ਦਾਣੇ ਚੁਗਣ ’ਤੇ ਆਈ ਮੋਤੀਆਂ ਵਾਲੀ ਸਰਕਾਰ

August 17 2017

By: Punjabi Tribune Date: 17 August 2017

ਚੰਡੀਗੜ੍ਹ, 17 ਅਗਸਤ-ਜੀ ਐਸ ਟੀ ਕਾਰਨ ਕਣਕ ਤੇ ਝੋਨੇ ’ਤੇ ਲੱਗਣ ਵਾਲੇ ਕਰਾਂ ਦੇ ਖ਼ਾਤਮੇ ਬਾਅਦ ਪੰਜਾਬ ਸਰਕਾਰ ਦਿਹਾਤੀ ਵਿਕਾਸ ਫੰਡ (ਆਰਡੀਐਫ) ਅਤੇ ਮਾਰਕੀਟ ਫੀਸ ਵਿੱਚ ਵਾਧਾ ਕਰਨ ਦੇ ਰੌਂਅ ਵਿੱਚ ਹੈ। ਵਿੱਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਆਰਡੀਐਫ ਤੇ ਮਾਰਕੀਟ ਫੀਸ ’ਚ 1-1 ਫ਼ੀਸਦ ਵਾਧਾ ਕਰਨ ਬਾਰੇ ਵਿਚਾਰ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਜੀਐਸਟੀ ਲਾਗੂ ਕੀਤੇ ਜਾਣ ਬਾਅਦ ਕਣਕ, ਝੋਨਾ ਅਤੇ ਹੋਰ ਫਸਲਾਂ ਤੋਂ ਵੈਟ ਖ਼ਤਮ ਹੋ ਗਿਆ ਹੈ। ਰਾਜ ਸਰਕਾਰ ਵੱਲੋਂ ਲਾਏ ਗਏ ਕਈ ਤਰ੍ਹਾਂ ਦੇ ਸੈੱਸ ਵੀ ਖ਼ਤਮ ਹੋ ਗਏ ਹਨ। ਜੀਐਸਟੀ ਬਾਅਦ ਖਰੀਦ ਏਜੰਸੀਆਂ ਵੱਲੋਂ ਆਰਡੀਐਫ, ਮਾਰਕੀਟ ਫੀਸ ਅਤੇ ਆੜ੍ਹਤ ਹੀ ਕਣਕ ਤੇ ਝੋਨੇ ਦੀ ਖ਼ਰੀਦ ’ਤੇ ਅਦਾ ਕੀਤੀ ਜਾਣੀ ਹੈ।

ਇਸ ਤਰ੍ਹਾਂ ਕੇਂਦਰੀ ਏਜੰਸੀਆਂ ਅਤੇ ਖ਼ਰੀਦਦਾਰਾਂ ਨੂੰ ਅਨਾਜ ਸਸਤਾ ਮਿਲਣ ਦੇ ਆਸਾਰ ਸਨ ਪਰ ਰਾਜ ਸਰਕਾਰ ਦੇ ਪ੍ਰਸਤਾਵ ਦੇ ਅਮਲ ’ਚ ਆਉਣ ਨਾਲ ਖ਼ਰੀਦਦਾਰਾਂ ’ਤੇ ਸਾਲਾਨਾ 800 ਤੋਂ 900 ਕਰੋੜ ਰੁਪਏ ਤਕ ਬੋਝ ਪਵੇਗਾ। ਪੰਜਾਬ ਸਰਕਾਰ ਨੂੰ ਇਸ ਸਮੇਂ ਆਰਡੀਐਫ ਤੋਂ 800 ਕਰੋੜ ਅਤੇ ਮਾਰਕੀਟ ਫੀਸ ਤੋਂ ਵੀ 800 ਕਰੋੜ ਰੁਪਏ (ਕੁੱਲ 1600 ਕਰੋੜ ਰੁਪਏ ਸਾਲਾਨਾ) ਪ੍ਰਾਪਤ ਹੁੰਦੇ ਹਨ। ਜੇਕਰ ਦੋਹਾਂ ਕਰਾਂ ’ਚ ਇਕ-ਇਕ ਫ਼ੀਸਦ ਵਾਧਾ ਹੁੰਦਾ ਹੈ ਤਾਂ ਇਹ ਵਸੂਲੀ ਸਾਲਾਨਾ 2400 ਕਰੋੜ ਤੋਂ ਟੱਪ ਜਾਵੇਗੀ। ਅਨਾਜ ’ਤੇ ਲੱਗਦੀ 2.5 ਫ਼ੀਸਦ ਆੜ੍ਹਤ ਹੀ ਆੜ੍ਹਤੀਆਂ ਦੀ ਕਮਾਈ ਦਾ ਵੱਡਾ ਵਸੀਲਾ ਹੈ। ਇਨਫਰਾਸਟਰੱਕਚਰ ਸੈੱਸ ਤਾਜ਼ਾ ਕਰ ਪ੍ਰਣਾਲੀ ਨੇ ਖ਼ਤਮ ਕਰ ਦਿੱਤਾ ਹੈ। ਆਰਡੀਐਫ ਦਾ ਕੰਟਰੋਲ ਸੂਬੇ ਦੇ ਮੁੱਖ ਮੰਤਰੀ ਦੇ ਹੱਥ ਹੋਣ ਕਾਰਨ ਇਸ ਪੈਸੇ ਦੀ ਵਰਤੋਂ ਹਰੇਕ ਸਰਕਾਰ ਵੱਲੋਂ ਆਪਣੀਆਂ ਸਿਆਸੀ ਲੋੜਾਂ ਤੇ ਹਿੱਤਾਂ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਇਸ ਸਮੇਂ ਗੰਭੀਰ ਵਿੱਤੀ ਸੰਕਟ ’ਚੋਂ ਲੰਘ ਰਹੀ ਹੈ। ਸਰਕਾਰ ਵੱਲੋਂ ਕਈ ਤਰ੍ਹਾਂ ਦੇ ਸਿੱਧੇ ਕਰ ਲਾਉਣ ਬਾਰੇ ਵਿਚਾਰ ਕੀਤਾ ਗਿਆ ਹੈ ਪਰ ਲੋਕ ਰੋਹ ਨੂੰ ਦੇਖਦਿਆਂ ਅਜੇ ਮਾਮਲਾ ਠੰਢੇ ਬਸਤੇ ਵਿੱਚ ਹੀ ਹੈ ਪਰ ਅਨਾਜ ’ਤੇ ਕਰ ਲਾਉਣ ਦੇ ਮਾਮਲੇ ਵਿੱਚ ਲੋਕਾਂ ’ਤੇ ਸਿੱਧਾ ਕੋਈ ਭਾਰ ਨਹੀਂ ਪਵੇਗਾ ਤੇ ਖ਼ਰੀਦ ਏਜੰਸੀਆਂ ’ਤੇ ਹੀ ਵਿੱਤੀ ਭਾਰ ਪਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਰਾਜ ਸਰਕਾਰ ਦੀ ਯਕਦਮ ਸਾਲਾਨਾ 800 ਤੋਂ 900 ਕਰੋੜ ਰੁਪਏ ਤਕ ਆਮਦਨ ਵਧ ਜਾਵੇਗੀ ਤੇ ਫਸਲਾਂ ਦਾ ਸਮਰਥਨ ਮੁੱਲ ਵਧਣ ਨਾਲ ਉਂਜ ਹੀ ਇਨ੍ਹਾਂ ਦੋਹਾਂ ਕਰਾਂ ਦੀ ਵਸੂਲੀ ਹਰ ਸਾਲ ਵਧ ਜਾਂਦੀ ਹੈ।

ਆਰਡੀਐਫ ਦੀ ਆਮਦਨ ਪੰਜ ਸਾਲਾਂ ਲਈ ਗਹਿਣੇ

ਪਿਛਲੀ ਸਰਕਾਰ ਨੇ ਫਰਵਰੀ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਰਾਜਸੀ ਲਾਭ ਲੈਣ ਵਾਸਤੇ ਆਰਡੀਐਫ ਦੀ ਆਮਦਨ ਨੂੰ ਪੰਜ ਸਾਲਾਂ ਲਈ ਗਹਿਣੇ ਧਰ ਕੇ ਕਰਜ਼ਾ ਲਿਆ ਸੀ। ਆਰਡੀਐਫ਼ ਦੀ ਸਾਰੀ ਕਮਾਈ ਕਰਜ਼ੇ ਦੀ ਕਿਸ਼ਤ ਉਤਾਰਨ ’ਚ ਹੀ ਚਲੀ ਜਾਂਦੀ ਹੈ। ਕੈਪਟਨ ਸਰਕਾਰ ਦਾ ਮੰਨਣਾ ਹੈ ਕਿ ਜੇਕਰ ਦੋਹਾਂ ਕਰਾਂ ਵਿੱਚ ਇੱਕ-ਇੱਕ ਫ਼ੀਸਦ ਵਾਧਾ ਕਰ ਦਿੱਤਾ ਜਾਂਦਾ ਹੈ ਤਾਂ ਕਰਜ਼ੇ ਦੀ ਕਿਸ਼ਤ ਮੋੜ ਕੇ ਵੀ ਸਰਕਾਰ ਕੋਲ ਗੁਜ਼ਾਰੇ ਜੋਗੇ ਪੈਸੇ ਆ ਜਾਣਗੇ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।