By: Punjabi Tribune Date:17 August 2017
ਚੰਡੀਗੜ੍ਹ, 17 ਅਗਸਤ- ਮਾਲਵਾ ਪੱਟੀ ਵਿੱਚ ਕੁਝ ਥਾਵਾਂ ’ਤੇ ਨਰਮੇ ਦੀ ਫ਼ਸਲ ਉੱਤੇ ਚਿੱਟੀ ਮੱਖੀ ਦੇ ਹਮਲੇ ਅਤੇ ਇਸ ਤੋਂ ਬਚਾਅ ਲਈ ਕਾਰਵਾਈ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀਆਂ ਦੀ 18 ਅਗਸਤ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਸੱਦ ਲਈ ਹੈ। ਮੀਟਿੰਗ ਵਿੱਚ ਨਕਲੀ ਕੀਟਨਾਸ਼ਕਾਂ ਨੂੰ ਲੈ ਕੇ ਖੇਤੀਬਾੜੀ ਅਧਿਕਾਰੀਆਂ ਦੀ ਖਿਚਾਈ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਆਪਣੀ ਮਾਨਸਾ ਫੇਰੀ ਮੌਕੇ ਨਕਲੀ ਕੀਟਨਾਸ਼ਕਾਂ ਦੀ ਵਿਕਰੀ ਦਾ ਗੰਭੀਰ ਨੋਟਿਸ ਲੈਂਦਿਆਂ ਪੁਲੀਸ ਅਧਿਕਾਰੀਆਂ ਨੂੰ ਅਜਿਹੇ ਵਿਕਰੇਤਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਹਦਾਇਤ ਕੀਤੀ ਸੀ। ਯਾਦ ਰਹੇ ਕਿ ਨਕਲੀ ਕੀਟਨਾਸ਼ਕਾਂ ਦਾ ਮਸਲਾ ਸੂਬੇ ਲਈ ਨਵਾਂ ਨਹੀਂ ਹੈ। ਇਸ ਮੁੱਦੇ ਨੂੰ ਲੈ ਕੇ ਹਾੜ੍ਹੀ ਸਾਉਣੀ ਰੌਲਾ ਪੈਂਦਾ ਹੈ ਤੇ ਕੁਝ ਸਮੇਂ ਬਾਅਦ ਸਾਰਾ ਕੁਝ ਸ਼ਾਂਤ ਹੋ ਜਾਂਦਾ ਹੈ। ਪੰਜਾਬ ਕਿਸਾਨ ਕਮਿਸ਼ਨ ਦੇ ਨਵੇਂ ਚੇਅਰਮੈਨ ਅਜੇ ਵੀਰ ਜਾਖੜ ਦਾ ਕਹਿਣਾ ਹੈ ਕਿ ਉਹ ਨਕਲੀ ਕੀਟਨਾਸ਼ਕਾਂ ਦੇ ਧੰਦੇ ਨੂੰ ਬੰਦ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਸਬੰਧਤ ਐਕਟ ਵਿੱਚ ਸੋਧ ਕਰਨ ਲਈ ਜ਼ੋਰ ਦੇਣਗੇ । ਉਨ੍ਹਾਂ ਕਿਹਾ ਕਿ ਮੌਜੂਦਾ ਐਕਟ ਵਿੱਚ ਸਖ਼ਤ ਸਜ਼ਾਵਾਂ ਦੇਣ ਦੀ ਵਿਵਸਥਾ ਸੀਮਤ ਹੈ ਤੇ ਐਕਟ ਨੂੰ ਬਿਹਤਰ ਬਣਾਉਣ ਅਤੇ ਹੋਰ ਲੋੜੀਂਦੇ ਕਦਮ ਚੁੱਕੇ ਜਾਣ ਨਾਲ ਨਕਲੀ ਅਤੇ ਘਟੀਆਂ ਕੀਟਨਾਸ਼ਕਾਂ ਨੂੰ ਨਕੇਲ ਪਾਉਣ ਵਿੱਚ ਮਦਦ ਮਿਲੇਗੀ।
ਰਿਪੋਰਟ ਸੌਂਪਣ ਦਾ ਅਮਲ ਅੱਗੇ ਪਿਆ
ਕਿਸਾਨਾਂ ਦੀ ਕਰਜ਼ਾ ਮੁਆਫ਼ੀ ਬਾਰੇ ਡਾ.ਟੀ.ਹੱਕ ਦੀ ਅਗਵਾਈ ਹੇਠ ਬਣੀ ਮਾਹਿਰਾਂ ਦੀ ਕਮੇਟੀ ਵੱਲੋਂ ਭਲਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਿਪੋਰਟ ਸੌਂਪਣ ਦਾ ਅਮਲ ਸ੍ਰੀ ਹੱਕ ਦੇ ਸਿਹਤਯਾਬ ਨਾ ਹੋਣ ਕਰਕੇ ਅੱਗੇ ਪੈ ਗਿਆ ਹੈ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਅਜੇ ਤਕ ਸੂਬਾ ਸਰਕਾਰ ਨੂੰ ‘ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧ ਐਕਟ’ ਵਿੱਚ ਸੋਧ ਜਾਂ ਸ਼ਰਤਾਂ ਨਰਮ ਕਰਨ ਦੀ ਪ੍ਰਵਾਨਗੀ ਨਾ ਦਿੱਤੇ ਜਾਣ ਕਾਰਨ ਵੀ ਕਰਜ਼ਾ ਮਾਫ਼ੀ ਦਾ ਮਸਲਾ ਲਟਕਿਆ ਹੋਇਆ ਹੈ। ਮੁੱਖ ਮੰਤਰੀ ਨੇ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਤੇ ਕੇਂਦਰੀ ਵਿੱਤ ਮੰਤਰੀ ਨਾਲ ਮੀਟਿੰਗ ਕੀਤੀ ਸੀ, ਜਿਸ ਦੇ ਨਤੀਜੇ ਆਉਣ ਦੀ ਉਡੀਕ ਹੈ।
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।