ਲੁਧਿਆਣਾ 23 ਅਗਸਤ-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਦੀ ਸੀਨੀਅਰ ਰਿਸਰਚ ਫੈਲੋ ਮਿਸ ਗੁਰਲਾਜ਼ ਕੌਰ ਨੂੰ ਅਮਰੀਕਾ ਦੀ ਨੇਵਾਦਾ ਯੂਨੀਵਰਸਿਟੀ ਵਿੱਚ ਸੈਲ ਅਤੇ ਮੌਲੀਕਿਊਲਰ ਬਾਇਓਲੌਜੀ ਵਿੱਚ ਪੀਐਚਡੀ ਲਈ ਚੁਣਿਆ ਗਿਆ ਹੈ । 2017 ਤੋਂ ਸ਼ੁਰੂ ਹੋਣ ਵਾਲੇ ਇਸ ਗ੍ਰੈਜੂਏਟ ਰਿਸਰਚ ਅਸਿਸਟੈਂਟਸ਼ਿਪ ਦੌਰਾਨ ਉਸ ਨੂੰ ਹਰ ਸਾਲ ਅਮਰੀਕਨ 25000 ਡਾਲਰ ਮਿਲਣਗੇ ਅਤੇ ਇਸ ਲਈ ਕੋਈ ਟਿਊਸ਼ਨ ਫੀਸ ਨਹੀਂ ਦੇਣੀ ਪਵੇਗੀ । ਇਸ ਦੇ ਨਾਲ ਹੀ ਯੂਨੀਵਰਸਿਟੀ ਵੱਲੋਂ ਉਸ ਦਾ ਸਿਹਤ ਬੀਮਾ ਕਰਵਾਇਆ ਜਾਵੇਗਾ । ਆਪਣੇ ਇਸ ਕੋਰਸ ਦੌਰਾਨ ਉਹ ਕੀਟਾਂ ਦੇ ਨਿਊਰੋਹਾਰਮੋਨਲ ਸਿਗਨਲ ਉਪਰ ਕੰਮ ਕਰੇਗੀ ਜਿਸ ਦਾ ਖੇਤੀ ਪੱਖੋਂ ਵਿਸ਼ੇਸ਼ ਮਹੱਤਵ ਹੋਵੇਗਾ । ਕੀੜੇ-ਮਕੌੜਿਆਂ ਦੇ ਪ੍ਰਬੰਧ ਲਈ ਨਿਊਰੋਪੈਪਟਾਈਡ ਐਫ ਦੇ ਨੁਕਤੇ ਤੋਂ ਨੋਵੇਲ ਕਮਿਸਟਰੀਜ਼ ਦੀ ਪਰਖ ਵੀ ਕਰੇਗੀ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਡੀਨ ਪੋਸਟਗ੍ਰੈਜੂਏਟ ਸਟੱਡੀਜ਼ ਡਾ. ਨੀਲਮ ਗਰੇਵਾਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਐਸ. ਐਸ. ਕੁੱਕਲ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪੀ.ਕੇ. ਛੁਨੇਜਾ ਨੇ ਪੀਏਯੂ ਦੀ ਇਸ ਵਿਦਿਆਰਥਣ ਦੀ ਮਾਣਮੱਤੀ ਪ੍ਰਾਪਤੀ ਉਪਰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭ-ਕਾਮਨਾਵਾਂ ਵੀ ਦਿੱਤੀਆਂ ।
ਮਿਸ ਗੁਰਲਾਜ਼ ਨੇ ਬੀ.ਐਸ.ਸੀ. ਖੇਤੀਬਾੜੀ (ਆਨਰਜ਼) ਤੋਂ ਮਗਰੋਂ ਪੀਏਯੂ ਵਿੱਚ ਕੀਟ ਵਿਗਿਆਨ ਦੀ ਐਮ.ਐਸ.ਸੀ. ਕੀਤੀ ਹੈ । ਇਸ ਤੋਂ ਪਹਿਲਾਂ ਉਹ ਆਪਣੀ ਕਲਾਸ ਵਿਚੋਂ ਬੇਹਤਰੀਨ ਕੀਟ ਵਿਗਿਆਨੀ ਵਿਦਿਆਰਥਣ ਹੋਣ ਦੇ ਨਾਤੇ ਡਾ. ਗੁਰਮੇਲ ਸਿੰਘ ਧਾਲੀਵਾਲ ਗੋਲਡ ਮੈਡਲ ਵੀ ਪ੍ਰਾਪਤ ਕਰ ਚੁੱਕੀ ਹੈ । ਕੌਮਾਂਤਰੀ ਪੱਧਰ ਤੇ ਪੋਸਟਰ ਦੀ ਪੇਸ਼ਕਾਰੀ ਲਈ ਦੋ ਐਵਾਰਡ ਜਿੱਤ ਚੁੱਕੀ ਹੈ ਅਤੇ ਭਾਰਤੀ ਫੀਲਡ ਫਰੈਸ਼ ਪ੍ਰਾਈਵੇਟ ਫੂਡਜ਼ ਲਿਮਟਿਡ ਵੱਲੋਂ ਆਪਣੀ ਐਮ.ਐਸ.ਸੀ. ਦੌਰਾਨ ਖੋਜ ਫੈਲੋਸ਼ਿਪ ਵੀ ਲੈ ਚੁੱਕੀ ਹੈ । ਹੁਣ ਤੱਕ ਖੋਜ ਪੱਤਰ, ਮੋਨੋਗਰਾਫ ਅਤੇ ਛੋਟੇ ਲੇਖਾਂ ਨੂੰ ਮਿਲਾ ਕੇ ਉਸ ਦੇ ਕੁੱਲ 13 ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ ।