ਕਿਸਾਨਾਂ ਵੱਲੋਂ ਮੀਂਹ ਦਾ ਵਾਧੂ ਪਾਣੀ ਜ਼ਮੀਨ ਹੇਠਾਂ ਰੀਚਾਰਜ ਕਰਨਾ ਸ਼ਲਾਘਾਯੋਗ ਕਦਮ

August 08 2017

By: Ajit Date: 8 August 2017

ਇਸ ਮੌਨਸੂਨ ਸੀਜ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਭਰ 'ਚ ਪਈ ਮੋਹਲੇਧਾਰ ਬਾਰਿਸ਼ ਸਦਕਾ ਕਿਸਾਨਾਂ ਵੱਲੋਂ ਸੱਜਰੇ ਲਗਾਏ ਝੋਨੇ ਦੇ ਸੈਂਕੜੇ/ਹਜ਼ਾਰਾਂ ਏਕੜ ਖੇਤਾਂ 'ਚ ਦੋ-ਦੋ, ਤਿੰਨ-ਤਿੰਨ ਫੁੱਟ ਪਾਣੀ ਖੜ੍ਹ ਗਿਆ। ਆਰਥਿਕ ਮੰਦਹਾਲੀ ਦੇ ਝੰਬੇ ਕਿਸਾਨਾਂ ਨੇ ਤਾਂ ਪਤਾ ਨਹੀਂ ਕਿਵੇਂ ਪਨੀਰੀ ਬੀਜਣ, ਝੋਨਾ ਲਾਉਣ, ਦਵਾਈਆਂ, ਖਾਦਾਂ ਦੇ ਅੱਬੜ੍ਹਵਾਹੇ ਖਰਚੇ ਭਰੇ ਸੀ, ਉਪਰੋਂ ਸਿਰ 'ਤੇ ਲਟਕ ਰਹੀ ਤਿੱਖੀ ਤਲਵਾਰ ਜਿਹਾ ਡਰ ਕਿ ਜੇ ਹੋਰ ਇਕ-ਦੋ ਦਿਨ ਝੋਨੇ ਦੇ ਪੌਦੇ ਪਾਣੀ ਤੋਂ ਨੰਗੇ ਨਾ ਹੋਏ ਤਾਂ ਝੋਨਾ ਮਰਨਾ ਯਕੀਨੀ ਹੋਵੇਗਾ। ਪਰ ਕਿਸਾਨਾਂ ਨੇ ਹਿੰਮਤ ਤੋਂ ਕੰਮ ਲੈਂਦਿਆਂ ਵਾਧੂ ਪਾਣੀ ਨੂੰ ਖੇਤੋਂ ਬਾਹਰ ਕੱਢਣ ਲਈ ਆਪਣੇ ਤੌਰ 'ਤੇ ਦੇਸੀ ਜੁਗਾੜ ਲਗਾਉਣੇ ਸ਼ੁਰੂ ਕਰ ਦਿੱਤੇ। ਕੁਝ ਕਿਸਾਨਾਂ ਨੇ ਟਰੈਕਟਰ, ਇੰਜਣ ਪੰਪਾਂ ਨਾਲ ਵਾਧੂ ਪਾਣੀ ਨਜ਼ਦੀਕੀ ਨਹਿਰਾਂ, ਸੂਇਆਂ 'ਚ ਪਾਇਆ ਅਤੇ ਕੁਝ ਨੇ ਖਾਲੀ ਪਏ ਖੇਤਾਂ ਵਿਚ ਪਾਣੀ ਤੋਰਿਆ। ਪਰ ਇਸ ਸਮੇਂ ਕਿਸਾਨਾਂ ਵੱਲੋਂ ਅਪਣਾਏ ਇਕ ਨਵੀਂ ਕਿਸਮ ਦੇ ਦੇਸੀ ਜੁਗਾੜ ਦਾ ਜ਼ਿਕਰ ਕਰਨਾ ਜ਼ਰੂਰੀ ਬਣਦਾ ਹੈ, ਉਹ ਹੈ ਆਪਣੇ ਖੇਤਾਂ 'ਚ ਲੱਗੀਆਂ ਸਬਮਰਸੀਬਲ ਮੋਟਰਾਂ, ਬੋਰਾਂ ਰਾਹੀਂ ਵਾਧੂ ਪਾਣੀ ਨੂੰ ਜ਼ਮੀਨ 'ਚ ਰੀਚਾਰਜ ਕਰਨ ਦੇ ਤਰੀਕੇ ਬਾਰੇ। ਕੋਟ ਈਸੇ ਖਾਂ ਦੇ ਨਜ਼ਦੀਕ ਪਿੰਡ ਰਾਮਗੜ੍ਹ, ਮੂਸੇਵਾਲਾ, ਢੋਲੇਵਾਲਾ ਦੇ ਉਦਮੀ ਕਿਸਾਨਾਂ ਨੇ ਹੋਰਨਾਂ ਕਿਸਾਨਾਂ, ਲੋਕਾਂ ਨੂੰ ਮੌਕਾ ਵਿਖਾਉਂਦਿਆਂ ਦੱਸਿਆ ਕਿ ਮੱਛੀ ਮੋਟਰ ਦੇ ਡਿਲੀਵਰੀ ਪਾਈਪ ਮੂਹਰੇ ਪਲਾਸਟਿਕ ਦਾ ਸਪਰਿੰਗਦਾਰ ਆਰਜ਼ੀ ਪਾਈਪ ਲਗਾ ਕੇ ਉਸ ਦੇ ਬਾਹਰਲੇ ਸਿਰੇ ਨੂੰ ਖੜ੍ਹੇ ਪਾਣੀ 'ਚ ਡੁਬੋ, ਇਕ ਦੋ ਮਿੰਟ ਮੋਟਰ ਚਲਾ ਅਤੇ ਫਿਰ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਫੌਰਨ ਹੀ ਹਵਾ ਦੇ ਦਬਾਅ ਸਦਕਾ ਬਿਨਾਂ ਬਿਜਲੀ ਦੀ ਸਹਾਇਤਾ ਪਾਣੀ ਆਪਣੇ-ਆਪ ਹੀ ਲਗਾਤਾਰ ਬੋਰ ਪਾਈਪ ਵਿਚ ਜਾਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰੀਕੇ ਅਸੀਂ ਬਿਨਾਂ ਬਿਜਲੀ ਖਪਤ, ਬਿਨਾਂ ਕਿਸੇ ਖਰਚੇ ਜਿਥੇ ਆਪਣੀ ਫਸਲ ਨੂੰ ਮਰਨ ਤੋਂ ਬਚਾਇਆ ਉਥੇ ਹੀ ਸਮੇਂ ਦੀ ਮੁੱਖ ਮੰਗ ਅਨੁਸਾਰ ਮੀਂਹ ਦੇ ਫਾਲਤੂ ਪਾਣੀ ਨੂੰ ਧਰਤੀ ਦੀ ਕੁੱਖ 'ਚ ਰੀਚਾਰਜ ਵੀ ਕੀਤਾ ਹੈ। ਸੋ, ਇਨ੍ਹਾਂ ਉਦਮੀ ਕਿਸਾਨਾਂ ਦੀ ਦੇਸੀ ਜੁਗਾੜ 'ਨਾਲੇ ਪੁੰਨ ਨਾਲੇ ਫਲੀਆਂ' ਵਾਲੀ ਜ਼ਮੀਨੀ ਪਾਣੀ ਭੰਡਾਰਨ 'ਚ ਯੋਗਦਾਨ ਪਾਉਣ ਵਾਲੀ ਸੋਚ ਨੂੰ ਸਲਾਮ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।