Five districts selected to promote the Beetle breed of goats

February 23 2019

This content is currently available only in Punjabi language.

ਦੇਸ਼ ਨੂੰ ਖ਼ੁਰਾਕ ਪੱਖੋਂ ਸੁਰੱਖਿਅਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀ ਸਹਾਇਕ ਧੰਦੇ ਵਜੋਂ ਬੱਕਰੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਵਲੋਂ ਰਾਸ਼ਟਰੀ ਲਾਈਵ ਸਟਾਕ ਮਿਸ਼ਨ ਤਹਿਤ ਸ਼ੁਰੂ ਕੀਤੇ ਜੈਨੇਟਿਕ ਇੰਪਰੂਵਮੈਂਟ ਆਫ਼ ਗੋਟ ਥਰੂ ਸਿਲੈਕਟਿਵ ਬਰੀਡਿੰਗ ਪ੍ਰੋਗਰਾਮ ਅਧੀਨ ਪੰਜਾਬ ਸਰਕਾਰ ਨੇ ਸੰਗਰੂਰ ਸਮੇਤ ਪੰਜਾਬ ਦੇ ਪੰਜ ਜਿਲ੍ਹਿਆਂ ਦੀ ਚੋਣ ਕੀਤੀ ਹੈ | ਇਸ ਪ੍ਰੋਜੈਕਟ ਲਈ ਚੁਣੇ ਗਏ ਜਿਲ੍ਹਿਆਂ ਚ ਸੰਗਰੂਰ ਦੇ ਨਾਲ ਸ੍ਰੀ ਮੁਕਤਸਰ ਸਾਹਿਬ, ਪਠਾਨਕੋਟ, ਬਠਿੰਡਾ ਤੇ ਮਾਨਸਾ ਜ਼ਿਲ੍ਹੇ ਸ਼ਾਮਿਲ ਕੀਤੇ ਗਏ ਹਨ | ਇਨ੍ਹਾਂ ਜਿਲ੍ਹਿਆਂ ਚੋਂ ਬੀਟਲ ਨਸਲ ਦੀਆਂ ਕਾਲੀਆਂ ਬੱਕਰੀਆਂ ਦੀ ਚੋਣ ਕਰਕੇ ਵਿਗਿਆਨਕ ਢੰਗ ਨਾਲ ਨਸਲ ਸੁਧਾਰ ਦੀ ਇਕ ਵਿਸ਼ਾਲ ਮੁਹਿੰਮ ਅਰੰਭ ਕਰਨ ਲਈ ਪਸ਼ੂ ਪਾਲਣ ਵਿਭਾਗ ਨੇ ਪੂਰੀ ਤਿਆਰੀ ਕਰ ਲਈ ਹੈ | ਪੰਜਾਬ ਅੰਦਰ ਪਸ਼ੂ ਪਾਲਣ ਕਿੱਤੇ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਦਾ ਸਬੱਬ ਬਣਨ ਵਾਲਾ ਇਹ ਬਹੁ ਮੰਤਵੀ ਪ੍ਰੋਜੈਕਟ ਸਨਿੱਚਰਵਾਰ ਨੂੰ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਵਲੋਂ ਬਠਿੰਡਾ ਤੋਂ ਬਾਕਾਇਦਾ ਉਦਘਾਟਨ ਕਰਕੇ ਸ਼ੁਰੂ ਕਰ ਦਿੱਤਾ ਗਿਆ ਹੈ | ਭਵਿੱਖ ਚ ਰਾਜ ਦੀਆਂ ਦੁੱਧ ਅਤੇ ਮੀਟ ਲੋੜਾਂ ਪੂਰੀਆਂ ਕਰਨ ਵਾਲੇ ਇਸ ਬਹੁ ਮੰਤਵੀ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਸੰਗਰੂਰ ਦੇ ਡਿਪਟੀ ਡਾਇਰੈਕਟਰ ਡਾ. ਕਿ੍ਸ਼ਨ ਗੋਪਾਲ ਗੋਇਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਜ਼ਿਲ੍ਹਾ ਸੰਗਰੂਰ ਚੋਂ ਬੀਟਲ ਨਸਲ ਦੀਆਂ 510 ਕਾਲੀਆਂ ਬੱਕਰੀਆਂ ਦੀ ਚੋਣ ਕਰਕੇ ਬਾਕਾਇਦਾ ਰਜਿਸਟਰਡ ਕੀਤੀਆਂ ਜਾਣਗੀਆਂ ਅਤੇ ਰਜਿਸਟਰਡ 30 ਬੱਕਰੀਆਂ ਦੇ ਇੱਜੜ ਲਈ ਪਸ਼ੂ ਪਾਲਣ ਵਿਭਾਗ ਵਲੋਂ ਇਕ ਬੋਕ (ਸਾਹਨ ਬੱਕਰਾ) ਮੁਫ਼ਤ ਦਿੱਤਾ ਜਾਵੇਗਾ | ਉਨ੍ਹਾਂ ਬੱਕਰੀ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਅਰੰਭੇ ਇਸ ਵਿਲੱਖਣ ਪ੍ਰੋਜੈਕਟ ਦਾ ਲਾਭ ਉਠਾਉਣ ਲਈ ਪਸ਼ੂ ਪਾਲਣ ਵਿਭਾਗ ਦੀਆਂ ਪਸ਼ੂ ਸੰਸਥਾਵਾਂ ਨਾਲ ਸੰਪਰਕ ਕਰਨ |

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ:  Ajit