By: Ajit Date: 8 August 2017
ਪੰਜਾਬ ਵਿਚ ਕਿਸਾਨ ਖੇਤੀ ਜਿਣਸਾਂ ਦੀ ਪੈਦਾਵਾਰ ਤਾਂ ਕਰ ਲੈਂਦੇ ਹਨ ਪਰ ਮੰਡੀਕਰਨ ਵਿਚ ਮੁਹਾਰਤ ਨਾ ਹੋਣ ਕਾਰਨ ਉਨ੍ਹਾਂ ਨੂੰ ਲਾਹੇਵੰਦ ਭਾਅ ਨਹੀਂ ਮਿਲਦਾ, ਜਿਸ ਕਾਰਨ ਬਹੁਤੀ ਵਾਰ ਕਿਸਾਨਾਂ ਨੂੰ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ। ਕਿਸਾਨ ਦੀ ਇਹ ਬਦਕਿਸਮਤੀ ਹੈ ਕਿ ਉਹ ਫ਼ਸਲਾਂ, ਫਲ, ਸਬਜ਼ੀਆਂ, ਦੁੱਧ ਆਦਿ ਪੈਦਾ ਕਰਨ ਲਈ 6 ਮਹੀਨੇ ਪੂਰੀ ਮਿਹਨਤ ਕਰਦਾ ਹੈ ਪਰ ਜਦ ਮੰਡੀਕਰਨ ਕਰਨ ਦਾ ਸਮਾਂ ਆਉਂਦਾ ਹੈ ਤਾਂ ਖੇਤੀ ਜਿਨਸ ਕਿਸੇ ਆੜ੍ਹਤੀਏ, ਵਪਾਰੀ ਦੁਕਾਨਦਾਰ ਨੂੰ ਦੇ ਦਿੰਦਾ ਹੈ ਜੋ ਸਸਤੇ ਭਾਅ 'ਤੇ ਖਰੀਦ ਕੇ ਮਹਿੰਗੇ ਭਾਅ 'ਤੇ ਖਪਤਕਾਰ ਤੱਕ ਪਹੁੰਚਾਉਂਦਾ ਹੈ। ਇਸ ਤਰ੍ਹਾਂ ਕਈ ਵਾਰ ਤਾਂ ਕਿਸਾਨ ਨੂੰ ਉਸ ਦੀ ਮਜ਼ਦੂਰੀ ਵੀ ਨਹੀਂ ਬਚਦੀ। ਜਦਕਿ ਉਦਯੋਗਪਤੀ ਸਾਰਾ ਸਮਾਨ ਮਜ਼ਦੂਰਾਂ ਤੋਂ ਤਿਆਰ ਕਰਵਾਉਂਦਾ ਹੈ ਅਤੇ ਜਦ ਵੇਚਣ ਦਾ ਸਮਾਂ ਆਉਂਦਾ ਹੈ ਤਾਂ ਆਪ ਖੁਦ ਭਾਅ ਤਹਿ ਕਰਕੇ ਸਾਰੇ ਖਰਚੇ ਗਿਣ ਕੇ ਮੁੱਲ ਤਹਿ ਕਰਦਾ ਹੈ। ਕਿਸਾਨ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ ਜੋ ਫ਼ਸਲ ਪੈਦਾ ਕਰ ਰਿਹਾ ਹੈ ਉਸ ਨੂੰ ਕੌਣ ਖਰੀਦੇਗਾ, ਕਿੱਥੇ ਅਤੇ ਕਿਸ ਮੁੱਲ 'ਤੇ ਵਿਕੇਗੀ ਜਦਕਿ ਉਦਯੋਗਪਤੀ ਨੂੰ ਇਨ੍ਹਾਂ ਗੱਲਾਂ ਬਾਰੇ ਪਹਿਲਾਂ ਹੀ ਪਤਾ ਹੁੰਦਾ ਹੈ। ਅੱਜ ਪੰਜਾਬ ਵਿਚ ਖੇਤੀ ਜਿਣਸਾਂ ਖਾਸ ਕਰਕੇ ਸਬਜ਼ੀਆਂ, ਫਲਾਂ ਦਾ ਮੰਡੀਕਰਨ ਪ੍ਰਵਾਸੀ ਮਜ਼ਦੂਰਾਂ ਦੇ ਹੱਥ ਹੈ। ਜੋ ਕੰਮ (ਮਜ਼ਦੂਰੀ) ਪ੍ਰਵਾਸੀ ਮਜ਼ਦੂਰਾਂ ਨੇ ਕਰਨਾ ਸੀ ਉਹ ਕਿਸਾਨ ਕਰ ਰਿਹਾ ਹੈ ਜਦ ਜੋ ਕੰਮ (ਮੰਡੀਕਰਨ) ਕਿਸਾਨ ਨੇ ਕਰਨਾ ਸੀ। ਉਹ ਪ੍ਰਵਾਸੀ ਮਜ਼ਦੂਰ ਕਰ ਰਿਹਾ ਹੈ। ਇਸ ਤਰ੍ਹਾਂ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਿਵੇਂ ਕੀਤਾ ਜਾ ਸਕਦਾ ਹੈ। ਅਜੋਕੇ ਸਮੇਂ ਵਿਚ ਉਹੀ ਕਿਸਾਨ ਸਫਲ ਹੋ ਸਕਦਾ, ਜੋ ਕਹੀ ਦੇ ਨਾਲ ਨਾਲ ਤੱਕੜੀ ਵੀ ਫੜੇਗਾ। ਫ਼ਸਲੀ ਵਿਭਿੰਨਤਾ ਸਕੀਮ ਤਹਿਤ ਕਣਕ-ਝੋਨੇ ਦੇ ਬਦਲ ਦੇ ਤੌਰ 'ਤੇ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਦਾ ਮੰਡੀਕਰਨ ਢਾਂਚਾ ਮਜ਼ਬੂਤ ਨਾ ਹੋਣਾ ਇਸ ਸਕੀਮ ਦੀ ਸਫਲਤਾ ਵਿਚ ਮੁੱਖ ਅੜਿੱਕਾ ਬਣਿਆ ਹੋਇਆ ਹੈ। ਇਸ ਲਈ ਬਦਲਵੀਆਂ ਫ਼ਸਲਾਂ ਦਾ ਮੰਡੀਕਰਨ ਢਾਂਚਾ ਮਜ਼ਬੂਤ ਹੋਣਾ ਅਤਿ ਜ਼ਰੂਰੀ ਹੈ। ਅਜੋਕੇ ਸਮੇਂ ਵਿਚ ਖਪਤਕਾਰ ਨੂੰ ਖੇਤੀ ਵਸਤਾਂ ਵੱਧ ਭਾਅ 'ਤੇ ਮਿਲਦੀਆ ਹਨ, ਜਦਕਿ ਕਿਸਾਨਾਂ ਨੂੰ ਉਚਿਤ ਭਾਅ ਨਾ ਮਿਲਣ ਕਾਰਨ ਮਿਹਨਤ ਦਾ ਪੂਰਾ ਫਾਇਦਾ ਨਹੀਂ ਮਿਲਦਾ। ਉਦਾਹਰਨ ਵਜੋਂ ਕਿਸਾਨ ਦੁਆਰਾ ਪੈਦਾ ਕੀਤਾ ਜਾਂਦਾ ਤਰਬੂਜ਼ ਥੋਕ ਮੰਡੀ ਵਿਚ 5/- ਪ੍ਰਤੀ ਕਿੱਲੋ ਵਿਕਦਾ ਹੈ ਜਦ ਕਿ ਖਪਤਕਾਰ ਨੂੰ ਉਹੀ ਤਰਬੂਜ਼ 15/- ਤੋਂ 20/- ਪ੍ਰਤੀ ਕਿੱਲੋ ਪ੍ਰਚੂਣ ਦੀ ਦੁਕਾਨਦਾਰ ਜਾਂ ਰੇਹੜੀ ਤੋਂ ਮਿਲਦਾ ਹੈ, ਇਸ ਤੋਂ ਸਪੱਸ਼ਟ ਹੈ ਕਿ ਖਪਤਕਾਰ ਅਤੇ ਕਿਸਾਨ ਦੋਹਾਂ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ ਜਦਕਿ ਫਾਇਦਾ ਵਿਚੋਲੀਆ ਲੈ ਰਿਹਾ ਹੈ। ਇਸ ਨੁਕਸਾਨ ਨੂੰ ਘੱਟ ਕਰਨ ਦਾ ਇਕੋ ਇਕ ਰਾਹ ਹੈ, ਖੇਤੀ ਜਿਨਸਾਂ ਦਾ 'ਖੇਤ ਤੋਂ ਘਰ ਤੱਕ' ਦੇ ਸਿਧਾਂਤ ਨੂੰ ਅਪਨਾਉਂਦਿਆਂ ਕਿਸਾਨ ਅਤੇ ਖਪਤਕਾਰ ਦਰਮਿਆਨ ਮੌਜੂਦ ਵਿਚੋਲਿਆਂ ਨੂੰ ਪਾਸੇ ਕਰਕੇ ਸਿੱਧਾ ਮੰਡੀਕਰਨ ਕਰਨਾ ਹੈ।
1990 ਵਿਚ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸਹੂਲਤ ਵਾਸਤੇ ਆਪਣੀ ਮੰਡੀ ਦਾ ਸਿਧਾਂਤ ਵੱਖ- ਵੱਖ ਸ਼ਹਿਰਾਂ ਵਿਚ ਲਾਗੂ ਕੀਤਾ ਗਿਆ ਸੀ ਪਰ ਉਹ ਬਹੁਤਾ ਚਿਰ ਨਹੀਂ ਚੱਲ ਸਕਿਆ ਕਿਉਂਕਿ ਕਿਸਾਨਾਂ ਦੀ ਤੱਕੜੀ ਫੜਨ ਦੀ ਹਿਚਕਚਾਹਟ ਅਤੇ ਸਬਜ਼ੀ ਵਿਕ੍ਰੇਤਾ ਦਾ ਦਾਖਲਾ ਇਸ ਸਿਸਟਮ 'ਤੇ ਭਾਰੂ ਹੋ ਗਿਆ ਸੀ। ਉਸੇ ਸਿਸਟਮ ਵਿਚ ਕੁਝ ਸੋਧ ਕਰਦਿਆਂ 'ਖੇਤ ਤੋਂ ਘਰ ਤੱਕ' ਨੂੰ ਜ਼ਿਲਾ ਪਠਾਨਕੋਟ ਵਿਚ ਲਾਗੂ ਕੀਤਾ ਗਿਆ ਤਾਂ ਜੋ ਕਿਸਾਨਾਂ ਦੀ ਆਰਥਿਕ ਸਥਿਤੀ ਵਿਚ ਸੁਧਾਰ ਕੀਤਾ ਜਾ ਸਕੇ। ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਜੀ ਵੱਲੋਂ ਮਿਤੀ 2 ਸਤੰਬਰ ਨੂੰ www.farmtohome.net ਵੈੱਬਸਾਈਟ ਲਾਂਚ ਕੀਤੀ ਗਈ। ਮੋਬਾਈਲ ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਅਤੇ ਨੌਜਵਾਨ ਕਿਸਾਨਾਂ ਦੀ ਸਹੂਲਤ ਲਈ 22 ਸਤੰਬਰ ਨੂੰ ਮੋਬਾਈਲ ਐਪ farmtohome pathankot ਲਾਂਚ ਕੀਤੀ ਗਈ। ਵੈੱਬਸਾਈਟ ਅਤੇ ਐਪ ਲਾਂਚ ਕਰਨ ਦਾ ਮੁੱਖ ਮਕਸਦ ਕਿਸਾਨਾਂ ਅਤੇ ਖਪਤਕਾਰਾਂ ਨੂੰ ਖੇਤੀ ਪਦਾਰਥਾਂ ਦੀ ਆਨਲਾਈਨ ਖਰੀਦੋ ਫਰੋਖਤ ਦੀ ਸਹੂਲਤ ਦੇਣਾ ਸੀ। ਫਾਰਮ ਟੂ ਹੋਮ ਵੈੱਬਸਾਈਟ ਨੂੰ ਜਲਦੀ ਹੀ ਪੰਜਾਬ ਪੱਧਰ 'ਤੇ ਲਾਂਚ ਕੀਤਾ ਜਾ ਰਿਹਾ ਹੈ। ਅੱਜ ਤੱਕ ਆਨਲਾਈਨ ਦੇਸੀ ਮੱਕੀ, ਸ਼ਹਿਦ ਅਤੇ ਹਲਦੀ ਦੀ ਖਰੀਦੋ ਫ਼ਰੋਖਤ ਤਕਰੀਬਨ ਇਕ ਲੱਖ ਪੰਜਤਾਲੀ ਹੋਈ ਹੈ। ਆਨਲਾਈਨ ਖ੍ਰੀਦੋ ਫਰੋਕਤ ਦੀ ਵਧਦੀ ਮੰਗ ਨੂੰ ਮੁੱਖ ਰੱਖਦਿਆਂ ਜਲਦ ਹੀ ਪੰਜਾਬ ਪੱਧਰ 'ਤੇ ਲਾਂਚ ਕੀਤਾ ਜਾ ਰਿਹਾ ਹੈ।
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।