By: Ajit Date: 9 August 2017
ਨਵੀਂ ਦਿੱਲੀ, 9 ਅਗਸਤ -ਵਿੱਤੀ ਸੰਕਟਾਂ ਨਾਲ ਜੂਝ ਰਹੇ ਪੰਜਾਬ ਸੂਬੇ ਦੀਆਂ ਦਿੱਕਤਾਂ ਦੇ ਹੱਲ ਲਈ ਕੇਂਦਰ ਤੋਂ ਮਦਦ ਦੀ ਮੰਗ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ | ਕੈਪਟਨ ਨੇ ਕੇਂਦਰ ਸਰਕਾਰ ਨੂੰ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧ ਐਕਟ 2003 'ਚ ਢਿੱਲ ਦੇਣ ਅਤੇ ਕਰਜ਼ਾ ਹੱਦ ਵਧਾਉਣ ਦੀ ਅਪੀਲ ਕੀਤੀ, ਤਾਂ ਜੋ ਸੂਬਾ ਸਰਕਾਰ ਖੇਤੀ ਕਰਜ਼ਾ ਮੁਆਫ਼ੀ ਬਾਰੇ ਆਪਣੀ ਵਚਨਬੱਧਤਾ ਪੂਰੀ ਕਰ ਸਕੇ | ਮੁੱਖ ਮੰਤਰੀ ਨੇ ਇਸ ਸਬੰਧ 'ਚ 10,000 ਕਰੋੜ ਰੁਪਏ ਤੱਕ ਕਰਜ਼ਾ ਹੱਦ ਵਧਾਉਣ ਦੀ ਮੰਗ ਕੀਤੀ | ਦੱਸਣਯੋਗ ਹੈ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਦੇ ਵਾਅਦੇ 'ਤੇ ਸੱਤਾ 'ਚ ਆਈ ਕਾਂਗਰਸ ਨੂੰ ਇਸ ਚੁਣਾਵੀ ਵਾਅਦੇ ਨੂੰ ਪੂਰਾ ਕਰਨ 'ਚ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਵੱਲੋਂ ਚੋਣਾਂ ਤੋਂ ਬਾਅਦ ਕਰਜ਼ਾ ਮੁਆਫ਼ੀ ਦਾ ਐਲਾਨ ਕਰਨ ਦੇ ਦਬਾਅ ਕਾਰਨ ਕੈਪਟਨ ਨੇ ਛੋਟੇ ਤੇ ਦਰਮਿਆਨੇ ਕਿਸਾਨਾਂ ਲਈ ਦੋ ਲੱਖ ਰੁਪਏ ਤੱਕ ਦਾ ਫ਼ਸਲੀ ਕਰਜ਼ਾ ਮੁਆਫ਼ ਕੀਤਾ, ਜਿਸ ਤੋਂ ਸਵਾ ਦਸ ਲੱਖ ਕਿਸਾਨ
ਪਰਿਵਾਰਾਂ ਨੂੰ ਫਾਇਦਾ ਹੋਵੇਗਾ | ਐਲਾਨ ਨੂੰ ਹਕੀਕੀ ਰੂਪ 'ਚ ਲਾਗੂ ਕਰਨ ਲਈ ਸੂਬਾ ਸਰਕਾਰ ਨੂੰ 9500 ਕਰੋੜ ਰੁਪਏ ਦੀ ਲੋੜ ਹੈ, ਜਦਕਿ ਮੌਜੂਦਾ ਸਾਲਾਨਾ ਕਰਜ਼ੇ ਦੀ ਹੱਦ ਕੁੱਲ ਸੂਬਾਈ ਘਰੇਲੂ ਉਤਪਾਦ ਦੀ 3 ਫੀਸਦੀ ਹੈ, ਜੋ 12,819 ਕਰੋੜ ਬਣਦਾ ਹੈ | ਸੂਬੇ ਦੇ ਮਾਲੀਏ ਅਤੇ ਖਰਚੇ 'ਚ ਤਕਰੀਬਨ 10,273 ਕਰੋੜ ਦਾ ਪਾੜਾ ਰਹਿ ਜਾਂਦਾ ਹੈ | ਕੇਂਦਰ ਸਰਕਾਰ ਵੱਲੋਂ ਇਹ ਵਾਰ-ਵਾਰ ਦੁਹਰਾਇਆ ਗਿਆ ਹੈ ਕਿ ਸੂਬਿਆਂ ਨੂੰ ਕਰਜ਼ਾ ਮੁਆਫ਼ੀ ਦਾ ਐਲਾਨ ਆਪਣੇ ਵਸੀਲਿਆਂ ਤੋਂ ਹੀ ਪੂਰਾ ਕਰਨਾ ਹੋਵੇਗਾ | 'ਖਾਲੀ ਖਜ਼ਾਨੇ' ਮਿਲਣ ਦਾ ਦਾਅਵਾ ਕਰਨ ਵਾਲੀ ਕਾਂਗਰਸ ਸਰਕਾਰ ਦੀ ਆਸ ਕਰਜ਼ਾ ਮੁਆਫ਼ੀ ਸਕੀਮ ਦੇ ਫੰਡਾਂ ਲਈ ਵਾਧੂ ਕਰਜ਼ੇ ਦੇ ਵਿਕਲਪ 'ਤੇ ਟਿਕੀ ਹੋਈ ਹੈ, ਪਰ ਕੇਂਦਰ ਵੱਲੋਂ ਹਾਲੇ ਵੀ ਕੋਈ ਭਰੋਸਾ ਜ਼ਾਹਰ ਨਹੀਂ ਕੀਤਾ ਗਿਆ|
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।