By: punjabi tribune Date:21 august 2017
ਕਿਸਾਨਾਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋੋਂ ਤਿਆਰ ਝੋਨੇ ਦੀ ਕਿਸਮ ਪੀ.ਆਰ. 126 ਦੀ ਇਸ ਵਾਰ ਕਾਸ਼ਤ ਕੀਤੀ ਜਾ ਰਹੀ ਹੈ। ਮਾਝੇ ਤੇ ਦੁਆਬੇ ਦੇ ਕੁੱਝ ਹਿੱਸਿਆਂ ਦੇ ਕਿਸਾਨਾਂ ਮੁਤਾਬਕ ਝੋਨੇ ਦੀ ਇਸ ਕਿਸਮ ਦੇ ਘੱਟ ਜਾੜ ਮਾਰਨ ਅਤੇ ਅਗੇਤੇ ਨਿਸਾਰੇ ਦੀ ਸਮੱਸਿਆ ਆ ਰਹੀ ਹੈ । ਪੀਏਯੂ ਦੇ ਖੇਤੀ ਮਾਹਿਰਾਂ ਅਨੁਸਾਰ ਝੋਨੇ ਦੀ ਕਿਸਮ ਪੀ.ਆਰ. 126 ਅਗੇਤੀ ਪੱਕਣ ਵਾਲੀ ਕਿਸਮ ਹੈ। ‘ਪੰਜਾਬ ਦੀਆਂ ਫਸਲਾਂ ਲਈ ਸਿਫਾਰਿਸ਼ਾਂ – ਸਾਉਣੀ 2017’ ਕਿਤਾਬ ਵਿੱਚ ਦਰਜ ਵੇਰਵੇ ਮੁਤਾਬਿਕ ਇਹ ਬਿਜਾਈ ਤੋਂ ਔਸਤਨ 123 ਦਿਨਾਂ ਵਿੱਚ ਪੱਕ ਜਾਵੇਗੀ।
ਅਜੋਕੇ ਹਾਲਾਤ ਮੁਤਾਬਿਕ ਕਈ ਕਿਸਾਨਾਂ ਨੇ ਪੀ.ਆਰ. 126 ਕਿਸਮ ਸਿਫਾਰਿਸ਼ ਕੀਤੇ ਸਮੇਂ (25- 30 ਮਈ) ਤੋਂ ਤਕਰੀਬਨ 10-15 ਦਿਨ ਪਹਿਲਾਂ, ਝੋਨੇ ਦੀਆਂ ਜ਼ਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ ਵਾਂਗ ਬੀਜ ਦਿੱਤੀ ਸੀ ਜਦੋਂ ਕਿ ਇਹ ਥੋੜ੍ਹਾ ਸਮਾਂ ਲੈਣ ਵਾਲੀ ਫ਼ਸਲ ਹੈ। ਇਸ ਕਿਸਮ ਦੇ ਝੋਨੇ ਦੀ ਪਨੀਰੀ ਦੀ ਲਵਾਈ, ਇਨ੍ਹਾਂ ਕਿਸਾਨਾਂ ਨੇ, ਪਨੀਰੀ ਦੀ ਬਿਜਾਈ ਤੋਂ 40- 50 ਦਿਨ ਬਾਅਦ ਕਰ ਦਿੱਤੀ ਸੀ। ਦੁਆਬੇ ਦੇ ਕਈ ਕਿਸਾਨ ਆਪਣੀ ਪੱਕੀ ਹੋਈ ਮੱਕੀ ਦੀ ਫਸਲ (ਜੋ ਜੂਨ ਮਹੀਨੇ ਦੇ ਅਖੀਰ ਵਿੱਚ ਪਈਆਂ ਬਾਰਿਸ਼ਾਂ ਵਿੱਚ ਆ ਗਈ ਸੀ) ਦੀ ਸਾਂਭ ਸੰਭਾਲ/ਮੰਡੀਕਰਨ ਵਿੱਚ ਰੁੱਝੇ ਰਹੇ। ਕਈ ਥਾਂ ਨਿੰਪੁਨ ਲੇਬਰ ਦੀ ਘਾਟ ਕਾਰਨ ਜ਼ਿਮੀਂਦਾਰਾਂ ਨੇ ਨਵੀਂ ਲੇਬਰ ਕੋਲੋਂ ਪਨੀਰੀ ਦੀ ਲਵਾਈ ਕਰਵਾ ਲਈ। ਨਵੀਂ ਲੇਬਰ ਪਨੀਰੀ ਪੁੱਟ ਕੇ ਲਾਉਣ ਪੱਖੋਂ ਅਣਜਾਣ ਸੀ ਜਿਸ ਕਰਕੇ ਪਨੀਰੀ ਇਕ ਇੰਚ ਦੀ ਬਜਾਏ 2- 4 ਇੰਚ ਡੂੰਘੀ ਲਾ ਹੋ ਗਈ। ਇਕ ਤਾਂ ਸਿਆਣੀ ਉਮਰ ਦੀ ਪਨੀਰੀ ਖੇਤਾਂ ਵਿੱਚ ਲਗਾਈ ਗਈ ਜਿਸ ਦੇ ਜੀਵਨ ਚੱਕਰ ਦਾ ਇੱਕ ਤਿਹਾਈ ਹਿੱਸਾ, ਪਨੀਰੀ ਵਾਲੀ ਥਾਂ ਹੀ ਲੰਘ ਗਿਆ। ਦੂਜਾ, ਇਸ ਦੇ ਬੂਟਿਆਂ ਨੇ ਜਾੜ ਘੱਟ ਮਾਰਿਆ ਕਿਉਂਕਿ ਪਨੀਰੀ ਪੁੱਟਣ ਸਮੇਂ ਇਸ ਦੇ ਬੂਟਿਆਂ ਨੂੰ ਸਦਮਾ ਵੀ ਵੱਧ ਲੱਗਿਆ ਅਤੇ ਬੂਟੇ ਦਾ ਕਾਫੀ ਜ਼ੋਰ ਤੇ ਸਮਾਂ ਜਾੜ ਮਾਰਨ ਵਿੱਚ ਲੱਗ ਗਿਆ। 40-50 ਦਿਨ ਦੀ ਪਨੀਰੀ ਹੋਣ ਕਰਕੇ ਹੀ ਇਸ ਦੇ ਅਗੇਤੇ ਨਿਸਾਰੇ ਦੀ ਸਮੱਸਿਆ ਆਈ ਹੈ। ਜਿਹੜੇ ਕਿਸਾਨਾਂ ਨੇ ਪੀ.ਆਰ. 126 ਕਿਸਮ ਦੀ ਪੌਦ ਸਿਫਾਰਿਸ਼ਾਂ ਮੁਤਾਬਕ 25-30 ਦਿਨ ਦੀ ਹੋਣ ’ਤੇ ਇਕ ਇੰਚ ਡੂੰਘਾਈ ’ਤੇ ਲਵਾਈ ਕੀਤੀ ਸੀ, ੳਨ੍ਹਾਂ ਦੀ ਫਸਲ ਨੌਂ-ਬਰ-ਨੌਂ ਖੜੀ ਹੈ।
ਖੇਤੀ ਮਾਹਿਰਾਂ ਅਨੁਸਾਰ ਤੰਦਰੁਸਤ ਪਨੀਰੀ ਉਗਾਉਣ ਵਾਸਤੇ ਨਾਈਟਰੋਜਨ ਦੇਣ ਲਈ ਯੂਰੀਆ ਖਾਦ ਦੀ ਵਰਤੋਂ ਬਿਜਾਈ ਮੌਕੇ ਅਤੇ ਉਸ ਤੋਂ ਇੱਕ ਪੰਦਰਵਾੜੇ ਬਾਅਦ ਪਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਜੇ ਕੁਝ ਕਾਰਨਾਂ ਕਰਕੇ ਇਕ ਮਹੀਨੇ ਦੀ ਪਨੀਰੀ ਖੇਤ ਵਿੱਚ ਨਾ ਲੱਗ ਸਕੇ ਤਾਂ ਪਨੀਰੀ ਨੂੰ ਕੱਚੀ ਰੱਖਣ ਹਿੱਤ, ਪਨੀਰੀ ਦੀ ਬੀਜਾਈ ਤੋਂ ਇਕ ਮਹੀਨੇ ਬਾਅਦ ਯੂਰੀਆ ਖਾਦ ਦੀ ਇੱਕ ਹੋਰ ਕਿਸ਼ਤ ਦਿੱਤੀ ਜਾਵੇ। ਇਸ ਲਈ ਕਿਸਾਨਾਂ ਨੂੰ ਅਜਿਹੇ ਖੇਤਾਂ ਵਿੱਚ ਯੂਰੀਆ ਦੀ ਬਚੀ ਹੋਈ ਖਾਦ ਨੂੰ ਬਿਨਾਂ ਹੋਰ ਦੇਰ ਕੀਤੇ ਪਾ ਦੇਣਾ ਚਾਹੀਦਾ ਹੈ ਤਾਂ ਕਿ ਅਗੇਤਾ ਨਿਸਾਰਾ ਰੋਕਿਆ ਜਾ ਸਕੇ। ਕਿਸਾਨ ਝੋਨੇ ਦੀ ਪਨੀਰੀ ਦੀ ਬਿਜਾਈ ਇਸ ਢੰਗ ਨਾਲ ਕਰਨ ਕਿ ਇੱਕ ਦਿਨ ਵਿੱਚ ਉਨੀ ਹੀ ਪਨੀਰੀ ਬੀਜੀ ਜਾਵੇ, ਜਿਸ ਦੀ ਲਵਾਈ ਇੱਕ ਵਾਰ ਵਿੱਚ ਇਕੱਠੀ ਕਰਵਾਈ ਜਾ ਸਕੇ ਭਾਵ ਸਾਰੀ ਪਨੀਰੀ ਇੱਕ ਵਾਰ ਬੀਜਣ ਦੀ ਬਜਾਏ ਅੱਡ ਅੱਡ ਮਿਤੀਆਂ ਨੂੰ ਬੀਜੀ ਜਾਵੇ ਤਾਂ ਕਿ ਸਹੀ ਉਮਰ ਦੀ ਪੌਦ ਖੇਤਾਂ ਵਿੱਚ ਲੱਗ ਸਕੇ। ਇਸ ਨੂੰ ਲਵਾਈ ਵੇਲੇ ਜੜਾਂ ਟੁੱਟਣ ਕਾਰਨ, ਲਵਾਈ ਦਾ ਸਦਮਾ ਘੱਟ ਤੋਂ ਘੱਟ ਲੱਗੇ ਅਤੇ ਇਹ ਆਪਣਾ ਜੀਵਨ ਚੱਕਰ ਵੀ ਸਹੀ ਤਰੀਕੇ ਨਾਲ ਪੂਰਾ ਕਰਕੇ ਸਹੀ ਸਮੇਂ ਖੇਤਾਂ ਵਿੱਚ ਪੱਕ ਸਕੇ ਤੇ ਪੂਰਾ ਝਾੜ ਦੇਵੇ।ਕਿਸਾਨਾਂ ਨੂੰ ਹੋਰ ਬੇਲੋੜੇ ਰਸਾਇਣ ਪਾ ਕੇ ਝੋਨੇ ਦੇ ਬੂਟਿਆਂ ’ਤੇ ਵਾਧੂ ਦਬਾਅ ਨਹੀਂ ਪਾਉਣਾ ਚਾਹੀਦਾ ਜੋ ਕਿ ਝੋਨੇ ਦੇ ਬੂਟਿਆਂ ਦੇ ਵਾਧੇ ਵਿੱਚ ਅੜਚਨ ਪਾ ਸਕਦਾ ਹੈ। ਸਾਰੇ ਕਿਸਾਨਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਾਰੀਆਂ ਫਸਲਾਂ ਦੀ ਕਾਸ਼ਤ ਪੀ.ਏ.ਯੂ, ਲੁਧਿਆਣਾ ਦੇ ਮਾਹਿਰਾਂ ਦੀਆਂ ਸਿਫਾਰਿਸ਼ਾਂ ਮੁਤਾਬਕ ਕਰਨ।
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।