By: PunjabiTribune, 3 August 2017
ਪਿੰਡ ਗਾਜੀਪੁਰ ਦੀ ਜ਼ਿਲ੍ਹਾ ਪੱਧਰੀ ਸਰਕਾਰੀ ਗਊਸ਼ਾਲਾ ਵਿਖੇ ਚਾਰ ਗਊਆਂ ਦੇ ਮਰਨ ਪਿੱਛੇ ਸ਼ਿਵ ਸੈਨਾ ਹਿੰਦੂਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਜਿੱਥੇ ਹਰੇ ਚਾਰੇ, ਪੀਣ ਵਾਲੇ ਸਾਫ਼ ਪਾਣੀ ਤੇ ਹੋਰ ਸਹੂਲਤਾਂ ਦੀ ਘਾਟ ਨੂੰ ਮੁੱਖ ਕਾਰਨ ਦੱਸਦਿਆਂ ਗਊਆਂ ਦੀ ਮੌਤ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇ ਗਊਸ਼ਾਲਾ ’ਚ ਪ੍ਰਬੰਧ ਸਹੀ ਨਾ ਕੀਤੇ ਗਏ ਤਾਂ ਉਹ ਗਊ ਭਗਤਾਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਸ਼ੁਰੂ ਕਰਨਗੇ। ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗਊਆਂ ਦੇ ਮਰਨ ਪਿੱਛੇ ਸਹੂਲਤਾਂ ਦੀ ਘਾਟ ਦੀ ਥਾਂ ਉਨ੍ਹਾਂ ਦੇ ਕਮਜ਼ੋਰ, ਬਿਮਾਰ ਤੇ ਬਜ਼ੁਰਗ ਹੋਣ ਨੂੰ ਕਾਰਨ ਦੱਸਿਆ।
ਸ਼ਿਵ ਸੈਨਾ ਹਿੰਦੂਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਗਊਸ਼ਾਲਾ ਦੇ ਦੌਰੇ ਦੌਰਾਨ ਪ੍ਰਸ਼ਾਸਨ ’ਤੇ ਦੋਸ਼ ਲਾਏ ਕਿ ਗਊਸ਼ਾਲਾ ’ਚ ਨਾ ਤਾਂ ਪਸ਼ੂਆਂ ਲਈ ਹਰੇ ਚਾਰੇ ਦਾ ਕੋਈ ਪ੍ਰਬੰਧ ਹੈ ਤੇ ਨਾ ਪੀਣ ਵਾਲੇ ਸਾਫ਼ ਪਾਣੀ ਦਾ। ਉਨ੍ਹਾਂ ਕਿਹਾ ਕਿ ਗਊਸ਼ਾਲਾ ’ਚ ਗੋਹਾ ਸਾਫ਼ ਕਰਨ ਲਈ ਫੌੜੇ, ਚਾਰਾ ਕੱਟਣ ਲਈ ਦਾਤੀਆਂ, ਰੇਹੜੀਆਂ ਆਦਿ ਦਾ ਵੀ ਪ੍ਰਬੰਧ ਨਹੀਂ। ਜਦੋਂਕਿ ਲੱਖਾਂ ਰੁਪਏ ਦੀ ਗ੍ਰਾਂਟ ਤੇ ਹਰ ਮਹੀਨੇ ਵੱਖ ਵੱਖ ਚੀਜ਼ਾਂ ਤੋਂ ਆਉਣ ਵਾਲੇ ਗਊ ਸੈੱਸ ਦੇ ਪੈਸਿਆਂ ਦੇ ਬਾਵਜੂਦ ਗਊਸ਼ਾਲਾ ’ਚ ਫਰਸ਼ ਤੱਕ ਦਾ ਪ੍ਰਬੰਧ ਨਹੀਂ ਜਿਸ ਕਾਰਨ ਗਊਆਂ ਚਿੱਕੜ ’ਚ ਖੜ੍ਹੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਬਣੀ ਇਸ ਗਊਸ਼ਾਲਾ ’ਚ ਪ੍ਰਸ਼ਾਸਨ ਵੱਲੋਂ ਕੋਈ ਪ੍ਰੰਬਧ ਨਹੀਂ ਕੀਤਾ ਗਿਆ, ਜਿਸ ਕਾਰਨ ਗਊਸ਼ਾਲਾ ’ਚ ਗਊਆਂ ਦੇ ਮਰਨ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇ ਗਊਸ਼ਾਲਾ ’ਚ ਪ੍ਰਬੰਧ ਮੁਕੰਮਲ ਨਾ ਕੀਤੇ ਤਾਂ ਉਹ ਗਊ ਭਗਤਾਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਕਰਨਗੇ।
ਇਸ ਮੌਕੇ ਉਨ੍ਹਾਂ ਨਾਲ ਰਾਜੇਸ਼ ਕੌਸ਼ਿਕ, ਰਮਾਂ ਕਾਂਤ ਪਾਂਡੇ, ਪਰਮੀਤ ਕਥੂਰੀਆ, ਲਖਵਿੰਦਰ ਸਿੰਘ, ਵਿਸ਼ਾਲ ਜਿੰਦਲ, ਪ੍ਰਦੀਪ ਵਰਮਾ, ਅਸ਼ੋਕ ਖ਼ੱਤਰੀ, ਪਵਨ ਸਿਡਾਨਾ ਆਦਿ ਹਾਜ਼ਰ ਸਨ।
ਕਮਜ਼ੋਰ ਤੇ ਬੁੱਢੀਆਂ ਹੋਣ ਕਾਰਨ ਮਰੀਆਂ ਗਊਆਂ: ਐਸਡੀਐਮ
ਦੂਜੇ ਪਾਸੇ ਐਸਡੀਐਮ ਸਮਾਣਾ ਮਨਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਹੜੀਆਂ ਗਊਆਂ ਦੀ ਮੌਤ ਹੋਈ ਹੈ ਉਹ ਜਿੱਥੇ ਕਾਫ਼ੀ ਕਮਜ਼ੋਰ ਤੇ ਬੁੱਢੀਆਂ ਸਨ ਉੱਥੇ ਹੀ ਉਹ ਬਿਮਾਰ ਵੀ ਸਨ। ਇਸ ਕਾਰਨ ਉਨ੍ਹਾਂ ਦੀ ਮੌਤ ਹੋਈ, ਨਾ ਕਿ ਚਾਰੇ ਦੀ ਕੰਮੀ ਕਾਰਨ। ਉਨ੍ਹਾਂ ਕਿਹਾ ਕਿ ਦੋਸ਼ ਰਾਜਨੀ ਤੋਂ ਪ੍ਰੇਰਿਤ ਹਨ।
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।