ਖੇਤੀ ਵਿਭਿੰਨਤਾ ਅਪਨਾਉਣ ਸਦਕਾ ਮਿਲੀ ਸਫ਼ਲਤਾ

August 12 2017

By: Punjabi Tribune, 12 August 2017

ਕਪੂਰਥਲਾ ਜ਼ਿਲੇ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਬੂਲਪੁਰ ਦੇ ਵਾਸੀ ਸਰਵਣ ਸਿੰਘ ਚੰਦੀ ਨੇ ਵੰਨ-ਸੁਵੰਨਤਾ ਵਾਲੀ ਖੇਤੀ ਅਪਣਾ ਕੇ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ 1983 ਵਿੱਚ ਬੀ.ਏ ਕਰਨ ਉਪ੍ਰੰਤ ਸਰਕਾਰੀ ਨੌਕਰੀ ਨਾ ਮਿਲਣ ਕਰਕੇ ਖੇਤੀ ਨੂੰ ਧੰਦੇ ਵਜੋਂ ਅਪਣਾ ਲਿਆ। ਉਨ੍ਹਾਂ ਕੋਲ ਆਪਣੀ ਵਿਰਾਸਤੀ ਜ਼ਮੀਨ ਕੇਵਲ 14 ਏਕੜ ਹੈ ਪਰ 16 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਉਹ ਇਸ ਵੇਲੇ ਕੁਲ 30 ਏਕੜ ਦੀ ਖੇਤੀ ਕਰ ਰਹੇ ਹਨ। ਖੇਤੀ ਵਿਭਿੰਨਤਾ ਦੇ ਮਾਡਲ ਨੂੰ ਅਪਣਾਉਂਦਿਆਂ ਉਨ੍ਹਾਂ ਨੇ ਅਨਾਜ ਵਾਲੀਆਂ, ਦਾਲਾਂ, ਚਾਰੇ ਵਾਲੀਆਂ, ਫੁੱਲਾਂ ਵਾਲੀਆਂ, ਤੇਲ ਬੀਜ ਫਸਲਾਂ ਦੀ ਖੇਤੀ ਦੇ ਨਾਲ ਪਸ਼ੂ ਪਾਲਣ, ਸ਼ਹਿਦ ਮੱਖੀ ਪਾਲਣ ਤੇ ਸਵੈ ਮਾਰਕਿਟਿੰਗ ਅਤੇ ਫਲਦਾਰ ਬੂਟਿਆਂ ਦੀ ਕਾਸ਼ਤ ਕਰਦੇ ਹਨ। ਉਹਨਾਂ ਨੇ ਸਬਜ਼ੀਆਂ ਵਾਲੀਆਂ ਫਸਲਾਂ ਦੀ ਸਿੰਚਾਈ ਲਈ ਤੁਪਕਾ ਸਿੰਚਾਈ ਢਾਂਚਾ ਲਾਇਆ ਹੋਇਆ ਹੈ।

ਪੀ.ਏ.ਯੂ ਦੇ ਸਾਇੰਸਦਾਨਾਂ ਵਲੋਂ ਪਾਣੀ ਬਚਾਉਣ ਅਤੇ ਖੇਤੀ ਖ਼ਰਚੇ ਘਟਾਉਣ ਦੀਆਂ ਸਿਫਾਰਸ਼ਾਂ ਅਨੁਸਾਰ ਉਹ ਹਾੜ੍ਹੀ ਦੀਆਂ ਫਸਲਾਂ ਜਿਵੇਂ ਕਣਕ, ਆਲੂ, ਦਾਲਾਂ (ਕਾਲੇ ਛੋਲੇ), ਸ਼ਿਮਲਾ ਮਿਰਚ, ਸੂਰਜਮੁਖੀ ਅਤੇ ਬਰਸੀਮ (ਹਰਾ ਚਾਰਾ) ਦੀ ਖੇਤੀ ਕਰ ਰਹੇ ਹਨ। ਉਨ੍ਹਾਂ ਨੂੰ ਫਸਲੀ ਵਿਭਿੰਨਤਾ ਵਾਲੇ ਮਾਡਲ ਤੋਂ ਹਾੜੀ ਰੁੱਤ ਦੌਰਾਨ ਕੁੱਲ ਆਮਦਨ 10,37,600 ਰੁਪਏ ਹੋਈ। ਜੇਕਰ ਉਹ ਪੂਰੇ ਰਕਬੇ (30 ਏਕੜ) ਵਿੱਚ ਕਣਕ ਦੀ ਹੀ ਫਸਲ ਲੈਂਦੇ ਤਾਂ ਉਹਨਾਂ ਨੂੰ 8,98,909 ਰੁਪਏ ਦੀ ਵੱਟਤ ਹੋਣੀ ਸੀ। ਇਸ ਤਰ੍ਹਾਂ ਕਣਕ ਦੀ ਫਸਲ ਦੇ ਮੁਕਾਬਲੇ, ਵੱਖ-ਵੱਖ ਫਸਲਾਂ ਬੀਜਣ ਨਾਲ ਉਨ੍ਹਾਂ ਨੂੰ 1,38,691 ਰੁਪਏ ਵੱਧ ਆਮਦਨ ਹੋਈ।

ਸਾਉਣੀ ਰੁੱਤ ਵਿੱਚ ਉਹ ਝੋਨਾ, ਬਾਸਮਤੀ, ਚਾਰੇ ਵਾਲੀ ਮੱਕੀ, ਦਾਲਾਂ (ਸੱਠੀ ਮੂੰਗੀ), ਸਾਉਣੀ ਰੁੱਤ ਦੇ ਪਿਆਜ਼ ਦੀ ਖੇਤੀ ਕਰ ਰਹੇ ਹਨ ਜਿਸ ਤੋਂ ਉਹਨਾਂ ਨੂੰ ਵੱਟਤ ਹੋ ਰਹੀ ਹੈ। ਉਨ੍ਹਾਂ ਨੂੰ ਸਾਉਣੀ ਰੁੱਤ ਦੌਰਾਨ ਵੱਖ-ਵੱਖ ਫਸਲਾਂ ਬੀਜਣ ਨਾਲ 9,50,250 ਰੁਪਏ ਦੀ ਕੁੱਲ ਆਮਦਨ ਹੋਈ। ਦੋਵੇਂ ਰੁੱਤਾਂ ਦੌਰਾਨ ਉਨ੍ਹਾਂ ਨੂੰ ਕੁੱਲ ਮਿਲਾ ਕੇ 19,87, 850 ਰੁਪਏ ਦੀ ਆਮਦਨ ਹੋਈ। ਆਪਣੇ ਖੇਤਾਂ ਦੀ ਮੋਟਰ ਤੇ ਪਰਿਵਾਰਕ ਮੈਂਬਰਾਂ ਵਾਸਤੇ ਅਮਰੂਦ, ਪਪੀਤਾ, ਕਿੰਨੂ, ਮੁਸੰਮੀ ਅਤੇ ਜਾਮਣ ਦੇ ਫਲਦਾਰ ਪੌਦੇ ਲਗਾਏ ਹੋਏ ਹਨ। ਆਪਣੇ ਡੇਅਰੀ ਫਾਰਮ ’ਤੇ 7 ਦੁਧਾਰੂ ਪਸ਼ੂ ਪਾਲੇ ਹੋਏ ਹਨ, ਜਿਨ੍ਹਾਂ ਦੇ ਦੁੱਧ ਤੋਂ ਪਰਿਵਾਰਕ ਲੋੜਾਂ ਵੀ ਪੂਰੀਆਂ ਹੁੰਦੀਆਂ ਹਨ ਅਤੇ ਦੁੱਧ ਵੇਚ ਕੇ 3000 ਰੁਪਏ ਪ੍ਰਤੀ ਦਿਨ ਦੀ ਵਾਧੂ ਆਮਦਨ ਹੁੰਦੀ ਹੈ।

ਕਿਸਾਨ ਚੰਦੀ ਨੇ ਖੇਤੀ ਦੇ ਸਹਾਇਕ ਧੰਦਿਆਂ ਵਿੱਚੋਂ ਮਧੂ ਮੱਖੀ ਪਾਲਣ ਨੂੰ ਰੀਝ ਨਾਲ ਅਪਣਾਇਆ ਹੈ। ਆਪਣੇ ਆਸੇ ਪਾਸੇ ਦੇ ਸੂਰਜਮੁਖੀ, ਬਰਸੀਮ, ਸਰੋਂ ਤੇ ਤੋਰੀਆ ਦੇ ਫਸਲ ਉਤਪਾਦਕਾਂ ਨੂੰ ਵੇਖ ਕੇ ਉਨ੍ਹਾਂ ਨੂੰ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਫੁਰਨਾ ਫੁਰਿਆ। ਉਨ੍ਹਾਂ ਨੇ ਮਾਰਚ 1995 ਵਿਚ ਸ਼ਹਿਦ ਦੀਆਂ ਮੱਖੀਆਂ ਪਾਲਣ ਦੀ ਟ੍ਰੇਨਿੰਗ ਲੈ ਕੇ 50 ਬਕਸੇ ਮੱਖੀਆਂ ਦੇ ਖਰੀਦ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ।ਪਹਿਲੇ ਹੀ ਸਾਲ ਉਨ੍ਹਾਂ ਨੇ 350 ਕਿੱਲੋ ਸ਼ਹਿਦ ਪ੍ਰਾਪਤ ਕਰਕੇ ਇਸ ਕੰਮ ਨੂੰ ਹੋਰ ਲਗਨ ਨਾਲ ਕਰਨਾ ਸ਼ੁਰੂ ਕਰ ਦਿੱਤਾ। ਸਾਲ 1996 ਵਿੱਚ ਉਨ੍ਹਾਂ ਨੇ ਸ਼ਹਿਦ ਦੀ ਮਾਰਕੀਟਿੰਗ ਕਰਨ ਲਈ ਆਪਣਾ ਸ਼ਹਿਦ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਮਾਰਕੀਟਿੰਗ ਮਹਿਕਮੇ ਤੋਂ ਐਗਮਾਰਕ ਕਰਵਾ ਲਿਆ ਅਤੇ ਜ਼ਲਾਇਨ ਬ੍ਰਾਂਡ ਹਨੀਜ਼ ਦੇ ਨਾਂ ਹੇਠ ਪੈਕ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਆਧੁਨਿਕ ਪੈਕਿੰਗ ਕਰਨ ਦੀ ਟ੍ਰੇਨਿੰਗ ਲੈ ਕੇ ਆਪਣੇ ਸ਼ਹਿਦ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ 2011 ਵਿੱਚ ਸ਼ਹਿਦ ਪ੍ਰੋਸੈਸਿੰਗ ਇਕਾਈ ਦੀ ਸਥਾਪਨਾ ਕੀਤੀ ਅਤੇ ਉੱਚ ਮਿਆਰ ਦੀ ਪੈਕਿੰਗ ਕਰਕੇ ਆਪਣਾ ਸ਼ਹਿਦ ਵੇਚ ਰਹੇ ਹਨ। ਉਹ ਕਿਸਾਨ ਮੇਲਿਆਂ, ਸੱਭਿਆਚਾਰਕ ਮੇਲਿਆਂ ਅਤੇ ਹੋਰ ਥਾਵਾਂ ਤੇ ਆਪਣੇ ਖੇਤੀ ਉਤਪਾਦਾਂ ਦਾ ਸਟਾਲ ਲਾ ਕੇ ਸ਼ਹਿਦ ਵੇਚਦੇ ਹਨ। ਉਹ ਸ਼ਹਿਦ ਦਾ ਮੰਡੀਕਰਨ ਪ੍ਰੋਗਰੈਸਿਵ ਬੀ-ਕੀਪਰਜ਼ ਐਸੋਸੀਏਸ਼ਨ (ਰਜਿ.) ਰਾਹੀਂ ਦੂਸਰੇ ਰਾਜਾਂ ਅਤੇ ਬਾਹਰਲੇ ਦੇਸ਼ਾਂ ਨੂੰ ਵੀ ਕਰਦੇ ਹਨ। ਮੌਜੂਦਾ ਸਮੇਂ ਵਿੱਚ ਉਹਨਾਂ ਪਾਸ 650 ਮੱਖੀਆਂ ਦੇ ਬਕਸੇ ਹਨ। ਸਾਲ 2002 ਵਿੱਚ ਸੰਗਰੂਰ ਵਿਖੇ ਹੋਏ ਰਾਜ ਪੱਧਰੀ ਸਮਾਗਮ ਵਿੱਚ ਉਸ ਸਮੇਂ ਦੇ ਖੇਤੀ ਮੰਤਰੀ ਚੌਧਰੀ ਅਜੀਤ ਸਿੰਘ ਨੇ ਸਹਿਕਾਰਤਾ ਵਿਭਾਗ ਵੱਲੋਂ ਉੱਦਮੀ ਕਿਸਾਨ ਐਵਾਰਡ ਨਾਲ ਸਨਮਾਨਿਤ ਕੀਤਾ। ਮਾਰਚ 2008 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਕਿਸਾਨ ਮੇਲੇ ’ਤੇ ਮੁੱਖ ਮੰਤਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਰਾਜ ਅਤੇ ਰਾਸ਼ਟਰੀ ਪੱਧਰ ਦੇ ਇਨਾਮ ਪ੍ਰਾਪਤ ਕੀਤੇ। ਪੰਜਾਬ ਵਿੱਚ ਲਗਦੇ ਕਿਸਾਨ ਮੇਲਿਆਂ ਅਤੇ ਪੀ.ਏ.ਯੂ ਵਿਖੇ ਹੁੰਦੇ ਫਸਲਾਂ ਦੇ ਮੁਕਾਬਲਿਆਂ ਵਿੱਚ ਉਹਨਾਂ ਨੇ 52 ਮੁਕਾਬਲੇ ਜਿੱਤੇ ਹਨ। ਪ੍ਰਮੁੱਖ ਤੌਰ ’ਤੇ ਇਨ੍ਹਾਂ ਵਿਚੋਂ ਸ਼ਹਿਦ ਦੀ ਕੁਆਲਿਟੀ ਵਿੱਚ 14 ਵਾਰ ਪਹਿਲਾ ਇਨਾਮ ਮਿਲਣਾ ਫ਼ਖਰ ਵਾਲੀ ਗੱਲ ਹੈ।ਪਿਛਲੇ ਸਾਲਾਂ ਤੋਂ ਜੈਵਿਕ ਖੇਤੀ ਵੀ ਸ਼ੁਰੂ ਕੀਤੀ ਹੋਈ ਹੈ ਜਿਸ ਦੀ ਮੰਡੀ ਵਿਚ ਚੰਗੀ ਕੀਮਤ ਮਿਲ ਜਾਂਦੀ ਹੈ।

*ਐਫ.ਏ.ਐਸ.ਸੀ, ਕਪੂਰਥਲਾ

ਸੰਪਰਕ: 95010-23334