By: punjabi tribune date: 7 september 2017
ਸੁਨਾਮ, 7 ਸਤੰਬਰ-ਖੇਤੀ ਖੋਜ ਸੰਸਥਾ ਨਵੀਂ ਦਿੱਲੀ ਅਤੇ ਪੀਏਯੂ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਵੱਲੋਂ ਪਿੰਡ ਚੱਠੇ ਨੰਨਹੇੜਾ ਵਿੱਚ ਸਹਾਇਕ ਨਿਰਦੇਸ਼ਕ (ਸਿਖਲਾਈ) ਡਾ. ਮਨਦੀਪ ਸਿੰਘ ਦੀ ਅਗਵਾਈ ਹੇਠ ‘ਸੰਕਲਪ ਤੋਂ ਸਿੱਧੀ ਨਿਊ ਇੰਡੀਆ ਮੰਥਨ’ ਤਹਿਤ ਮਨਾਏ ਗਏ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਡਾ. ਗੁਰਮੀਤ ਸਿੰਘ ਬੁੱਟਰ, ਅਪਰ ਨਿਰਦੇਸ਼ਕ ਪਸਾਰ ਸਿੱਖਿਆ, ਪੀਏਯੂ ਲੁਧਿਆਣਾ ਨੇ ਸ਼ਿਰਕਤ ਕੀਤੀ। ਇਸ ਮੌਕੇ ਖੇਤੀ ਵਿਗਿਆਨੀਆਂ ਨੇ ਖੇਤੀ ਰਾਹੀਂ ਨਵੇਂ ਭਾਰਤ ਦੇ ਨਿਰਮਾਣ ਦੀ ਸਹੁੰ ਚੁੱਕੀ ਤੇ ਇਹ ਵੀ ਸਕੰਲਪ ਲਿਆ ਕਿ ਉਹ 2022 ਤੱਕ ਅਜਿਹੇ ਉਪਰਾਲੇ ਕਰਨਗੇ, ਜਿਸ ਨਾਲ ਭਾਰਤੀ ਕਿਸਾਨ ਦੀ ਆਰਥਿਕ ਦਸ਼ਾ ਸੁਧਰ ਸਕੇ।
ਡਾ. ਬੁੱਟਰ ਨੇ ਕਿਸਾਨਾਂ ਨਾਲ ਖੇਤੀ ਖਰਚੇ ਘਟਾਉਣ, ਰਸਾਇਣਕ ਖਾਦਾਂ ਅਤੇ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ, ਪੀਏਯੂ ਵੱਲੋਂ ਸਿਫ਼ਾਰਿਸ ਕੀਤੀਆਂ ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਵੀ ਅਪੀਲ ਕੀਤੀ। ਡਾ. ਮਨਦੀਪ ਸਿੰਘ ਨੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਸੱਤ ਸੂਤਰਾਂ- ਉਤਪਾਦਨ ਵਿੱਚ ਵਾਧਾ, ਖੇਤੀ ਲਾਗਤਾਂ ਵਿੱਚ ਕਟੌਤੀ, ਮਿਆਰੀ ਬੀਜ ਉਤਪਾਦਨ, ਉਪਜ ਦੀ ਗੁਣਵੱਤਾ ਵਿੱਚ ਵਾਧਾ, ਖੇਤੀ ਉਪਜ ਦੇ ਸੁੱਚਜੇ ਮੰਡੀਕਰਨ ਅਤੇ ਖੇਤੀ ਸਹਾਇਕ ਧੰਦਿਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਕੇਵੀਕੇ, ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਕਿਰਤ ਸੈਲਫ਼ ਹੈਲਪ ਗਰੁੱਪ, ਚੱਠਾ ਨੰਨਹੇੜਾ, ਲਦਾਲ ਸੈਲਫ਼ ਹੈਲਪ ਗਰੁੱਪ, ਯੂ-ਯੰਗ ਹਨੀ ਅਤੇ ਗਰੀਨ ਫੋ਼ਰੈਸਟ ਹਨੀ ਅਤੇ ਖਾਲਸਾ ਨਰਸਰੀ ਵੱਲੋਂ ਦਿਲ ਖਿੱਚਵੀਆਂ ਪ੍ਰਦਰਸ਼ਨੀਆਂ ਵੀ ਲਾਈਆਂ ਗਈਆਂ।
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

                                
                                        
                                        
                                        
                                        
 
                            