ਲੁਧਿਆਣਾ: 18 ਅਗਸਤ-ਪੀਏਯੂ ਦੇ ਗ੍ਰਹਿ ਵਿਗਿਆਨ ਕਾਲਜ ਵੱਲੋਂ ਨਵੇਂ ਦਾਖਲ ਹੋਏ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਲਈ ਓਰੀਏਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿਖੇ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਨਵੇਂ ਦਾਖਲ ਹੋਏ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਕਾਲਜ ਅਤੇ ਯੂਨੀਵਰਸਿਟੀ ਦੇ ਵਿਲੱਖਣ ਮਾਹੌਲ, ਅਕਾਦਮਿਕ ਅਤੇ ਸਹਿ-ਅਕਾਦਮਿਕ ਗਤੀਵਿਧੀਆਂ ਸਬੰਧੀ ਨਿਯਮਾਂ ਤੋਂ ਜਾਣੂੰ ਕਰਵਾਉਣਾ ਸੀ। ਇਹ ਪ੍ਰੋਗਰਾਮ ਗ੍ਰਹਿ ਵਿਗਿਆਨ ਕਾਲਜ ਦੇ ਡੀਨ ਡਾ. ਸ੍ਰੀਮਤੀ ਜਤਿੰਦਰ ਕੌਰ ਗੁਲਾਟੀ ਦੀ ਅਗਵਾਈ ਹੇਠ ਹੋਮ ਸਾਇੰਸ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ। ਇਸ ਪ੍ਰੋਗਰਾਮ ਅਧੀਨ ਅਕਾਦਮਿਕ ਤੇ ਸਲਾਹਕਾਰੀ ਗਤੀਵਿਧੀਆਂ ਸੰਬੰਧੀ ਸਮੈਸਟਰ ਨਿਯਮਾਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ ਤਾਂ ਜੋ ਵਿਦਿਆਰਥੀਆਂ ਦੇ ਮਾਪੇ ਉਹਨਾਂ ਦੀ ਅਕਾਦਮਿਕ ਪ੍ਰਗਤੀ ਤੋਂ ਜਾਣੂੰ ਰਹਿ ਸਕਣ ਅਤੇ ਉਹਨਾਂ ਦੀ ਸਹੀ ਨਿਗਰਾਨੀ ਰੱਖ ਸਕਣ। ਸਹਿ-ਅਕਾਦਮਿਕ ਗਤੀਵਿਧੀਆਂ ਅਧੀਨ ਕੌਮੀ ਸੇਵਾ ਸਕੀਮ ਕੌਮੀ ਖੇਡ ਸੰਸਥਾ ਅਤੇ ਕਾਲਜ ਦੇ ਡਾਂਸ, ਡਰਾਮਾ ਅਤੇ ਮਿਊਜਿਕ ਕਲੱਬ ਸੰਬੰਧੀ ਨਿਯਮਾਂ ਬਾਰੇ ਦੱਸਿਆ ਗਿਆ। ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਵੱਲੋਂ ਵਿਭਾਗਾਂ ਦੇ ਅਧਿਆਪਕਾਂ ਦੀ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨਾਲ ਜਾਣ ਪਹਿਚਾਣ ਕਰਵਾਈ ਗਈ। ਐਸੋਸੀਏਸ਼ਨ ਦੇ ਵਿਦਿਆਰਥੀ ਮੈਂਬਰਾਂ ਵੱਲੋਂ ਪ੍ਰੇਰਣਾਤਮਕ ਕਵਿਤਾ ਅਤੇ ਲੋਕ ਗੀਤ ਪੇਸ਼ ਕੀਤੇ ਗਏ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।