ਖੇਤੀ ਲਈ ਰਸਾਇਣਾਂ ਦੀ ਦੁਰਵਰਤੋਂ ਕਿਉਂ ?

August 10 2017

By: Punjabi Tribune, August 10, 2017

ਖੇਤੀ ’ਚੋਂ ਵੱਧ ਤੋਂ ਵੱਧ ਮੁਨਾਫ਼ਾ ਕੱਢਣ ਦੀ ਲਾਲਸਾ ਅਧੀਨ ਰਸਾਇਣਾਂ ਦਾ ਦੁਰਉਪਯੋਗ ਹੋ ਰਿਹਾ ਹੈ। ਖੇਤੀ ਮਾਹਿਰਾਂ ਵਲੋਂ ਹਰ ਸਾਲ 25-30 ਦਵਾਈਆਂ ਦੀ ਵਰਤੋਂ ’ਤੇ ਰੋਕ ਲਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਤੇ ਏਨੀਆਂ ਕੁ ਹੀ ਦਵਾਈਆਂ ਦੀ ਵਰਤੋਂ ਲਈ ਸ਼ਰਤਾਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਜੇ ਅਸੀਂ ਇੱਕ ਨਿਸ਼ਚਿਤ ਸੀਮਾ ਤੋਂ ਵੱਧ ਕਿਸਾਨਾਂ ਨੂੰ ਰਸਾਇਣਾਂ ਤੋਂ ਮੁਕਤ ਖੇਤੀ ਦੇ ਰਾਹੇ ਪਾ ਦੇਵਾਂਗੇ ਤਾਂ ਅਨਾਜ ਦਾ ਸੰਕਟ ਉਤਪੰਨ ਹੋਣ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ। ਅੱਜ ਹੀ ਜੇ ਫਸਲਾਂ ਵਿੱਚ ਨਦੀਨ ਨਾਸ਼ਕਾਂ ਦੀ ਵਰਤੋਂ ’ਤੇ ਰੋਕ ਲਗਾ ਦਿੱਤੀ ਜਾਵੇ ਤਾਂ ਫਸਲ ਉਤਪਾਦਨ ਕਰੀਬ 33 ਫੀਸਦੀ ਇਕਦਮ ਘਟ ਸਕਦਾ ਹੈ।

ਇਸ ਵੇਲੇ ਭਾਰਤ ਦੀਆਂ ਬਹੁਤੀਆਂ ਖੇਤੀਬਾੜੀ ਯੂਨੀਵਰਸਿਟੀਆਂ ਤੇ ਖੋਜ ਕੇਂਦਰਾਂ ਅੰਦਰ ਖੇਤੀ ਵਿੱਚ ਰਸਾਇਣਾਂ ਦੀ ਵਰਤੋਂ ਦੇ ਅਜਿਹੇ ਢੰਗ ਤਰੀਕੇ ਵਿਕਸਿਤ ਕੀਤੇ ਜਾ ਰਹੇ ਹਨ ਜਿਨ੍ਹਾਂ ਨਾਲ਼ ਬਨਸਪਤੀ, ਮਿੱਤਰ ਕੀੜਿਆਂ, ਮਿੱਤਰ ਪੰਛੀਆਂ ਰਾਹੀਂ ਫਸਲਾਂ ਦੇ ਦੁਸ਼ਮਣ ਕੀੜਿਆਂ ਦੇ ਵਿਨਾਸ਼ ਦੀਆਂ ਸੰਭਾਵਨਾਵਾਂ ਤਲਾਸ਼ ਕੀਤੀਆਂ ਜਾ ਰਹੀਆਂ ਹਨ। ਫਲਾਂ ਤੇ ਸਬਜ਼ੀਆਂ ਵਿੱਚ ਸਭ ਤੋ ਵੱਧ ਕੀਟ ਨਾਸ਼ਕ ਫਰੂਟ ਫਲਾਈ ਨੂੰ ਫਲਾਂ ਵਿੱਚ ਆਪਣੇ ਬੱਚੇ ਪਾਲਣ ਤੋ ਰੋਕਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਇੱਕ ਫਰੂਟ ਫਲਾਈ ਟਰੈਪ ਵਿਕਸਿਤ ਕੀਤਾ ਗਿਆ ਹੈ। ਇੱਕ ਸਾਧਾਰਨ ਬੋਤਲ ਵਿੱਚ ਮਾਦਾ ਮੱਖੀ (ਫਰੂਟ ਫਲਾਈ) ਦੀ ਮਹਿਕ ਨਾਲ਼ ਨਰ ਮੱਖੀ ਨੂੰ ਆਕਰਸ਼ਿਤ ਕਰ ਕੇ ਫੜ ਲੈਂਦਾ ਹੈ ਤੇ ਮਾਦਾ ਮੱਖੀਆਂ ਬਾਂਝ ਹੋ ਜਾਂਦੀਆਂ ਹਨ ਤੇ ਫਲਾਂ ਵਿਚ ਸੁੰਡੀਆਂ ਦੇਣ ਦੇ ਸਮਰੱਥ ਨਹੀਂ ਰਹਿੰਦੀਆਂ।

ਅਜਿਹੇ ਪਰਤਾਵੇ ਸਬਜ਼ੀਆਂ ਵਾਸਤੇ ਵੀ ਕੀਤੇ ਜਾ ਰਹੇ ਹਨ। ਕਿਉਂਕਿ ਫਲਾਂ ਤੇ ਸਬਜ਼ੀਆਂ ਵਿੱਚ ਬੱਚੇ ਪਾਲਣ ਲਈ ਇਸ ਮੱਖੀ ਨੂੰ ਸਭ ਤੋਂ ਢੁੱਕਵਾਂ ਥਾਂ ਲੱਗਦਾ ਹੈ, ਇੱਥੇ ਬੱਚੇ (ਸੁੰਡੀਆਂ) ਲਈ ਅਨੁਕੂਲ ਵਾਤਾਵਰਨ ਤੇ ਲੋੜੀਂਦੇ ਵਿਟਾਮਿਨ ਤੇ ਪ੍ਰੋਟੀਨ ਮਿਲਦੀ ਰਹਿੰਦੀ ਹੈ। ਪਹਿਲਾਂ ਇਹ ਮੱਖੀ ਕਰੇਲਿਆਂ ਵਰਗੀਆਂ ਕੌੜੀਆਂ ਸਬਜ਼ੀਆਂ ਵਿੱਚ ਬੱਚੇ ਨਹੀਂ ਸੀ ਪਾਲਦੀ ਪਰ ਹੁਣ ਤਾਂ ਇਹ ਮਿਰਚਾਂ ਵਿੱਚ ਵੀ ਸੁੰਡੀਆਂ ਪਾਲਣ ਲੱਗ ਪਈ ਹੈ। ਇਹ ਮੱਖੀ ਆਪਣੇ ਬੱਚੇ ਪਾਲਣ ਲਈ ਫਲਾਂ ਵਿੱਚੋਂ ਸਭ ਤੋਂ ਵੱਧ ਅਮਰੂਦ ਦੇ ਫਲ਼ ਨੂੰ ਪਸੰਦ ਕਰਦੀ ਹੈ। ਪੀਏਯੂ ਦੇ ਫਰੂਟ ਸਾਇੰਸ ਦੇ ਮਾਹਿਰਾਂ ਦੀ ਇੱਕ ਨਵੀਂ ਖੋਜ ਅਨੁਸਾਰ ਮਈ ਦੇ ਦਿਨਾਂ ’ਚ ਅਮਰੂਦ ਦੇ ਉੱਚੇ ਟਾਹਣ ਕੱਟ ਦਿੱਤੇ ਜਾਣ ਤੇ ਇਨ੍ਹਾਂ ਉੱਪਰ ਜਿਹੜੀਆਂ ਨਵੀਆਂ ਸ਼ਾਖਾਵਾਂ ਨਿਕਲ਼ਣਗੀਆਂ, ਉਨ੍ਹਾਂ ਨੂੰ ਅੱਧ ਅਗਸਤ ਵਿੱਚ ਟੀਸੀ ਤੋਂ ਛੇ-ਛੇ ਇੰਚ ਕੱਟ ਕੇ ਅਗੇਤੇ ਫੁੱਲ ਰੋਕ ਦਿੱਤੇ ਜਾਣ ਤਾਂ ਫੇਰ ਅਕਤੂਬਰ ਵਿੱਚ ਫਲਾਂ ਤੋਂ ਸਰਦੀ ਵਿੱਚ ਅਮਰੂਦ ਨੂੰ ਫਲ਼ ਪੈਣਗੇ ਤੇ ਉਦੋਂ ਫਰੂਟ ਫਲਾਈ ਦਾ ਬੱਚੇ ਪਾਲਣ ਦਾ ਕੰਮ ਬੰਦ ਹੋ ਜਾਂਦਾ ਹੈ।

ਖੇਤੀ ਵਿੱਚ ਰਸਾਇਣਾਂ ਦੀ ਵਰਤੋ ਲਈ ਸਿਫਾਰਿਸ਼ਾਂ ਕਰਨ ਵਾਲੇ ਖੇਤੀ ਵਿਗਿਆਨੀਆਂ ਨੂੰ ਕੁਦਰਤੀ ਖੇਤੀ ਦੇ ਸਮਰਥਕ ਸਭ ਤੋਂ ਜ਼ਿਆਦਾ ਭੰਡਦੇ ਹਨ। ਪਰ ਕਦੇ ਵਪਾਰੀਆਂ ’ਤੇ ਇਤਰਾਜ਼ ਦੀ ਉਂਗਲ ਨਹੀਂ ਧਰਦੇ ਜਿਹੜੇ ਖੇਤਾਂ ’ਚੋਂ ਗਈਆਂ ਸਾਫ਼-ਸੁਥਰੀਆਂ ਦਾਲ਼ਾਂ ਨੂੰ ਖੂਬਸੂਰਤ ਤੇ ਆਕਰਸ਼ਿਤ ਰੂਪ ਦੇਣ ਲਈ ਜ਼ਹਿਰ ਭਰੇ ਰੰਗਾਂ ਨਾਲ ਪਾਲਿਸ਼ ਕਰਦੇ ਹਨ। ਹਲਦੀ ਪੀਹਣ ਵੇਲੇ ਇਸ ਵਿੱਚ ਮਾਰੂ ਸਮੱਗਰੀ ਦੀ ਮਿਲਾਵਟ ਕਰਦੇ ਹਨ। ਵੱਖ-ਵੱਖ ਕੱਚੇ ਫਲਾਂ ਨੂੰ ਕਾਰਬਾਈਡ ਵਰਗੇ ਖ਼ਤਰਨਾਕ ਰਸਾਇਣਾਂ ਨਾਲ਼ ਪਕਾਇਆ ਜਾਂਦਾ ਹੈ।

ਕੁਦਰਤੀ ਖੇਤੀ ਦੇ ਸਮਰਥਕ ਵਪਾਰੀਆਂ ’ਤੇ ਵੀ ਕੋਈ ਕਿੰਤੂ ਨਹੀਂ ਕਰਦੇ ਜਿਹੜੇ ਖੇਤਾਂ ਵਿੱਚੋਂ ਗਏ ਸਾਫ-ਸੁਥਰੇ ਬੈਂਗਣਾਂ ਨੂੰ ਮੈਲਥੀਐਨ ਕੀਟ ਨਾਸ਼ਕ ਵਿੱਚ ਇਹ ਸੋਚ ਕੇ ਧੋਂਦੇ ਹਨ ਕਿ ਇਉਂ ਉਨ੍ਹਾਂ ’ਤੇ ਚਮਕ ਆਉਂਦੀ ਹੈ। ਅਦਰਕ ਨੂੰ ਕਲੀਨ ਸੇਵਿਰ ਵਿੱਚ ਧੋਂਦੇ ਹਨ। ਕੁਦਰਤੀ ਖੇਤੀ ਦੇ ਸਮਰਥਕ ਖਪਤਕਾਰਾਂ ਨੂੰ ਇਹ ਵੀ ਨਹੀਂ ਸਮਝਾਉਂਦੇ ਕਿ ਕਿਸੇ ਵੀ ਜਿਣਸ ’ਚੋਂ ਪ੍ਰਦੂਸ਼ਣ ਦੀ ਪਰਖ਼ ਕਰਨ ਲਈ ਸਾਡੇ ਕੋਲ਼ ਪ੍ਰਯੋਗਸ਼ਾਲਾ ਨਹੀਂ ਹੈ। ਟੈਸਟ ਵੀ ਬਹੁਤ ਮਹਿੰਗੇ ਹਨ। ਤੁਸੀਂ ਪਾਲਿਸ਼ ਮੁਕਤ ਦਾਲ਼ਾਂ ਵਰਤੋ ਤੇ ਮੱਖੀ ਦੇ ਡੰਗ ਵਾਲੇ ਤੇ ਸੁੰਡੀ ਲੱਗੇ ਫ਼ਲ, ਸਬਜ਼ੀ ਦਾ ਦਾਗ਼ੀ ਪਾਸਾ ਕੱਟ ਕੇ ਬਾਕੀ ਵਰਤੋ। ਬਿਲਕੁਲ ਸੁੰਦਰ ਚਮੜੀ ਵਾਲਾ ਫਲ਼ ਤੇ ਸਬਜ਼ੀ ਵਰਤਣ ਵੇਲੇ ਜ਼ਰਾ ਸੋਚੋ! ਜਿਹੜੀਆਂ ਬਹੁਤੀਆਂ ਖੇਤੀ ਜਿਣਸਾਂ ਔਰਗੈਨਿਕ ਸਮੱਗਰੀ ਦੇ ਨਾਮ ’ਤੇ ਧੜਾਧੜ ਵਿਕ ਰਹੀਆਂ ਹਨ, ਸਮਾਜ ਵਿੱਚ ਛਾਈ ਅਨੈਤਿਕਤਾ ਕਰਕੇ ਅਜੇ ਤਾਂ ਉਨ੍ਹਾਂ ’ਤੇ ਵੀ ਵਿਸ਼ਵਾਸ ਕਰਨਾ ਮੁਸ਼ਕਿਲ ਹੈ।

ਸੰਪਰਕ: 94632- 33991

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।