Even if cow does not give 1 rupee milk, it is useful for farmers

March 05 2019

This content is currently available only in Punjabi language.

ਗਾਂ ਅਤੇ ਗਊਵੰਸ਼ ਦੀ ਉਪਯੋਗਿਤਾ ਤੇ ਇੰਸਟੀਚਿਊਟ ਆਫ ਵੈਟਰਨਰੀ ਰਿਸਰਚ ਆਫ ਇੰਡੀਆ (ਆਈ. ਵੀ. ਆਰ. ਆਈ.) ਬਰੇਲੀ ਦੇ ਪਸ਼ੂ ਜੈਨੇਟਿਕ ਵਿਭਾਗ ਦੇ ਪ੍ਰਧਾਨ ਵਿਗਿਆਨੀ ਡਾ. ਰਣਵੀਰ ਸਿੰਘ ਕਹਿੰਦੇ ਹਨ ਕਿ ਜੋ ਗਾਂ ਇਕ ਵੀ ਰੁਪਏ ਦਾ ਦੁੱਧ ਨਾ ਦੇ ਰਹੀ ਹੋਵੇ, ਉਸ ਤੋਂ ਵੀ ਜੈਵਿਕ ਖਾਦ (ਵਰਮੀ ਕੰਪੋਸਟ) ਆਦਿ ਬਣਾ ਕੇ 20 ਹਜ਼ਾਰ ਰੁਪਏ ਤਕ ਕਮਾਏ ਜਾ ਸਕਦੇ ਹਨ। ਡੀ. ਏ. ਪੀ.-ਯੂਰੀਆ, ਰਸਾਇਣਿਕ ਕੀਟਨਾਸ਼ਕਾਂ ਨਾਲ ਸਾਡੀ ਜ਼ਮੀਨ ਖਰਾਬ ਹੋ ਗਈ ਹੈ ਅਤੇ ਇਸ ਨੂੰ ਠੀਕ ਕਰਨ ਲਈ ਗਾਂ, ਗੰਡੋਏ ਅਤੇ ਸੂਖਮਜੀਵੀ ਤੋਂ ਚੰਗਾ ਕੁਝ ਨਹੀਂ ਹੋ ਸਕਦਾ। ਗਾਂ ਦੀ ਉਪਯੋਗਿਤਾ ਸਮਝਣ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਗਾਂ ਕਿਸਾਨ ਤੋਂ ਲੈਂਦੀ ਕੀ ਹੈ? ਅਤੇ ਬਦਲੇ ਚ ਉਸ ਨੂੰ ਮਿਲਦਾ ਕੀ ਹੈ? ਇਕ ਦੇਸੀ ਗਾਂ ਇਕ ਦਿਨ ਚ 2 ਤੋਂ 3 ਲਿਟਰ ਦੁੱਧ, 7-10 ਲਿਟਰ ਗਊਮੂਤਰ ਅਤੇ 10 ਕਿਲੋ ਗੋਹਾ ਦਿੰਦੀ ਹੈ। ਸਾਨ੍ਹ ਦਾ ਗੋਹਾ ਅਤੇ ਗਊਮੂਤਰ ਥੋੜ੍ਹਾ ਜ਼ਿਆਦਾ ਹੁੰਦਾ ਹੈ ਜਦਕਿ ਉਸ ਨੂੰ ਖਾਣ ਲਈ ਸਿਰਫ 5.6 ਕਿਲੋ ਤੂੜੀ ਚਾਹੀਦੀ ਹੈ। ਜੇਕਰ ਦੁੱਧ ਦੀ ਥਾਂ ਕਿਸਾਨ ਗੋਹਾ-ਗਊਮੂਤਰ ਦਾ ਇਸਤੇਮਾਲ ਕਰਨ ਲੱਗਣ ਜਾਂ ਫਿਰ ਸਰਕਾਰ ਪੰਚਾਇਤ ਪੱਧਰ ਤੇ ਕਿਸਾਨਾਂ ਤੋਂ ਗਊਮੂਤਰ ਖਰੀਦਣਾ ਸ਼ੁਰੂ ਕਰ ਦੇਵੇ, ਡੀ. ਏ. ਪੀ.- ਯੂਰੀਆ ਵਾਂਗ ਗੋਹੇ ਦੀ ਖਾਦ ਬਣਾਉਣ ਤੇ ਸਬਸਿਡੀ ਮਿਲਣ ਲੱਗੇ ਤਾਂ ਸਭ ਸਮੱਸਿਆ ਦੂਰ ਹੋ ਜਾਏਗੀ। ਆਈ. ਵੀ. ਆਰ. ਆਈ. ਦੇ ਨਿਊਟ੍ਰੀਸ਼ੀਅਨ ਵਿਭਾਗ ਦੇ ਡਾ. ਪੁਤਾਨ ਸਿੰਘ ਦੱਸਦੇ ਹਨ ਕਿ ਕਿਸਾਨਾਂ ਨੂੰ ਇਸ ਦੀ ਸਮਝ ਨਹੀਂ ਹੈ ਅਤੇ ਨਾ ਹੀ     ਖੇਤੀ  ਬਾਗਵਾਨੀ ਜਾਂ ਫਿਰ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਇਨ੍ਹਾਂ ਦਾ ਮਹੱਤਵ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।

ਫੈੱਡਰੇਸ਼ਨ ਆਫ ਦਿ ਇੰਡੀਅਨ ਐਨੀਮਲ ਪ੍ਰੋਟੈਕਸ਼ਨ ਆਰਗੇਨਾਈਜ਼ੇਸ਼ਨ (ਐੱਫ. ਆਈ. ਏ. ਪੀ. ਓ.) 2018 ਦੇ ਮੁਤਾਬਕ ਹਰ ਗਊਸ਼ਾਲਾ ਨੂੰ ਬਾਇਓਗੈਸ ਪਲਾਂਟ ਲਾਉਣੇ ਚਾਹੀਦੇ ਹਨ। ਇਕ ਬਾਇਓਗੈਸ ਪਲਾਂਟ ਲਾਉਣ ਚ ਲਗਭਗ 5 ਲੱਖ ਰੁਪਏ  ਦੀ ਲਾਗਤ ਆਉਂਦੀ ਹੈ ਅਤੇ ਇਸ ਦੀ ਸਾਂਭ-ਸੰਭਾਲ ਤੇ ਸਾਲਾਨਾ 50 ਹਜ਼ਾਰ ਰੁਪਏ ਖਰਚ ਆਏਗਾ। ਗਊਸ਼ਾਲਾ ਚ 100 ਪਸ਼ੂਆਂ ਨਾਲ ਹਰ ਬਾਇਓਗੈਸ ਪਲਾਂਟ ਤੋਂ ਬਿਜਲੀ ਉਤਪਾਦਨ ਕਰਕੇ ਸਾਲਾਨਾ 4.80 ਲੱਖ ਰੁਪਏ ਲਾਭ ਕਮਾਇਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਉੱਤਰ ਪ੍ਰਦੇਸ਼  ਸਥਿਤ ਚੰਦੋਲੀ ਚ ਰਹਿੰਦੇ ਵੈਟਰਨਰੀ ਡਾ. ਅਰਵਿੰਦ ਵੈਸ਼ ਮੁਤਾਬਕ ਗਾਂ ਦਾ ਗੋਹਾ ਆਪਣੇ ਆਪ ਚ ਕੰਪਲੀਟ ਪਲਾਂਟ ਫੂਡ ਅਤੇ ਸੁਆਇਲ ਕੰਡੀਸ਼ਨਰ ਹੈ, ਜਿਸ ਨੂੰ ਵੇਚ ਕੇ ਕਿਸਾਨ ਚੰਗੀ ਆਮਦਨ ਹਾਸਲ ਕਰ ਸਕਦੇ ਹਨ। ਆਯੁਰਵੇਦ ਮੁਤਾਬਕ ਵੀ ਕਾਓ ਯੂਰਿਨ (ਗਊਮੂਤਰ) ਦਵਾਈ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਉਥੇ ਗਊਮੂਤਰ ਕਈ ਫਸਲਾਂ ਲਈ ਦਵਾਈ ਵਜੋਂ ਇਸਤੇਮਾਲ ਹੁੰਦਾ ਹੈ। ਇਕ ਕਿਸਾਨ ਇਕ ਲਿਟਰ ਦੁੱਧ  ਵੇਚ ਕੇ 50 ਰੁਪਏ ਕਮਾਉਂਦਾ ਹੈ ਜਦਕਿ ਆਮ ਡਿਸਟ੍ਰੀਲੇਸ਼ਨ ਸਿਸਟਮ ਤੋਂ ਕਾਓ ਯੂਰਿਨ ਡਿਸਟਿਲਡ ਕਰਕੇ ਕਿਸਾਨ 300 ਰੁਪਏ ਲਿਟਰ ਯੂਰਿਨ ਵੇਚ ਕੇ ਮੋਟੀ ਕਮਾਈ  ਕਰ ਸਕਦਾ ਹੈ।

ਕੀ ਹੈ ਬੀਜ਼ਮ ਮੈਥਡ

ਨੋਏਡਾ ਸਥਿਤ ਬੀਜ਼ਮ ਐਨੀਮਲ ਫਾਰਮ ਦੀ ਸੰਸਥਾਪਕ ਅਰਪਣਾ ਰਾਜਗੋਪਾਲ ਨੇ ਦੱਸਿਆ ਕਿ ਕੁਝ ਐਨੀਮਲ ਵੈੱਲਫੇਅਰ ਸੰਗਠਨ ਵੱਖ-ਵੱਖ ਤਰੀਕਿਆਂ ਨਾਲ ਕਿਸਾਨਾਂ ਲਈ ਗਾਂ ਦੀ ਉਪਯੋਗਿਤਾ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਬੀਜਮ ਪ੍ਰਾਜੈਕਟ ਬਾਰੇ ਦੱਸਿਆ ਕਿ ਇਹ ਗਾਂ ਦੇ ਗੋਹੇ ਨਾਲ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟਸ ਬਣਾਉਣ ਦਾ ਮੈਥਡ ਹੈ। ਉਨ੍ਹਾਂ ਨੇ ਦੱਸਿਆ ਕਿ ਗਾਂ ਦੇ ਗੋਹੇ ਤੋਂ ਫਲਾਵਰ ਪੋਟਸ, ਅਗਰਬੱਤੀ ਅਤੇ ਪਾਥੀਆਂ ਬਣਾ ਕੇ ਹਰ ਮਹੀਨੇ 15 ਹਜ਼ਾਰ ਰੁਪਏ  ਤਕ ਕਮਾਏ ਜਾ ਸਕਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਨਿਗਮਬੋਧ ਘਾਟ ਤੇ ਹੁਣ ਗਾਂ ਦੇ ਗੋਹੇ ਤੋਂ ਬਣੀਆਂ ਪਾਥੀਆਂ ਅਤੇ ਲੱਕੜ ਦਾ ਇਸਤੇਮਾਲ ਸਸਕਾਰ ਚ ਕੀਤਾ ਜਾਣ ਲੱਗਾ ਹੈ। ਘੱਟ ਧੂੰਏਂ ਅਤੇ ਈਕੋ ਫ੍ਰੈਂਡਲੀ ਹੋਣ ਕਾਰਨ ਨਿਗਮਬੋਧ ਘਾਟ ਹੁਣ ਇਨ੍ਹਾਂ ਪਾਥੀਆਂ ਤੇ ਲੱਕੜਾਂ ਦਾ ਨਿਯਮਿਤ ਆਰਡਰ ਦੇਣ ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹੀ ਨਹੀਂ  ਹੁਣ ਬੁਲ ਪਾਵਰ ਤੇ ਵੀ ਕੰਮ ਕੀਤਾ ਜਾਣ ਲੱਗਾ ਹੈ। ਚਾਰਾ ਕੱਟਣ ਵਾਲੀਆਂ ਮਸ਼ੀਨਾਂ, ਥ੍ਰੈਸ਼ਰ ਮਸ਼ੀਨਾਂ ਅਤੇ ਸਪ੍ਰਿੰਕਲ ਸਿਸਟਮ ਨੂੰ ਚਲਾਉਣ ਲਈ ਸਾਨ੍ਹਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਹਾਲਾਂਕਿ ਕੇਂਦਰ ਸਰਕਾਰ ਵੱਲੋਂ 2019 ਦੇ ਆਮ ਬਜਟ ਚ ਕਾਓ ਵੈੱਲਫੇਅਰ ਲਈ 750 ਕਰੋੜ ਰੁਪਏ ਰੱਖੇ ਗਏ ਹਨ, ਉਥੇ ਜੇਕਰ ਲਾਵਾਰਿਸ ਹਾਲਤ ਚ ਘੁੰਮਣ ਵਾਲੇ ਇਨ੍ਹਾਂ ਪਸ਼ੂਆਂ ਦੀ ਸਹੀ ਉਪਯੋਗਿਤਾ ਦੇ ਤਰੀਕਿਆਂ ਤੇ ਕੰਮ ਕੀਤਾ ਜਾਵੇ ਤਾਂ ਇਨ੍ਹਾਂ ਦੀ ਸਮੱਸਿਆ ਹੱਲ ਹੋ ਸਕਦੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

 

ਸ੍ਰੋਤ: Jagbani