿੰਡਾ-ਮਾਨਸਾ-ਫਾਜ਼ਿਲਕਾ-ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਦੇ ਕੁਝ ਇਲਾਕਿਆਂ ਤੱਕ ਸੀਮਤ ਮਾਲਵੇ ਖੇਤਰ ਦੀ ਨਰਮਾ ਪੱਟੀ 'ਤੇ ਚਿੱਟੀ ਮੱਖੀ/ਮੱਛਰ, ਭੂਰੀ ਜੂੰ ਦੇ ਹਮਲੇ ਦੇ ਵਾਧੇ ਦੀਆਂ ਰਿਪੋਰਟਾਂ ਨੇ ਕਿਸਾਨਾਂ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ ਜਿਸ ਲਈ ਓਹੜ ਪੋਹੜ ਕਰਦਿਆਂ ਕਿਸਾਨਾਂ ਨੇ ਵੱਡੀ ਪੱਧਰ 'ਤੇ ਕੈਮੀਕਲ ਕੀਟਨਾਸ਼ਕਾਂ ਦਾ ਛਿੜਕਾਓ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਤੱਕ ਕੈਮੀਕਲ ਯੁਕਤ ਕੀਟਨਾਸ਼ਕਾਂ ਦੀ ਵਿਕਰੀ ਜੋ ਮਨਫ਼ੀ ਚੱਲ ਰਹੀ ਸੀ ਵਿਚ 1 ਹਫ਼ਤੇ ਦਰਮਿਆਨ ਰਿਕਾਰਡ ਵਾਧਾ ਹੋਇਆ ਹੈ ਜੋ ਲਗਾਤਾਰ ਵੱਧ ਰਿਹਾ ਹੈ | ਹੁਣ ਤੱਕ ਗੈਰ ਮਿਆਰੀ ਕੀਟਨਾਸ਼ਕਾਂ ਦੀ ਛਿੜਕਾਓ ਉਪਰੰਤ ਫ਼ਸਲ 'ਤੇ ਕੋਈ ਵੀ ਸਾਰਥਿਕ ਪ੍ਰਭਾਵ ਨਾ ਪੈਣ ਕਰਕੇ ਅਤੇ ਮਾਲਵਾ ਪੱਟੀ ਦੇ ਲਏ ਗਏ 34 ਨਮੂਨਿਆਂ ਵਿਚੋਂ 24 ਦੇ ਫੇਲ੍ਹ ਹੋ ਜਾਣ, ਜਿਨ੍ਹਾਂ ਵਿਚੋਂ 5 ਬਠਿੰਡਾ ਦੇ ਹਨ, ਨੇ ਸਥਿਤੀ ਨੂੰ ਹੋਰ ਵੀ ਗੰਭੀਰ ਕਰ ਦਿੱਤਾ ਹੈ, ਜਿਸ ਨਾਲ ਨਰਮਾ ਪੱਟੀ ਦੇ ਕਿਸਾਨਾਂ ਦਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਬਣੀ ਕਾਂਗਰਸ ਸਰਕਾਰ ਪ੍ਰਤੀ ਵਿਸ਼ਵਾਸ਼ ਵੀ ਡਗਮਗਾਉਣ ਲੱਗਾ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਜਲਸਿਆਂ ਦੌਰਾਨ ਕਿਸਾਨਾਂ ਨਾਲ ਸੂਬੇ ਵਿਚ ਗੈਰ ਮਿਆਰੀ ਕੀਟਨਾਸ਼ਕ, ਗੈਰ ਮਿਆਰੀ ਬੀਜਾਂ ਅਤੇ ਭਿ੍ਸ਼ਟਾਚਾਰੀਆਂ ਨਾਲ ਸਰਕਾਰ ਬਣਦਿਆਂ ਸਖ਼ਤੀ ਨਾਲ ਨਜਿੱਠਣ ਦੇ ਐਲਾਨ ਹਰ ਸਟੇਜ 'ਤੇ ਬੜੇ ਜ਼ੋਰ ਸ਼ੋਰ ਨਾਲ ਕੀਤੇ ਗਏ ਸਨ | ਜਿਨ੍ਹਾਂ ਨੂੰ ਹੁਣ ਬੂਰ ਨਾ ਪੈਂਦਾ ਦੇਖ ਕੇ ਕਿਸਾਨ ਚਿੱਟੀ ਮੱਛਰ/ਮੱਖੀ ਅਤੇ ਭੂਰੀ ਜੂੰ ਨਾਲ ਖ਼ਤਮ ਹੁੰਦੀ ਜਾ ਰਹੀ ਫ਼ਸਲ ਨੂੰ ਦੇਖ ਕੇ ਕਿਸਾਨ ਪ੍ਰੇਸ਼ਾਨ ਹੋਣ ਲੱਗੇ ਹਨ | ਭਾਂਵੇ ਕਿ ਖੇਤੀਬਾੜੀ ਅਧਿਕਾਰੀ ਪੀ. ਏ. ਯੂ. ਦੇ ਵਿਗਿਆਨੀ ਲਗਤਾਰ ਇਸ ਸਮੱਸਿਆ 'ਤੇ ਉਨਾਂ ਦੀ ਅੱਖ ਹੋਣ ਦਾ ਦਾਅਵਾ ਕਰਕੇ ਸਥਿਤੀ ਕਾਬੂ ਹੇਠ ਹੋਣ ਗੱਲ ਆਖ ਰਹੇ ਹਨ ਪਰ ਕਿਸਾਨਾਂ ਅਤੇ ਕਿਸਾਨ ਯੂਨੀਅਨ ਆਗੂਆਂ ਦੇ ਬਿਆਨ ਇਕ ਦੂਜੇ ਦੇ ਉਲਟ ਹੋਣ ਕਰਕੇ ਕਿਸਾਨਾਂ ਵਿਚ ਫ਼ਸਲ ਦੀ ਸਫ਼ਲਤਾ ਨੂੰ ਲੈ ਕੇ ਅਸੰਤੋਸ਼ ਦੀ ਭਾਵਨਾ ਦਿਨ ਪ੍ਰਤੀ ਦਿਨ ਹਾਵੀ ਹੁੰਦੀ ਜਾ ਰਹੀ ਹੈ | ਬੀਤੇ ਦਿਨੀਂ ਨਰਮਾ ਪੱਟੀ 'ਚੋਂ ਲਏ ਗਏ 34 ਵਿਚੋਂ 24 ਨਮੂਨਿਆਂ ਦੀ ਰਿਪੋਰਟ ਨੇ ਸਰਕਾਰ ਦੀ ਸਖ਼ਤੀ ਅਤੇ ਖੇਤੀਬਾੜੀ ਅਧਿਕਾਰੀਆਂ ਦੀ ਗੈਰ ਮਿਆਰੀ ਕੀਟਨਾਸ਼ਕਾਂ ਦੀ ਵਿਕਰੀ ਪ੍ਰਤੀ ਹੁਣ ਤੱਕ ਅਪਣਾਏ ਮਾਪਦੰਡਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਸੀ | ਕਿਸਾਨ ਯੂਨੀਅਨਾਂ ਅਨੁਸਾਰ ਕੈਪਟਨ ਸਰਕਾਰ ਦੇ 130 ਦਿਨਾਂ ਦੇ ਕਾਰਜਕਾਲ ਦੌਰਾਨ ਹੁਣ ਤੱਕ 150 ਤੋਂ ਵੱਧ ਕਿਸਾਨ ਮਜ਼ਦੂਰਾਂ ਦੇ ਘਰਾਂ ਵਿਚ ਖੁਦਕੁਸ਼ੀਆਂ ਕਾਰਨ ਸੱਥਰ ਵਿਛ ਚੁੱਕੇ ਹਨ ਅਤੇ ਹੁਣ ਵੀ ਹਾਲਾਤਾਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਇਹ ਅੰਕੜਾ ਕਿੱਥੇ ਤੱਕ ਜਾ ਪੁੱਜੇਗਾ ਇਸ ਦਾ ਅਜੇ ਤੱਕ ਕਿਸੇ ਨੂੰ ਇਸ ਦਾ ਕੋਈ ਗਿਆਨ ਨਹੀਂ | ਇਸ ਸਬੰਧੀ ਪੀ. ਏ. ਯੂ. ਦੇ ਉਪ ਕੁਲਪਤੀ ਡਾ: ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਕਪਾਹ ਪੱਟੀ 'ਤੇ ਚਿੱਟੀ ਮੱਖੀ/ਮੱਛਰ ਅਤੇ ਭੂਰੀ ਜੂੰ ਦਾ ਹਮਲਾ ਤਾਂ ਹੈ ਪਰ ਕਿਸਾਨਾਂ ਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ | ਉਨ੍ਹਾਂ ਕਿਹਾ ਕਿ ਪਾਣੀ ਦੀ ਕਮੀ, ਲੰਮੀ ਔੜ, ਗੈਰ ਮਿਆਰੀ ਬੀਜਾਂ ਦੀ ਬਿਜਾਂਦ, ਲੇਟ ਬਿਜਾਈ ਅਤੇ ਨਮੀ ਦੀ ਵਧੀ ਮਾਤਰਾ ਨੇ ਇਹ ਹਾਲਾਤ ਪੈਦਾ ਕੀਤੇ ਹਨ | ਉਨ੍ਹਾਂ ਕਿਹਾ ਕਿ ਫ਼ਿਲਹਾਲ ਸਥਿਤੀ ਕਾਬੂ ਹੇਠ ਹੈ, ਪਰ ਗੈਰ ਮਿਆਰੀ ਕੀਟਨਾਸ਼ਕਾਂ ਦੀ ਵਿਕਰੀ ਰੋਕਣ ਲਈ ਹੋਰ ਯਤਨ ਕਰਨੇ ਪੈਣਗੇ | ਇਸ ਸਬੰਧੀ ਖੇਤੀਬਾੜੀ ਡਾਇਰੈਕਟਰ ਪੰਜਾਬ ਜਸਵੀਰ ਸਿੰਘ ਬੈਂਸ ਨੇ ਦੱਸਿਆ ਕਿ ਮਹਿਕਮਾ ਚਿੱਟੀ ਮੱਖੀ/ਮੱਛਰ ਅਤੇ ਭੂਰੀ ਜੂੰ ਦੇ ਹਮਲੇ ਪ੍ਰਭਾਵਿਤ ਇਲਾਕਿਆਂ ਵਿਚ ਵਿਭਾਗੀ ਟੀਮਾਂ ਨੇ ਆਪਣੀ ਪਹੁੰਚ ਬਣਾਈ ਹੋਈ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਕਿਸੇ ਵੀ ਗੈਰ ਮਿਆਰੀ ਕੀਟਨਾਸ਼ਕ ਵਿਕਰੇਤਾ ਨੂੰ ਕਿਸੇ ਹਾਲਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ | ਜ਼ਿਲ੍ਹਾ ਖੇਤੀਬਾੜੀ ਅਫ਼ਸਰ ਗੁਰਾਂਦਿੱਤਾ ਸਿੰਘ ਸਿੱਧੂ ਨੇ ਦੱਸਿਆ ਕਿ ਫੇਲ੍ਹ ਹੋਏ ਸੈਂਪਲਾਂ ਵਿਚ ਕੇਵਲ 5 ਸੈਂਪਲ ਬਠਿੰਡਾ ਨਾਲ ਸਬੰਧਿਤ ਹਨ, ਜਿਨ੍ਹਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।