by: ajit date: 30 september 2017
ਕਿਸਾਨ ਵੀਰੋ ਕਿਸੇ ਵੀ ਫ਼ਸਲ ਤੋਂ ਵਧੇਰੇ ਝਾੜ ਅਤੇ ਮੁਨਾਫਾ ਲੈਣ ਲਈ ਜਿੰਨੀਆਂ ਖਾਦਾਂ ਜ਼ਰੂਰੀ ਹਨ, ਉਸ ਤੋਂ ਵੀ ਵੱਧ ਮਹੱਤਵ ਹੈ, ਕਿਸੇ ਵੀ ਫ਼ਸਲ ਨੂੰ ਪਾਈਆਂ ਜਾਣ ਵਾਲੀਆਂ ਵੱਖ-ਵੱਖ ਖਾਦ ਦੀ ਮਾਤਰਾ ਅਤੇ ਖਾਦਾਂ ਪਾਉਣ ਦੇ ਸਹੀ ਸਮੇਂ ਦਾ ਹੈ, ਕਿਉਂਕਿ ਬੇਲੋੜੀ ਮਾਤਰਾ ਅਤੇ ਬੇਲੋੜੇ ਸਮੇਂ ਤੇ ਪਾਈਆਂ ਜਾਣ ਵਾਲੀਆਂ ਰਸਾਇਣਿਕ ਖਾਦਾਂ ਫ਼ਸਲ ਨੂੰ ਫਾਇਦਾ ਕਰਨ ਦੀ ਬਜਾਏ ਉਲਟਾ ਸਾਡੀ ਫ਼ਸਲ ਅਤੇ ਪੈਸੇ ਦਾ ਨੁਕਸਾਨ ਕਰਦੀਆਂ ਹੀ ਹਨ, ਇਸ ਦੇ ਨਾਲ ਹੀ ਮਿੱਟੀ, ਪਾਣੀ ਅਤੇ ਵਾਤਾਵਰਨ ਨੂੰ ਵੀ ਦੂਸ਼ਿਤ ਕਰਦੀਆਂ ਹਨ, ਜਿਸ ਨਾਲ ਮਨੁੱਖੀ ਸਿਹਤ ਉੱਪਰ ਵੀ ਬੁਰਾ ਪ੍ਰਭਾਵ ਪੈਂਦਾ ਹੈ। ਰਸਾਇਣਿਕ ਖਾਦਾਂ ਦੇ ਨਾਲ-ਨਾਲ ਜੇਕਰ ਅਸੀਂ ਸਮੇਂ-ਸਮੇਂ ਤੇ ਖੇਤ ਵਿਚ ਰੂੜੀ ਦੀ ਖਾਦ ਪਾਈਏ ਅਤੇ ਹਰੀਆਂ ਖਾਦਾਂ (ਜੰਤਰ, ਰਵਾਂਹ, ਮੂੰਗੀ) ਉਗਾਈਏ ਤਾਂ ਰਸਾਇਣਿਕ ਖਾਦਾਂ ਦੀ ਵਰਤੋਂ ਘਟਾਈ ਜਾ ਸਕਦੀ ਹੈ, ਜ਼ਮੀਨ ਦੀ ਸਿਹਤ ਬਹੁਤ ਵਧੀਆ ਰਹਿੰਦੀ ਹੈ ਅਤੇ ਜ਼ਮੀਨ ਵਿਚ ਸਾਰੇ ਵੱਡੇ ਅਤੇ ਸੂਖਮ ਤੱਤਾਂ ਦਾ ਸੰਤੁਲਨ ਬਣਿਆ ਰਹਿੰਦਾ ਹੈ। ਚਲੋ ਹੁਣ ਅਸੀਂ ਪੰਜਾਬ ਵਿਚ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਗੱਲ ਕਰਦੇ ਹਾਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਿਸ਼ਾਂ ਅਨੁਸਾਰ ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਆਧਾਰ ਤੇ ਹੀ ਕਰਨੀ ਚਾਹੀਦੀ ਹੈ ਅਤੇ ਜੇਕਰ ਮਿੱਟੀ ਦੀ ਪਰਖ ਨਹੀਂ ਕਰਵਾਈ ਗਈ ਤਾਂ 110 ਕਿਲੋ ਯੂਰੀਆ, 27 ਕਿਲੋ ਡੀ. ਏ. ਪੀ. ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਪਾਉਣੀ ਚਾਹੀਦੀ ਹੈ। ਜੇਕਰ ਕਣਕ ਦੀ ਫ਼ਸਲ ਨੂੰ ਸਿਫਾਰਿਸ਼ ਕੀਤੀ ਗਈ ਡੀ. ਏ. ਪੀ. ਦੀ ਮਾਤਰਾ ਪਾਈ ਗਈ ਹੋਵੇ ਤਾਂ ਝੋਨੇ ਦੀ ਫ਼ਸਲ ਨੂੰ ਡੀ. ਏ. ਪੀ. ਖਾਦ ਪਾਉਣ ਦੀ ਜ਼ਰੂਰਤ ਨਹੀਂ, ਪਰੰਤੂ ਫਿਰ ਵੀ ਕੁਝ ਕਿਸਾਨ ਵੀਰ ਝੋਨੇ ਦੀ ਫ਼ਸਲ ਨੂੰ 50 ਕਿਲੋ ਤੱਕ ਵੀ ਡੀ. ਏ. ਪੀ. ਖਾਦ ਪਾ ਦਿੰਦੇ ਹਨ, ਜਿਸਦਾ ਝੋਨੇ ਦੀ ਫ਼ਸਲ ਨੂੰ ਕੋਈ ਫਾਇਦਾ ਨਹੀਂ ਮਿਲਦਾ, ਜੋ ਕਿ ਪੈਸੇ ਦੀ ਬਰਬਾਦੀ ਹੈ। ਪੰਜਾਬ ਦੀਆਂ ਸਾਰੀਆਂ ਜ਼ਮੀਨਾਂ ਵਿਚ ਪੋਟਾਸ਼ ਦੀ ਕਾਫੀ ਮਾਤਰਾ ਮੌਜੂਦ ਹੈ, ਪਰੰਤੂ ਫਿਰ ਵੀ ਜੇਕਰ ਲੋੜ ਮਹਿਸੂਸ ਹੋਵੇ ਤਾਂ ਪੋਟਾਸ਼ ਖਾਦ ਸਿਫਾਰਿਸ਼ ਅਨੁਸਾਰ ਪਾਈ ਜਾ ਸਕਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਨਾਈਟ੍ਰੋਜਨ ਤੱਤ ਵਾਲੀ ਖਾਦ ਯੂਰੀਆ ਦੀ ਜਿਸ ਦੀ ਸਿਫਾਰਿਸ਼ ਮਾਤਰਾ ਵਿਚੋਂ 1/3 ਹਿੱਸਾ ਕੱਦੂ ਕਰਨ ਤੋਂ ਪਹਿਲਾਂ ਜਾਂ ਪਨੀਰੀ ਲਾਉਣ ਤੋਂ ਦੋ ਹਫਤੇ ਤੱਕ ਅਤੇ ਬਾਕੀ ਰਹਿੰਦੀ ਯੂਰੀਆ ਨੂੰ ਦੋ ਬਰਾਬਰ ਹਿੱਸਿਆਂ ਵਿਚ ਪਨੀਰੀ ਲਾਉਣ ਤੋਂ 3 ਅਤੇ 6 ਹਫਤੇ ਬਾਅਦ ਛੱਟੇ ਨਾਲ ਪਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਯੂਰੀਆ ਖਾਦ ਦੀ ਵਰਤੋਂ ਲਈ ਪੱਤਾ ਰੰਗ ਚਾਰਟ (ਐਲ.ਸੀ.ਸੀ.) ਵਿਧੀ ਵੀ ਦੱਸੀ ਗਈ ਹੈ ਜਿਸ ਅਨੁਸਾਰ ਝੋਨੇ ਦੀ ਲੁਆਈ ਸਮੇਂ 25 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਉਪਰੰਤ ਝੋਨਾ ਲੱਗਣ ਦੇ ਦੋ-ਦੋ ਹਫਤਿਆਂ ਬਾਅਦ ਹਰ ਵਾਰ ਖੇਤ ਵਿਚ ਦਸ ਪੌਦਿਆਂ ਦੇ ਉੱਪਰੋਂ ਪੂਰੇ ਖੁੱਲ੍ਹੇ ਪਹਿਲੇ ਪੱਤੇ ਦਾ ਰੰਗ ਬਿਨਾਂ ਤੋੜੇ ਚਾਰਟ ਨਾਲ ਮਿਲਾਉ ਅਤੇ ਜਦੋਂ ਦਸ ਵਿਚੋਂ ਛੇ ਜਾਂ ਵੱਧ ਪੱਤਿਆਂ ਦਾ ਰੰਗ ਚਾਰਟ ਦੀ ਟਿੱਕੀ ਨੰਬਰ 4 ਤੋਂ ਫਿੱਕਾ ਹੋਵੇ ਤਾਂ 25 ਕਿਲੋ ਯੂਰੀਆ ਪ੍ਰਤੀ ਏਕੜ ਪਾ ਦਿਉ, ਪਰੰਤੂ ਕਿਸਾਨ ਵੀਰ ਝੋਨੇ ਦਾ ਝਾੜ ਵਧਾਉਣ ਲਈ ਸਿਰਫ ਯੂਰੀਆ ਨੂੰ ਹੀ ਰਾਮਬਾਣ ਮੰਨਦੇ ਹਨ ਅਤੇ ਜਦੋਂ ਵੀ ਫ਼ਸਲ ਥੋੜਾ ਜਿਹਾ ਵੀ ਰੰਗ ਛੱਡਦੀ ਹੈ ਤਾਂ ਇਕ-ਦੂਜੇ ਦੀ ਦੇਖਾ-ਦੇਖੀ ਰੰਗ ਗੂੜ੍ਹਾ ਕਰਨ ਲਈ ਵਾਰ-ਵਾਰ ਹੀ ਯੂਰੀਆ ਖਾਦ ਪਾਉਂਦੇ ਹਨ ਅਤੇ ਕੁਝ ਕਿਸਾਨ ਵੀਰ 4 ਤੋਂ 5 ਗੱਟੇ ਮਤਲਬ 200 ਤੋਂ 250 ਕਿਲੋ ਯੂਰੀਆ ਵੀ ਪਾ ਦਿੰਦੇ ਹਨ, ਜੋ ਕਿ ਗ਼ਲਤ ਹੈ, ਕਿਉਂਕਿ ਜ਼ਿਆਦਾ ਮਾਤਰਾ ਵਿਚ ਨਾਈਟ੍ਰੋਜਨ ਤੱਤ ਵਾਲੀ ਖਾਦ ਪਾਉਣ ਨਾਲ ਪੱਤਿਆਂ ਵਿਚ ਪ੍ਰੋਟੀਨ ਦੀ ਮਾਤਰਾ ਵੱਧ ਹੋ ਜਾਂਦੀ ਅਤੇ ਪੱਤੇ ਜ਼ਿਆਦਾ ਹਰੇ ਅਤੇ ਨਰਮ ਹੋ ਜਾਂਦੇ ਹਨ,ਜਿਸ ਕਾਰਨ ਫ਼ਸਲ ਉੱਪਰ ਕੀੜੇ-ਮਕੌੜਿਆਂ ਤੋਂ ਇਲਾਵਾ ਤਣਾ ਗਲਣ ਦਾ ਰੋਗ, ਝੁਲਸ ਰੋਗ, ਭੂਰੇ ਧੱਬਿਆਂ ਦਾ ਰੋਗ ਆਦਿ ਹੋ ਸਕਦਾ ਹੈ ਅਤੇ ਫ਼ਸਲ ਦਾ ਝਾੜ ਘਟ ਜਾਂਦਾ ਹੈ । ਇਸ ਤੋਂ ਇਲਾਵਾ ਯੂਰੀਆ ਖਾਦ ਪਾਉਣ ਵੇਲੇ ਖੇਤ ਵਿਚ ਪਾਣੀ ਵੀ ਖੜ੍ਹਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਨਾਲ ਯੂਰੀਆ ਦਾ ਕੁਝ ਹਿੱਸਾ ਪਾਣੀ ਨਾਲ ਹੇਠਾਂ ਚਲਾ ਜਾਂਦਾ ਹੈ ਅਤੇ ਕੁਝ ਅਮੋਨੀਆ ਬਣ ਕੇ ਹਵਾ ਵਿਚ ਉੱਡ ਜਾਂਦਾ ਹੈ, ਸੋ ਖਾਦ ਪਾਉਣ ਤੋਂ ਤੀਸਰੇ ਦਿਨ ਪਾਣੀ ਲਾਉਣਾ ਚਾਹੀਦਾ ਹੈ। ਜ਼ਿਆਦਾ ਸਮੇਂ ਤੋਂ ਲਗਾਤਾਰ ਕਣਕ-ਝੋਨਾ ਫ਼ਸਲੀ ਚੱਕਰ ਕਾਰਨ ਹੁਣ ਪੰਜਾਬ ਦੀਆਂ ਜ਼ਮੀਨਾਂ ਵਿਚ ਲੋਹਾ ਅਤੇ ਜ਼ਿੰਕ ਆਦਿ ਤੱਤਾਂ ਦੀ ਘਾਟ ਵੀ ਆਉਂਦੀ ਹੈ, ਸੋ ਜੇਕਰ ਬੂਟਿਆਂ ਦੇ ਪੱਤੇ ਮਧਰੇ ਰਹਿਣ, ਜੜ੍ਹ ਘੱਟ ਮਾਰਨ, ਜੰਗਾਲੇ ਜਿਹੇ ਅਤੇ ਭੂਰੇ ਹੋ ਜਾਣ ਤਾਂ 25 ਕਿਲੋ ਜ਼ਿੰਕ ਸਲਫੇਟ 21 ਫ਼ੀਸਦੀ ਪ੍ਰਤੀ ਏਕੜ ਖੇਤ ਵਿਚ ਖਿਲਾਰ ਦਿਉ। ਇਸੇ ਤਰਾਂ ਜੇਕਰ ਹਲਕੀਆਂ ਜ਼ਮੀਨਾਂ ਵਿਚ ਝੋਨਾ ਲਾਇਆ ਗਿਆ ਹੋਵੇ ਜਾਂ ਪਾਣੀ ਦੀ ਜ਼ਿਆਦਾ ਘਾਟ ਆ ਜਾਵੇ ਤਾਂ ਝੋਨੇ ਦੇ ਨਵੇਂ ਨਿਕਲ ਰਹੇ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਹੌਲੀ-ਹੌਲੀ ਬੂਟੇ ਮਰ ਜਾਂਦੇ ਹਨ, ਜੋ ਕਿ ਲੋਹੇ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਹਨ, ਸੋ ਜਦੋਂ ਅਜਿਹੀਆਂ ਨਿਸ਼ਨੀਆਂ ਨਜ਼ਰ ਆਉਣ ਤਾਂ ਛੇਤੀ-ਛੇਤੀ ਭਰਵੇਂ ਪਾਣੀ ਲਾਉ ਅਤੇ ਇਕ ਕਿਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਇਕ ਹਫਤੇ ਦੀ ਵਿੱਥ ਤੇ 2-3 ਛਿੜਕਾਅ ਕਰੋ। ਕਈ ਕਿਸਾਨ ਵੀਰ ਗ਼ੈਰ-ਤਕਨੀਕੀ ਲੋਕਾਂ ਦੇ ਕਹਿਣ ਤੇ ਲੋਹਾ ਤੱਤ ਜ਼ਮੀਨ ਵਿਚ ਪਾ ਦਿੰਦੇ ਹਨ ਪਰੰਤੂ ਇੱਥੇ ਧਿਆਨ ਯੋਗ ਗੱਲ ਇਹ ਹੈ ਕਿ ਲੋਹੇ ਦੀ ਜ਼ਮੀਨ ਰਾਹੀਂ ਪੂਰਤੀ ਅਸਰਦਾਰ ਨਹੀਂ ਹੈ। ਸੋ ਆਖਰ ਵਿਚ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਖਾਦਾਂ ਨੂੰ ਲੋੜ ਅਨੁਸਾਰ ਸਹੀ ਮਾਤਰਾ ਅਤੇ ਸਹੀ ਸਮੇਂ ਉੱਪਰ ਪਾ ਕੇ ਅਸੀਂ ਵਧੇਰੇ ਫ਼ਸਲੀ ਝਾੜ ਲੈ ਸਕਦੇ ਹਾਂ ਅਤੇ ਇਸ ਦੇ ਨਾਲ-ਨਾਲ ਜੇਕਰ ਅਸੀਂ ਸੰਤੁਲਿਤ ਖਾਦਾਂ ਜਿਸ ਵਿਚ ਰਸਾਇਣਿਕ ਖਾਦਾਂ ਦੇ ਨਾਲ ਰੂੜੀ, ਹਰੀ ਖਾਦ ਦੀ ਵਰਤੋਂ ਵੀ ਕਰੀਏ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ।
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।